ਧੂਰੀ ਵਿੱਚ ਪਾਣੀ ਨਿਕਾਸੀ ਦੇ ਪ੍ਰਬੰਧਾਂ ਦਾ ਮਾੜਾ ਹਾਲ: ਗੋਲਡੀ
ਸਾਬਕਾ ਵਿਧਾਇਕ ਵੱਲੋਂ ਵੱਖ-ਵੱਖ ਵਾਰਡਾਂ ਦਾ ਦੌਰਾ
Advertisement
ਸਾਬਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਨੇ ਅੱਜ ਸ਼ਹਿਰ ਦੇ ਸਰਕਾਰੀ ਹਸਪਤਾਲ ਤੋਂ ਇਲਾਵਾ ਕੱਕੜਵਾਲ ਚੌਕ, ਕ੍ਰਾਂਤੀ ਚੌਕ, ਦਸਮੇਸ਼ ਨਗਰ ਤੇ ਜਨਤਾ ਨਗਰ ਸਦਰ ਬਾਜ਼ਾਰ ਸਣੇ ਕਈ ਹੋਰ ਵਾਰਡਾਂ ਦਾ ਦੌਰਾ ਕੀਤਾ। ਉਨ੍ਹਾਂ ਕਿਹਾ ਸ਼ਹਿਰ ਅੰਦਰ ਸਰਕਾਰੀ ਇਮਾਰਤਾਂ ਵਿੱਚ ਪਾਣੀ ਭਰ ਚੁੱਕਾ ਹੈ। ਸਰਕਾਰੀ ਹਸਪਤਾਲ ਦਾ ਬੁਰਾ ਹਾਲ ਹੈ ਤੇ ਇੱਥੇ ਪਾਣੀ ਭਰਿਆ ਹੋਇਆ ਹੈ। ਉਨ੍ਹਾਂ ਕਿਹਾ ਭਾਵੇਂ ਧੂਰੀ ਸ਼ਹਿਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਹਲਕਾ ਹੈ ਪਰ ਸ਼ਹਿਰ ਅੰਦਰ ਬਰਸਾਤ ਦੇ ਪਾਣੀ ਨੂੰ ਕੱਢਣ ਲਈ ਕੋਈ ਉਪਰਾਲਾ ਨਹੀਂ ਕੀਤਾ ਗਿਆ ਜਦੋਂ ਕਿ ਉਨ੍ਹਾਂ ਸ਼ਹਿਰ ਦੇ ਪ੍ਰਸ਼ਾਸਨ ਨੂੰ ਵਾਰ ਵਾਰ ਯਾਦ ਕਰਵਾਇਆ ਸੀ ਬਰਸਾਤ ਦੇ ਮੌਸਮ ਵਿਚ ਨਿਕਾਸੀ ਪ੍ਰਬੰਧ ਕੀਤੇ ਜਾਣ। ਅਫ਼ਸੋਸ ਕਿਸੇ ਵੀ ਸਰਕਾਰੀ ਅਧਿਕਾਰੀਆਂ ਨੇ ਉਨ੍ਹਾਂ ਦੀ ਗੱਲ ਨਹੀਂ ਸੁਣੀ ਉਪਰੋਂ ਹੁਣ ਜਦ ਸ਼ਹਿਰ ਦੇ ਹਰ ਹਿੱਸੇ ਵਿੱਚ ਪਾਣੀ ਹੈ ਨਾ ਹੁਣ ਅਧਿਕਾਰੀ ਤੇ ਨਾ ਹੀ ‘ਆਪ’ ਆਗੂ ਲੋਕਾਂ ਦੀ ਸਾਰ ਲੈ ਰਹੇ ਹਨ। ਉਨ੍ਹਾਂ ਪ੍ਰਸ਼ਾਸਨ ਨੂੰ ਚਿਤਾਵਨੀ ਦਿੰਦਿਆਂ ਕਿਹਾ ਜੇਕਰ ਜਲਦੀ ਬਰਸਾਤ ਦਾ ਪਾਣੀ ਕੱਢਣ ਦੇ ਉਪਰਾਲੇ ਨਾ ਕੀਤੇ ਗਏ ਤਾਂ ਉਹ ਧਰਨਾ ਲਾਉਣ ਲਈ ਮਜਬੂਰ ਹੋਣਗੇ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਕਿਸੇ ਵੀ ਵਿਅਕਤੀ ਨੂੰ ਬਰਸਾਤ ਦੇ ਪਾਣੀ ਜਾਂ ਹੋਰ ਕੋਈ ਮੁਸ਼ਕਲ ਆਉਂਦੀ ਹੈ ਉਨ੍ਹਾਂ ਦੀ ਟੀਮ ਤੋਂ ਮਦਦ ਲੈ ਸਕਦਾ। ਕਾਰਜਸਾਧਕ ਅਫ਼ਸਰ ਗੁਰਿੰਦਰ ਸਿੰਘ ਨੇ ਕਿਹਾ ਮੀਂਹ ਜ਼ਿਆਦਾ ਪੈਣ ਕਾਰਨ ਪਾਣੀ ਦੀ ਨਿਕਾਸੀ ਵਿੱਚ ਸਮੱਸਿਆ ਆ ਰਹੀ ਹੈ ਪਰ ਉਨ੍ਹਾਂ ਦੀਆਂ ਟੀਮਾਂ ਪਾਣੀ ਕੱਢਣ ਵਿੱਚ ਜੁਟੀਆਂ ਹੋਈਆਂ ਹਨ।
Advertisement
Advertisement