ਪਰਾਲੀ ਸਾੜਨ ਤੋਂ ਰੋਕਣ ਆਈ ਪੁਲੀਸ ਟੀਮ ਘੇਰੀ
ਪਿੰਡ ਲੱਡੀ ਵਿੱਚ ਪਰਾਲੀ ਸਾੜਨ ਤੋਂ ਰੋਕਣ ਪੁੱਜੀ ਪੁਲੀਸ ਟੀਮ ਅਤੇ ਕਿਸਾਨਾਂ ਦਰਮਿਆਨ ਉਸ ਸਮੇਂ ਮਾਹੌਲ ਭਖ਼ ਗਿਆ, ਜਦੋਂ ਪੁਲੀਸ ਦੀਆਂ ਗੱਡੀਆਂ ਦਾ ਕਿਸਾਨਾਂ ਨੇ ਘਿਰਾਓ ਕਰ ਲਿਆ। ਕਿਸਾਨਾਂ ਨੇ ਖੇਤ ਵਾਲੀ ਪਹੀ ’ਤੇ ਦੋ ਪਹੀਆ ਵਾਹਨ ਖੜ੍ਹੇ ਕਰਕੇ ਪੁਲੀਸ ਦੀਆਂ ਗੱਡੀਆਂ ਰੋਕੀਆਂ ਅਤੇ ਗੱਡੀਆਂ ਦੇ ਅੱਗੇ ਲੰਮੇ ਪੈ ਗਏ। ਲੰਮਾ ਸਮਾਂ ਕਿਸਾਨਾਂ ਅਤੇ ਪੁਲੀਸ ਵਿਚਕਾਰ ਤਕਰਾਰਬਾਜ਼ੀ ਹੁੰਦੀ ਰਹੀ।
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਸੰਗਰੂਰ ਦੇ ਜਨਰਲ ਸਕੱਤਰ ਜਗਤਾਰ ਸਿੰਘ ਲੱਡੀ ਨੇ ਦੱਸਿਆ ਕਿ ਚਾਰ ਦਿਨ ਪਹਿਲਾਂ ਸਿਵਲ ਤੇ ਪੁਲੀਸ ਵਿਭਾਗ ਦੀ ਸਰਕਾਰੀ ਟੀਮ ਪਿੰਡ ਲੱਡੀ ਵਿੱਚ ਕਿਸਾਨਾਂ ਖ਼ਿਲਾਫ਼ ਕਾਰਵਾਈ ਕਰਨ ਪੁੱਜੀ ਸੀ ਪਰ ਕਿਸਾਨਾਂ ਨੇ ਟੀਮ ਦਾ ਘਿਰਾਓ ਕਰ ਲਿਆ ਅਤੇ ਕਰੀਬ ਦੋ ਘੰਟੇ ਤੱਕ ਜਾਰੀ ਰੱਖਿਆ। ਉਨ੍ਹਾਂ ਦੋਸ਼ ਲਾਇਆ ਕਿ ਇਸੇ ਰੰਜਿਸ਼ ਕਾਰਨ ਲੰਘੇ ਦਿਨ ਪੁਲੀਸ ਇੱਕ ਕਿਸਾਨ ਦੇ ਖੇਤ ਵਿਚ ਪੁੱਜੀ, ਜਿੱਥੇ ਪਰਾਲੀ ਸਾੜਨ ਦੇ ਦੋਸ਼ ਹੇਠ ਇੱਕ ਮਜ਼ਦੂਰ ਨੂੰ ਹਿਰਾਸਤ ਵਿਚ ਲੈ ਕੇ ਗੱਡੀ ਵਿਚ ਬਿਠਾ ਲਿਆ। ਜਿਉਂ ਹੀ ਕਿਸਾਨਾਂ ਨੂੰ ਪਤਾ ਲੱਗਿਆ ਤਾਂ ਉਨ੍ਹਾਂ ਖੇਤ ਦੇ ਪਹੀ ਵਿਚ ਦੋ ਪਹੀਆ ਵਾਹਨ ਖੜ੍ਹੇ ਕਰਕੇ ਪੁਲੀਸ ਦੀਆਂ ਗੱਡੀਆਂ ਰੋਕ ਲਈਆਂ।
ਪੁਲੀਸ ਦੇ ਇੱਕ ਡੀ ਐੱਸ ਪੀ ਨੇ ਸਕੂਟੀ ਅਤੇ ਮੋਟਰਸਾਈਕਲ ਰਾਹ ’ਚੋਂ ਹਟਾਉਂਦਿਆਂ ਖੇਤਾਂ ਵਿੱਚ ਸੁੱਟ ਦਿੱਤੇ, ਜਿਸ ਕਾਰਨ ਕਿਸਾਨ ਆਗੂ ਚਮਕੌਰ ਸਿੰਘ ਲੱਡੀ ਤੇ ਹੋਰ ਕਿਸਾਨ ਪੁਲੀਸ ਦੀਆਂ ਗੱਡੀਆਂ ਅੱਗੇ ਲੰਮੇ ਪੈ ਗਏ ਅਤੇ ਪੁਲੀਸ ਦੀਆਂ ਗੱਡੀਆਂ ਰੋਕੀ ਰੱਖੀਆਂ। ਇਸ ਮੌਕੇ ਪੁਲੀਸ ਅਤੇ ਕਿਸਾਨਾਂ ਵਿਚਕਾਰ ਤਕਰਾਰਬਾਜ਼ੀ ਵੀ ਹੋਈ। ਕਿਸਾਨ ਮੰਗ ਕਰ ਰਹੇ ਸਨ ਕਿ ਹਿਰਾਸਤ ਵਿੱਚ ਲਏ ਮਜ਼ਦੂਰ ਨੂੰ ਛੱਡਿਆ ਜਾਵੇ। ਕਾਫ਼ੀ ਸਮੇਂ ਮਗਰੋਂ ਗੱਲਬਾਤ ਨਾਲ ਮਾਮਲਾ ਸ਼ਾਂਤ ਹੋਇਆ।
ਡੀ ਐੱਸ ਪੀ ਦਫ਼ਤਰ ਦਾ ਕਰਨਗੇ ਘਿਰਾਓ 10 ਨੂੰ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਗੰਢੂਆਂ ਅਤੇ ਜਨਰਲ ਸਕੱਤਰ ਦਰਬਾਰਾ ਸਿੰਘ ਛਾਜਲਾ ਦੀ ਅਗਵਾਈ ਹੇਠ ਮਾਮਲੇ ਦਾ ਗੰਭੀਰ ਨੋਟਿਸ ਲੈਂਦਿਆਂ ਸੁਨਾਮ ਵਿੱਚ ਅਹਿਮ ਮੀਟਿੰਗ ਕੀਤੀ ਗਈ। ਆਗੂਆਂ ਨੇ ਦੋਸ਼ ਲਾਇਆ ਕਿ ਪਿੰਡ ਲੱਡੀ ਵਿੱਚ ਸੰਗਰੂਰ ਪੁਲੀਸ ਦੇ ਡੀ ਐੱਸ ਪੀ ਨੇ ਕਿਸਾਨਾਂ ਨਾਲ ਗਲਤ ਵਿਵਹਾਰ ਕੀਤਾ ਗਿਆ ਅਤੇ ਧਮਕੀਆਂ ਵੀ ਦਿੱਤੀਆਂ ਗਈਆਂ, ਜਿਸ ਦੀ ਜਥੇਬੰਦੀ ਪੁਰਜ਼ੋਰ ਨਿਖੇਧੀ ਕਰਦੀ ਹੈ। ਆਗੂਆਂ ਨੇ ਐਲਾਨ ਕੀਤਾ ਕਿ 10 ਨਵੰਬਰ ਨੂੰ ਡੀ ਐੱਸ ਪੀ ਸੰਗਰੂਰ ਦੇ ਦਫ਼ਤਰ ਦਾ ਘਿਰਾਓ ਕਰਕੇ ਇੱਕ ਰੋਜ਼ਾ ਧਰਨਾ ਦਿੱਤਾ ਜਾਵੇਗਾ। ਮੀਟਿੰਗ ਵਿੱਚ ਯੂਨੀਅਨ ਆਗੂ ਦਰਸ਼ਨ ਸਿੰਘ ਚੰਗਾਲੀਵਾਲਾ, ਬਹਾਦਰ ਸਿੰਘ ਭੁਟਾਲ ਖੁਰਦ, ਜਗਤਾਰ ਸਿੰਘ ਲੱਡੀ, ਜਸਵੰਤ ਸਿੰਘ ਤੋਲਾਵਾਲ, ਹਰਬੰਸ ਸਿੰਘ ਲੱਡਾ, ਭਰਪੂਰ ਸਿੰਘ ਮੌੜਾਂ, ਰੋਸ਼ਨ ਮੂਨਕ ਅਤੇ ਕਰਨੈਲ ਸਿੰਘ ਗਨੋਟਾ ਹਾਜ਼ਰ ਸਨ।
ਪਰਾਲੀ ਸਾੜਨ ਦੇ ਦੋਸ਼ ਹੇਠ 12 ਕਿਸਾਨਾਂ ਖ਼ਿਲਾਫ਼ ਕੇਸ ਦਰਜ
ਸਮਾਣਾ (ਸੁਭਾਸ਼ ਚੰਦਰ): ਸਮਾਣਾ ਅਤੇ ਘੱਗਾ ਪੁਲੀਸ ਨੇ ਝੋਨੇ ਦੀ ਪਰਾਲੀ ਦੇ ਰਹਿੰਦ-ਖੂੰਹਦ ਨੂੰ ਅੱਗ ਲਗਾ ਕੇ ਜ਼ਿਲ੍ਹਾ ਮੈਜਿਸਟਰੇਟ ਦੇ ਹੁਕਮਾਂ ਦੀ ਉਲੰਘਣਾ ਕਰਨ ਦੇ ਦੋਸ਼ ਹੇਠ ਪਿੰਡ ਕਲਵਾਣੂ ਦੇ ਵਸਨੀਕ ਗੁਰਜੰਟ ਸਿੰਘ ਸਣੇ ਵੱਖ-ਵੱਖ ਪਿੰਡਾਂ ਦੇ 12 ਕਿਸਾਨਾਂ ਖ਼ਿਲਾਫ਼ ਭਾਰਤੀ ਨਿਆ ਸੰਹਿਤਾ ਦੀ ਧਾਰਾ 223 ਤਹਿਤ ਕੇਸ ਦਰਜ ਕੀਤੇ ਹਨ। ਸਦਰ ਸਮਾਣਾ ਪੁਲੀਸ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਸੈਟੇਲਾਈਟ ਲੋਕੇਸ਼ਨ ਦੇ ਆਧਾਰ ’ਤੇ ਵੱਖ-ਵੱਖ ਪੁਲੀਸ ਪਾਰਟੀਆਂ ਨੇ ਪਿੰਡ ਧਨੇਠਾ, ਫਤਿਹ ਮਾਜਰੀ ਅਤੇ ਕਲਬੁਰਛਾਂ ਵਿੱਚ ਮੌਕੇ ’ਤੇ ਜਾ ਕੇ ਦੇਖਿਆ ਤਾਂ ਇਨ੍ਹਾਂ ਪਿੰਡਾਂ ਦੇ ਚਾਰ ਖੇਤਾਂ ਵਿੱਚ ਅੱਗ ਲੱਗੀ ਹੋਈ ਸੀ। ਜ਼ਿਲ੍ਹਾ ਮੈਜਿਸਟਰੇਟ ਦੇ ਹੁਕਮਾਂ ਦੀ ਉਲੰਘਣਾ ਮੰਨਦਿਆਂ ਚਾਰ ਅਣਪਛਾਤੇ ਕਿਸਾਨਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ। ਇਸੇ ਤਰ੍ਹਾਂ ਘੱਗਾ ਪੁਲੀਸ ਤੋਂ ਪ੍ਰਾਪਤ ਜਾਣਕਾਰੀ ਮੁਤਾਬਕ ਸੈਟੇਲਾਈਟ ਲੋਕੇਸ਼ਨ ਦੇ ਆਧਾਰ ’ਤੇ ਪੁਲੀਸ ਟੀਮਾਂ ਨੇ ਪਿੰਡ ਜੈਖਰ, ਜਲਾਲਪੁਰ ਦਫ਼ਤਰੀਵਾਲਾ, ਡਰੋਲੀ, ਘੱਗਾ, ਸੀਯੂਨਾ ਅਤੇ ਕਲਵਾਣੂ ਸਮੇਤ ਕੁੱਲ ਅੱਠ ਪਿੰਡਾਂ ਵਿੱਚ ਮੌਕੇ ’ਤੇ ਜਾ ਕੇ ਖੇਤਾਂ ਵਿੱਚ ਅੱਗ ਲੱਗੀ ਪਾਈ। ਪੁਲੀਸ ਨੇ ਅਣਪਛਾਤੇ ਕਿਸਾਨਾਂ ਖ਼ਿਲਾਫ਼ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
