ਪੁਲੀਸ ਨੇ ਭਾਜਪਾ ਦੇ ਹਲਕਾ ਇੰਚਾਰਜ ਨੂੰ ਮੀਟਿੰਗ ਕਰਨ ਤੋਂ ਰੋਕਿਆ
ਭਾਜਪਾ ਦੇ ਹਲਕਾ ਇੰਚਾਰਜ ਨਰਾਇਣ ਸਿੰਘ ਨਰਸੋਤ ਵੱਲੋਂ ਹਲਕਾ ਸ਼ੁਤਰਾਣਾ ਵਿੱਚ ਕੇਂਦਰ ਸਰਕਾਰ ਦੀਆਂ ਭਲਾਈ ਯੋਜਨਾਵਾਂ ਦਾ ਲਾਭ ਲੋਕਾਂ ਤੱਕ ਪਹੁੰਚਾਉਣ ਦੇ ਮਕਸਦ ਨਾਲ ਲਗਾਏ ਜਾ ਰਹੇ ਜਾਗਰੂਕਤਾ ਕੈਂਪਾਂ ਅਤੇ ਮੀਟਿੰਗਾਂ ’ਤੇ ਪ੍ਰਸ਼ਾਸਨ ਨੇ ਰੋਕ ਲਾ ਦਿੱਤੀ ਹੈ। ਅੱਜ ਉਨ੍ਹਾਂ ਦੇ ਘਰ ਪੁੱਜੀ ਪੁਲੀਸ ਨੇ ਮੀਟਿੰਗ ਤੋਂ ਮਨ੍ਹਾਂ ਕਰ ਦਿੱਤਾ। ਭਾਜਪਾ ਦੇ ਹਲਕਾ ਇੰਚਾਰਜ ਨਰਾਇਣ ਸਿੰਘ ਨਰਸੋਤ ਨੇ ਦੱਸਿਆ ਕਿ ਉਹ ਪਾਰਟੀ ਦੇ ਸਰਕਲ ਪ੍ਰਧਾਨ ਸਤੀਸ਼ ਗਰਗ, ਸਾਬਕਾ ਸਰਕਲ ਪ੍ਰਧਾਨ ਲਾਲ ਚੰਦ ਲਾਲੀ ਨਾਲ ਆਪਣੇ ਘਰ ਬੈਠ ਕੇ ਪਾਰਟੀ ਦੀ ਨੀਤੀਆਂ ਸਬੰਧੀ ਵਿਚਾਰ ਵਟਾਂਦਰਾ ਕਰ ਰਹੇ ਸਨ।
ਥਾਣਾ ਮੁਖੀ ਪਾਤੜਾਂ ਇੰਸਪੈਕਟਰ ਬਲਵਿੰਦਰ ਸਿੰਘ ਵੱਡੀ ਗਿਣਤੀ ਵਿੱਚ ਪੁਲੀਸ ਫੋਰਸ ਲੈ ਕੇ ਉਨ੍ਹਾਂ ਦੇ ਘਰ ਪਹੁੰਚ ਗਏ ਅਤੇ ਬਿਨਾਂ ਮਨਜ਼ੂਰੀ ਤੋਂ ਪਾਰਟੀ ਦੀ ਕੋਈ ਵੀ ਗਤੀਵਿਧੀ ਨਾ ਕਰਨ ਲਈ ਕਿਹਾ। ਭਾਜਪਾ ਆਗੂ ਨੇ ਕਿਹਾ ਕਿ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਸੂਬੇ ਵਿੱਚ ਭਾਜਪਾ ਦੀ ਦਿਨੋ ਦਿਨ ਵੱਧਦੀ ਲੋਕਪ੍ਰੀਯਤਾ ਤੋਂ ਬੁਖਲਾਹਟ ਵਿੱਚ ਆ ਗਈ ਹੈ। ਲੋਕਤੰਤਰ ਵਿੱਚ ਰਹਿ ਕੇ ਕੀਤੀਆਂ ਜਾ ਰਹੀਆਂ ਪਾਰਟੀ ਸਰਗਰਮੀਆਂ ਨੂੰ ਰੋਕਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪਹਿਲਾਂ ਪੁਲੀਸ ਪ੍ਰਸ਼ਾਸਨ ਵੱਲੋਂ ਮਨਜ਼ੂਰੀ ਦੇ ਬਹਾਨੇ ਪਾਰਟੀ ਵੱਲੋਂ ਕੇਂਦਰ ਸਰਕਾਰ ਦੀਆਂ ਲੋਕ ਭਲਾਈ ਦੀਆਂ ਸਕੀਮਾਂ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਲਗਾਏ ਜਾ ਰਹੇ ਕੈਂਪਾਂ ਨੂੰ ਜਬਰੀ ਰੋਕਿਆ ਗਿਆ ਹੈ ਅਤੇ ਹੁਣ ਘਰਾਂ ਵਿੱਚ ਬੈਠ ਕੇ ਆਪਣਾ ਕੰਮ ਕਰ ਰਹੇ ਆਗੂਆਂ ਨੂੰ ਵੀ ਜਬਰੀ ਡਰਾਇਆ ਜਾ ਰਿਹਾ ਹੈ। ਥਾਣਾ ਮੁਖੀ ਬਲਵਿੰਦਰ ਸਿੰਘ ਨੇ ਕਿਹਾ ਹੈ ਕਿ ਭਾਜਪਾ ਵੱਲੋਂ ਬਿਨਾਂ ਮਨਜ਼ੂਰੀ ਤੋਂ ਮੀਟਿੰਗਾਂ ਤੇ ਕੈਂਪ ਨਾ ਲਾਉਣ ਤੋਂ ਮਨਾਂ ਕੀਤਾ ਗਿਆ ਸੀ। ਸੂਚਨਾ ਮਿਲੀ ਸੀ ਕਿ ਭਾਜਪਾ ਆਗੂ ਮੀਟਿੰਗ ਕਰ ਰਹੇ ਹਨ। ਪੁਲੀਸ ਪਾਰਟੀ ਮੌਕੇ ਗਈ ਸੀ। ਉੱਥੇ ਮੌਜੂਦ ਭਾਜਪਾ ਆਗੂਆਂ ਨੇ ਭਰੋਸਾ ਦਿੱਤਾ ਹੈ ਕਿ ਸਰਕਾਰ ਦੀ ਮਨਜ਼ੂਰੀ ਤੋਂ ਬਿਨਾਂ ਕੋਈ ਮੀਟਿੰਗ ਨਹੀਂ ਕੀਤੀ ਜਾਵੇ।
ਜਮਹੂਰੀਅਤ ਦਾ ਘਾਣ ਕਰ ਰਹੀ ਹੈ ਸਰਕਾਰ: ਅਰਵਿੰਦ ਖੰਨਾ
ਸੰਗਰੂਰ (ਨਿੱਜੀ ਪੱਤਰ ਪ੍ਰੇਰਕ): ਪੰਜਾਬ ਭਾਜਪਾ ਦੇ ਮੀਤ ਪ੍ਰਧਾਨ ਅਤੇ ਸਾਬਕਾ ਵਿਧਾਇਕ ਅਰਵਿੰਦ ਖੰਨਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਕੋਲ ਲੋਕਾਂ ਨਾਲ ਗੱਲਬਾਤ ਕਰਨ ਦਾ ਹੁਣ ਕੋਈ ਠੋਸ ਮੁੱਦਾ ਨਹੀਂ ਰਿਹਾ, ਜਿਸ ਕਾਰਨ ਹੀ ਇਹ ਕੇਂਦਰ ਵਿੱਚ ਸਫ਼ਲਤਾ ਨਾਲ ਸਰਕਾਰ ਚਲਾ ਰਹੀ ਭਾਰਤੀ ਜਨਤਾ ਪਾਰਟੀ ਖਿਲਾਫ਼ ਝੂਠਾ ਪ੍ਰਚਾਰ ਕਰਨ ਵਰਗੀਆਂ ਕੋਝੀਆਂ ਹਰਕਤਾਂ ’ਤੇ ਉੱਤਰ ਆਈ ਹੈ। ਉਨ੍ਹਾਂ ਕਿਹਾ ਕਿ ਭਾਜਪਾ ਆਗੂਆਂ ਅਤੇ ਵਰਕਰਾਂ ਨੂੰ ਗ੍ਰਿਫਤਾਰ ਕਰਵਾ ਕੇ ਇਸ ਸਰਕਾਰ ਨੇ ਲੋਕਤੰਤਰ ਦੇ ਅਧਿਕਾਰਾਂ ਦਾ ਘਾਣ ਕੀਤਾ ਹੈ। ਸ਼੍ਰੀ ਖੰਨਾ ਨੇ ਕਿਹਾ ਕਿ ਅਸਲ ਵਿੱਚ ਆਮ ਆਦਮੀ ਪਾਰਟੀ ਇਹ ਮਹਿਸੂਸ ਕਰ ਚੁੱਕੀ ਹੈ ਕਿ ਝੂਠੀਆਂ ਗਾਰੰਟੀਆਂ ਦੇ ਸਹਾਰੇ ਬੇਸ਼ੱਕ ਉਸ ਨੇ ਇੱਕ ਵਾਰ ਸੱਤਾ ਤਾਂ ਹਾਸਲ ਕਰ ਲਈ ਸੀ ਪਰ ਹੁਣ ਕਿਸ ਮੂੰਹ ਨਾਲ ਲੋਕਾਂ ਦੀ ਕਚਿਹਰੀ ਵਿੱਚ ਵੋਟਾਂ ਮੰਗਣ ਜਾਣਗੇ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਕੋਲ ਇੱਕ ਵੀ ਅਜਿਹਾ ਮੁੱਦਾ ਨਹੀਂ ਹੈ ਜਿਸ ਸਬੰਧੀ ਉਹ ਦ੍ਰਿੜਤਾ ਨਾਲ ਲੋਕ ਕਚਹਿਰੀ ਵਿੱਚ ਕੋਈ ਦਾਅਵਾ ਕਰ ਸਕਦੀ ਹੋਵੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਇੱਕ ਜਿੰਮੇਵਾਰ ਸੰਵਿਧਾਨਿਕ ਆਹੁਦੇ ਤੇ ਬੈਠ ਕੇ ਝੂਠ ਬੋਲ ਰਹੇ ਹਨ ਕਿ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਲੋਕਾਂ ਦੇ ਰਾਸ਼ਨ ਕਾਰਡਾਂ ਵਿੱਚ ਕਟੌਤੀ ਕੀਤੀ ਹੈ ਜਦਕਿ ਅਸਲੀਅਤ ਇਹ ਹੈ ਕਿ ਪੰਜਾਬ ਸਰਕਾਰ ਆਪਣੇ ਵਾਅਦਿਆਂ ਮੁਤਾਬਿਕ ਲੋੜਵੰਦ ਲੋਕਾਂ ਨੂੰ ਸਹੂਲਤਾਂ ਮੁਹੱਈਆ ਕਰਵਾਉਣ ਵਿੱਚ ਅਸਫ਼ਲ ਰਹੀ ਹੈ। ਖੰਨਾ ਨੇ ਕਿਹਾ ਕਿ ਆਪਣੀਆਂ ਇਨ੍ਹਾਂ ਨਾਕਾਮੀਆਂ ਨੂੰ ਛੁਪਾਉਣ ਲਈ ਹੀ ਪੰਜਾਬ ਸਰਕਾਰ ਭਾਜਪਾ ਆਗੂਆਂ ਵੱਲੋਂ ਲੋਕ ਹਿੱਤ ਵਿੱਚ ਕੀਤੀਆਂ ਜਾਂਦੀਆਂ ਮੀਟਿੰਗਾਂ ਨੂੰ ਰੋਕਣ ਲਈ ਫੁਰਮਾਨ ਜਾਰੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਆਗੂਆਂ ਅਤੇ ਵਰਕਰਾਂ ਨੂੰ ਗ੍ਰਿਫਤਾਰ ਕਰਵਾ ਕੇ ਇਸ ਸਰਕਾਰ ਨੇ ਲੋਕਤੰਤਰ ਦੇ ਅਧਿਕਾਰਾਂ ਦਾ ਘਾਣ ਕੀਤਾ ਹੈ। ਉਨ੍ਹਾਂ ਕਿਹਾ ਕਿ ਧੱਕੇ ਨਾਲ ਜੁਬਾਨਾਂ ਬੰਦ ਕਰਵਾਉਣ ਨਾਲ ਸਚਾਈ ਨਹੀਂ ਲੁਕ ਸਕਦੀ। ਇਹ ਗੱਲ ਸਰਕਾਰ ਨੂੰ ਸਮਝ ਲੈਣੀ ਚਾਹੀਦੀ ਹੈ।