ਪੁਲੀਸ ਨੇ ਕਿਸਾਨ ਆਗੂਆਂ ਨੂੰ ਐਨ ਜੀ ਟੀ ਚੇਅਰਮੈਨ ਨਾਲ ਮੁਲਾਕਾਤ ਲਈ ਜਾਣ ਤੋਂ ਰੋਕਿਆ
ਭਾਰਤੀ ਕਿਸਾਨ ਯੂਨੀਅਨ ਏਕਤਾ (ਮਲਵਈ) ਦੇ ਸੂਬਾ ਆਗੂਆਂ ਨੇ ਕਿਹਾ ਕਿ ਪੰਜਾਬ ਪੁਲੀਸ ਨੇ ਜਥੇਬੰਦੀ ਨੂੰ ਨੈਸ਼ਨਲ ਗਰੀਨ ਟ੍ਰਿਬਿਊਨਲ (ਐਨਜੀਟੀ) ਦੇ ਚੇਅਰਮੈਨ ਰਾਕੇਸ਼ ਕੁਮਾਰ ਨਾਲ ਮਿਲਣ ਤੋਂ ਰੋਕ ਕੇ ਕਿਸਾਨਾਂ ਦੇ ਸੰਵਿਧਾਨਕ ਹੱਕਾਂ ਦਾ ਉਲੰਘਣ ਕੀਤਾ ਹੈ। ਐਨਜੀਟੀ ਚੇਅਰਮੈਨ ਰਾਕੇਸ਼ ਕੁਮਾਰ ਨਾਲ ਆਗੂਆਂ ਨੇ ਪਿੰਡ ਖੰਡੇਬਾਦ ਨੇੜੇ ਵਰਬਿਓ ਪਲਾਂਟ ਵਿਖੇ ਅੱਜ ਪਰਾਲੀ ਪ੍ਰਬੰਧਨ ਅਤੇ ਪਰਾਲੀ ਜਲਾਉਣ ਵਾਲੇ ਕਿਸਾਨਾਂ ’ਤੇ ਦਰਜ ਪਰਚੇ ਅਤੇ ਜੁਰਮਾਨੇ ਰੱਦ ਕਰਨ ਬਾਰੇ ਚਰਚਾ ਕਰਨੀ ਸੀ। ਜਥੇਬੰਦੀ ਦੇ ਸੂਬਾ ਆਗੂ ਧਰਮਿੰਦਰ ਸਿੰਘ ਪਸ਼ੌਰ ਨੇ ਦੱਸਿਆ ਕਿ ਪੁਲੀਸ ਨੇ ਆਗੂਆਂ ਨੂੰ ਭਾਰੀ ਫੋਰਸ ਲਾ ਕੇ ਥਾਈਂ ਰੋਕ ਕੇ ਚੇਅਰਮੈਨ ਨੂੰ ਮਿਲਣ ਨਹੀਂ ਦਿੱਤਾ ਜਿਸ ਦੇ ਵਿਰੋਧ ਵਜੋਂ ਕਿਸਾਨਾਂ ਨੇ ਪਿੰਡ ਰਾਮਗੜ੍ਹ ਸੰਧੂਆਂ ਦੀ ਅਨਾਜ ਮੰਡੀ ਵਿੱਚ ਵੱਡਾ ਧਰਨਾ ਦਿੱਤਾ ਤੇ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ।
ਕਿਸਾਨ ਆਗੂਆਂ ਨੇ ਕਿਹਾ ਕਿ ਸਰਕਾਰ ਪਰਾਲੀ ਦੇ ਪ੍ਰਦੂਸ਼ਣ ਬਾਰੇ ਗੱਲ ਕਰਦੀ ਹੈ ਪਰ ਉਦਯੋਗ ਤੇ ਵਾਹਨਾਂ ਦੇ ਪ੍ਰਦੂਸ਼ਣ ਨੂੰ ਅਣਦੇਖਿਆ ਕਰਦੀ ਹੈ। ਐਨਜੀਟੀ ਨੇ ਹੈਪੀ ਸੀਡਰ ਤੇ ਬੇਲਰ ’ਤੇ 100% ਸਬਸਿਡੀ ਤੇ ਲੋਨ ਮੁਆਫ਼ੀ ਦੇ ਨਿਰਦੇਸ਼ ਦਿੱਤੇ ਪਰ ਸਰਕਾਰ ਨੇ ਪ੍ਰਬੰਧ ਕਰਨ ਦੀ ਬਜਾਏ ਕੱਲੇ ਮਾਲਵੇ ਦੇ 12,000 ਤੋਂ ਵੱਧ ਕਿਸਾਨਾਂ ’ਤੇ ਐੱਫਆਈਆਰਾਂ ਦਰਜ ਕਰ ਦਿੱਤੀਆਂ ਅਤੇ ਜੁਰਮਾਨੇ ਵੀ ਲਾ ਦਿੱਤੇ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਕਿਸਾਨਾਂ ਉੱਪਰ ਦਰਜ ਪਰਚੇ ਰੱਦ ਨਾ ਕਰਵਾਏ, ਕਿਸਾਨਾਂ ਉੱਪਰ ਪੁਲੀਸੀਆ ਜਬਰ ਕਰਨਾ ਬੰਦ ਨਾ ਕੀਤਾ ਅਤੇ ਕਿਸਾਨਾਂ ਨੂੰ ਰਾਹਤ ਪੈਕੇਜ ਨਾ ਦਿੱਤਾ ਤਾਂ ਉਹ ‘ਆਪ’ ਸਰਕਾਰ ਦੇ ਨੁਮਾਇੰਦਿਆਂ ਦਾ ਪਿੰਡਾਂ ਵਿੱਚ ਵੜਨਾ ਬੰਦ ਕਰ ਦੇਣਗੇ।
ਅੱਜ ਦੇ ਰੋਸ ਧਰਨੇ ਨੂੰ ਸੂਬਾ ਆਗੂ ਧਰਮਿੰਦਰ ਸਿੰਘ ਭਾਈ ਕੀ ਪਿਸ਼ੌਰ, ਸੂਬਾ ਸਿੰਘ ਸੰਗਤਪੁਰਾ, ਰਾਮਪਾਲ ਸ਼ਰਮਾ ਸੁਨਾਮ ਹਰਜਿੰਦਰ ਨੰਗਲਾ ਨੇ ਸਬੋਧਨ ਕੀਤਾ।
