ਨੌਜਵਾਨਾਂ ’ਤੇ ਝੂਠੇ ਪਰਚੇ ਪਾਉਣ ਤੋਂ ਬਾਜ ਆਵੇ ਪੁਲੀਸ, ਧੱਕੇਸ਼ਾਹੀ ਨਹੀਂ ਕੀਤੀ ਜਾਵੇਗੀ ਬਰਦਾਸ਼ਤ: ਰਣ ਸਿੰਘ ਚੱਠਾ
ਬੀਕੇਯੂ ਏਕਤਾ ਸਿੱਧੂਪੁਰ ਦੇ ਜ਼ਿਲ੍ਹਾ ਪ੍ਰਧਾਨ ਰਣ ਸਿੰਘ ਚੱਠਾ ਨੇ ਪੁਲੀਸ ਵੱਲੋਂ ਪਿੰਡ ਖਾਈ ਦੇ ਨੌਜਵਾਨਾਂ ਤੇ ਕਿਸੇ ਦਬਾਅ ਹੇਠ ਝੂਠੇ ਪਰਚੇ ਪਾ ਕੇ ਤੰਗ ਪਰੇਸ਼ਾਨ ਕਰਨ ਦੀ ਨਿੰਦਾ ਕਰਦਿਆਂ ਕਿਹਾ ਕਿ ਇਹ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਰਣ ਸਿੰਘ ਚੱਠਾ ਨੇ ਕਿਹਾ ਕਿ ਕਈ ਮਹੀਨੇ ਪਹਿਲਾਂ ਕਿਸੇ ਜ਼ਮੀਨੀ ਵਿਵਾਦ ਦੇ ਚਲਦਿਆਂ ਥਾਣਾ ਲਹਿਰਾ ਦੇ ਪਿੰਡ ਖਾਈ ਦੇ ਮਾਸਟਰ ਨਿਰਭੈ ਸਿੰਘ ’ਤੇ ਹਮਲਾ ਕਰਕੇ ਲੱਤਾਂ ਬਾਹਾਂ ਤੋੜ ਦਿੱਤੀਆਂ ਗਈਆਂ ਸੀ ਜਿਸ ਨੂੰ ਲੈ ਕੇ ਕਈ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਹੋਇਆ ਸੀ ਪਰ ਕੁੱਝ ਅਖੌਤੀ ਕਿਸਾਨ ਜਥੇਬੰਦੀਆਂ ਵੱਲੋਂ ਪਿੰਡ ਖਾਈ ਦੇ ਦੋ ਨੌਜਵਾਨਾਂ ਮਨਜੀਤ ਸਿੰਘ ਤੇ ਸਮਿੰਦਰਦੀਪ ਸਿੰਘ ਸ਼ੰਮੀ ਨੂੰ ਉਕਤ ਪਰਚੇ ’ਚ ਸ਼ਾਮਿਲ ਕਰਨ ਲਈ ਪੁਲੀਸ ਪ੍ਰਸ਼ਾਸਨ ’ਤੇ ਦਬਾਅ ਪਾਇਆ ਜਾਂਦਾ ਰਿਹਾ ਜਦੋਂਕਿ ਪੁਲੀਸ ਵੱਲੋਂ ਬਰੀਕੀ ਨਾਲ ਕੀਤੀ ਜਾਂਚ ਉਕਤ ਦੋਵੇਂ ਨੌਜਵਾਨ ਨਿਰਦੋਸ਼ ਪਾਏ ਗਏ ।
ਕਿਸਾਨ ਆਗੂ ਰਣ ਸਿੰਘ ਚੱਠਾ ਨੇ ਕਿਹਾ ਕਿ 7 ਸਤੰਬਰ 2025 ਨੂੰ ਜਦੋਂ ਉਕਤ ਮਨਜੀਤ ਸਿੰਘ ਖਾਈ ਆਪਣੇ ਖੇਤ ਨੂੰ ਜਾ ਰਿਹਾ ਸੀ ਤਾਂ ਮਾਸਟਰ ਨਿਰਭੈ ਸਿੰਘ ਦੇ ਪਿਤਾ ਅਜਮੇਰ ਸਿੰਘ ਨੇ ਉਸ ਵੱਲ ਗਲਤ ’ਤੇ ਅਸ਼ਲੀਲ ਇਸ਼ਾਰੇ ਕਰਦਿਆਂ ਗਾਲੀ ਗਲੋਚ ਕੀਤੀ, ਯੂਨੀਅਨ ਵੱਲੋਂ ਧਰਨਾ ਲਗਾ ਕੇ ਝੂਠਾ ਪਰਚਾ ਕਰਾਉਣ ਤੇ ਜਾਨੋ ਮਾਰਨ ਦੀਆਂ ਧਮਕੀਆਂ ਤੱਕ ਦਿੱਤੀਆਂ ਗਈਆਂ ਜਿਸਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ।
ਇਸ ਸਬੰਧੀ ਮਨਜੀਤ ਸਿੰਘ ਵੱਲੋਂ ਪਹਿਲਾਂ ਸਿਟੀ ਥਾਣਾ ਲਹਿਰਾ ਵਿਖੇ ਦਰਖਾਸਤ ਦਿੱਤੀ ਗਈ ਪਰ ਉੱਥੇ ਕੋਈ ਕਾਰਵਾਈ ਨਾ ਹੋਣ ਤੇ 10 ਸਤੰਬਰ 2025 ਨੂੰ ਐਸਐਸਪੀ ਸਾਹਿਬ ਸੰਗਰੂਰ ਨੂੰ ਵੀ ਦਰਖਾਸਤ ਦਿੱਤੀ ਗਈ ਸੀ ਜਿਸ ਤੇ ਪੁਲੀਸ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਅਮਲ ’ਚ ਨਹੀਂ ਲਿਆਂਦੀ ਗਈ ਜਦੋਂਕਿ ਦੂਸਰੇ ਪਾਸੇ ਕੁੱਝ ਕਿਸਾਨ ਜਥੇਬੰਦੀਆਂ ਵੱਲੋਂ ਮਾਸਟਰ ਨਿਰਭੈ ਸਿੰਘ ਦੇ ਮਾਮਲੇ ਨੂੰ ਲੈ ਕੇ 25 ਸਤੰਬਰ 2025 ਨੂੰ ਐਸਐਸਪੀ ਦਫਤਰ ਅੱਗੇ ਧਰਨਾ ਦੇਣ ਦੇ ਕੀਤੇ ਐਲਾਨ ਦੇ ਦਬਾਅ ਹੇਠ 24 ਸਤੰਬਰ ਨੂੰ ਪ੍ਰਸ਼ਾਸਨ ਨਾਲ ਹੋਈ ਮੀਟਿੰਗ ਉਪਰੰਤ ਉਕਤ ਦੋਵੇਂ ਨੌਜਵਾਨਾਂ ਮਨਜੀਤ ਸਿੰਘ ਤੇ ਸੁਮਿੰਦਰਦੀਪ ਸਿੰਘ ਖਿਲਾਫ ਆਰਮਜ ਐਕਟ ਦਾ ਝੂਠਾ ਪਰਚਾ ਕਿਸੇ ਪੁਰਾਣੀ ਵੀਡੀਓ ਦੇ ਅਧਾਰ ’ਤੇ ਕਰਵਾ ਦਿੱਤਾ ਜਿਸ ਵੀਡੀਓ ਵਿੱਚ ਮਨਜੀਤ ਸਿੰਘ ਤਾਂ ਸ਼ਾਮਲ ਵੀ ਨਹੀਂ ਸੀ ਤੇ ਪੁਲੀਸ ਪ੍ਰਸ਼ਾਸਨ ਨੇ ਦਬਾਅ ਪਾ ਕੇ ਮਨਜੀਤ ਸਿੰਘ ਤੋਂ ਮਾਸਟਰ ਨਿਰਭੈ ਸਿੰਘ ਦੇ ਪਿਤਾ ਖਿਲਾਫ ਦਿੱਤੀ ਅਰਜੀ ਤੇ ਕੋਈ ਕਾਰਵਾਈ ਨਾ ਕਰਵਾਉਣ ਦੇ ਦਸਤਖਤ ਕਰਵਾ ਕੇ ਅਰਜੀ ਨੂੰ ਦਫਤਰ ਦਾਖਲ ਕਰ ਦਿੱਤਾ।
ਉਨਾਂ ਕਿਹਾ ਕਿ ਬੀਤੇ ਦਿਨ ਫਿਰ ਮਾਸਟਰ ਨਿਰਭੈ ਸਿੰਘ ਖਾਈ ਦੇ ਪਿਤਾ ਅਜਮੇਰ ਸਿੰਘ ਵੱਲੋਂ ਉਕਤ ਨੌਜਵਾਨ ਮਨਜੀਤ ਸਿੰਘ ਤੇ ਉਸਦੇ ਪਰਿਵਾਰਕ ਮੈਂਬਰਾਂ ਨੂੰ ਮੰਦਾ ਚੰਗਾ ਬੋਲਿਆ ਗਿਆ ਜਿਸ ਕਰਕੇ ਦੋਵਾਂ ਵਿਚਕਾਰ ਤਲਖੀ ਤੇ ਹੱਥੋਪਾਈ ਵੀ ਹੋਈ ਜਿਸ ਸਬੰਧੀ ਮਨਜੀਤ ਸਿੰਘ ਵੱਲੋਂ ਸਿਟੀ ਥਾਣਾ ਲਹਿਰਾ ਵਿਖੇ ਦਰਖਾਸਤ ਵੀ ਦਿੱਤੀ ਗਈ ਜਿਸ ਤੇ ਕੋਈ ਕਾਰਵਾਈ ਕਰਨ ਦੀ ਬਜਾਏ, ਹੁਣ ਫਿਰ ਪੁਲੀਸ ਪ੍ਰਸ਼ਾਸਨ ਨੇ ਮਾਸਟਰ ਨਿਰਭੈ ਸਿੰਘ ਦੇ ਪਿਤਾ ਅਜਮੇਰ ਸਿੰਘ ਦੇ ਬਿਆਨਾਂ ’ਤੇ ਮਨਜੀਤ ਸਿੰਘ ਖਿਲਾਫ ਪਰਚਾ ਦਰਜ ਕਰਕੇ ਉਸ ਨੂੰ ਤੰਗ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੈ ਜਿਸ ਨੂੰ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਕਿਸਾਨ ਆਗੂ ਰਣ ਸਿੰਘ ਚੱਠਾ ਨੇ ਪੁਲੀਸ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਉਕਤ ਮਾਮਲੇ ਦੀ ਨਿਰਪੱਖਤਾ ਨਾਲ ਜਾਂਚ ਕਰਕੇ ਪਿੰਡ ਖਾਈ ਦੇ ਇਨ੍ਹਾਂ ਨੌਜਵਾਨਾਂ ਨੂੰ ਇਨਸਾਫ਼ ਦਿੱਤਾ ਜਾਵੇ ਨਹੀਂ ਤਾਂ ਜਥੇਬੰਦੀ ਨੌਜਵਾਨਾਂ ਨੂੰ ਇਨਸਾਫ਼ ਦਿਵਾਉਣ ਲਈ ਸੰਘਰਸ਼ ਕਰਨ ਲਈ ਮਜਬੂਰ ਹੋਵੇਗੀ । ਇਸ ਮੌਕੇ ਬਲਾਕ ਲਹਿਰਾ ਦੇ ਪ੍ਰਧਾਨ ਭੂਰਾ ਸਿੰਘ ਸਲੇਮਗੜ੍ਹ, ਜਨਰਲ ਸਕੱਤਰ ਰਾਮਫਲ ਸਿੰਘ ਜਲੂਰ, ਖਜਾਨਚੀ ਲਖਵਿੰਦਰ ਸਿੰਘ ਡੂਡੀਆਂ , ਪ੍ਰੈੱਸ ਸਕੱਤਰ ਜਤਿੰਦਰ ਸਿੰਘ ਜਲੂਰ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ।
