ਪੁਲੀਸ ਵੱਲੋਂ ਘਰਾਂ ਦੀ ਤਲਾਸ਼ੀ
ਨਸ਼ਿਆਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਅੱਜ ਮਾਲੇਰਕੋਟਲਾ ਪੁਲੀਸ ਵੱਲੋਂ ਜ਼ਿਲ੍ਹੇ ਭਰ ਵਿੱਚ ‘ਕਾਰਡਨ ਐਂਡ ਸਰਚ ਅਪਰੇਸ਼ਨ’ ਚਲਾਇਆ ਗਿਆ। ਐੱਸ ਐੱਸ ਪੀ ਗਗਨ ਅਜੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਤੇ ਐੱਸਪੀ (ਸਥਾਨਕ) ਗੁਰਸ਼ਰਨਜੀਤ ਸਿੰਘ ਸਿੱਧੂ ਦੀ ਅਗਵਾਈ ਹੇਠ ਪੁਲੀਸ ਫੋਰਸ ਨੇ ਵੱਖ-ਵੱਖ ਪਿੰਡਾਂ ਅਤੇ ਵਾਰਡਾਂ ਵਿੱਚ ਸ਼ੱਕੀ ਵਿਅਕਤੀਆਂ ਦੇ ਘਰਾਂ ਅਤੇ ਵਾਹਨਾਂ ਦੀ ਬਾਰੀਕੀ ਨਾਲ ਤਲਾਸ਼ੀ ਕੀਤੀ। ਸਬ ਡਿਵੀਜ਼ਨ ਮਾਲੇਰਕੋਟਲਾ ਵਿੱਚ ਡੀ ਐੱਸ ਪੀ ਮਾਨਵਜੀਤ ਸਿੰਘ ਸਿੱਧੂ ਅਤੇ ਡੀ ਐੱਸ ਪੀ ਰਣਜੀਤ ਸਿੰਘ, ਸਬ ਡਿਵੀਜ਼ਨ ਅਹਿਮਦਗੜ੍ਹ ’ਚ ਡੀ ਐੱਸ ਪੀ ਰਾਜਨ ਸ਼ਰਮਾ ਦੀ ਅਗਵਾਈ ਹੇਠ ਪੁਲੀਸ ਟੀਮਾਂ ਵੱਲੋਂ ਵਿਆਪਕ ਤਲਾਸ਼ੀ ਮੁਹਿੰਮ ਚਲਾਈ ਗਈ। ਇਸ ਮੁਹਿੰਮ ਸਬੰਧੀ ਐੱਸ ਪੀ ਗੁਰਸ਼ਰਨਜੀਤ ਸਿੰਘ ਸਿੱਧੂ ਨੇ ਦੱਸਿਆ ਕਿ ਇਸ ਦਾ ਮੁੱਖ ਮਕਸਦ ਨਸ਼ਿਆਂ ਦੇ ਕਾਰੋਬਾਰ ’ਤੇ ਨਕੇਲ ਕਸ ਕੇ ਮਾੜੇ ਅਨਸਰਾਂ ਨੂੰ ਕਾਬੂ ਕਰਨਾ ਅਤੇ ਆਮ ਲੋਕਾਂ ਵਿੱਚ ਸੁਰੱਖਿਆ ਦਾ ਮਾਹੌਲ ਬਣਾਉਣਾ ਹੈ।ਨਸ਼ਾ ਤਸਕਰਾਂ ਨੂੰ ਸਪਸ਼ਟ ਚਿਤਾਵਨੀ ਦਿੰਦਿਆਂ ਐੱਸਪੀ ਸਿੱਧੂ ਨੇ ਕਿਹਾ ਕਿ ਜੇਕਰ ਅਜਿਹੇ ਅਨਸਰ ਕਾਲਾ ਧੰਦਾ ਛੱਡ ਕੇ ਸਮਾਜ ਦੀ ਮੁੱਖ ਧਾਰਾ ਵਿੱਚ ਨਹੀਂ ਆਉਂਦੇ ਤਾਂ ਉਨ੍ਹਾਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਨਸ਼ਾ ਵੇਚਣ ਜਾਂ ਸਬੰਧਤ ਗੈਰ-ਕਾਨੂੰਨੀ ਗਤੀਵਿਧੀ ਬਾਰੇ ਕੋਈ ਜਾਣਕਾਰੀ ਵੀ ਜਾਣਕਾਰੀ ਪੁਲੀਸ ਨੂੰ ਦੇ ਕੇ ਨਸ਼ਿਆਂ ਖ਼ਿਲਾਫ਼ ਮੁਹਿੰਮ ਵਿੱਚ ਸਹਿਯੋਗ ਦੇਣ। ਸੂਚਨਾ ਦੇਣ ਵਾਲੇ ਦੀ ਪਛਾਣ ਗੁਪਤ ਰੱਖੀ ਜਾਵੇਗੀ।
ਅਮਰਗੜ੍ਹ (ਨਵਦੀਪ ਜੈਦਕਾ): ਅੱਜ ਅਮਰਗੜ੍ਹ ਅਤੇ ਨਾਲ ਲੱਗਦੇ ਪਿੰਡਾਂ ਵਿੱਚ ‘ਕਾਰਡਨ ਐਂਡ ਸਰਚ ਅਪਰੇਸ਼ਨ’ ਚਲਾਇਆ ਗਿਆ। ਇਸ ਕਾਰਵਾਈ ਹੇਠ ਪੁਲੀਸ ਫੋਰਸ ਨੇ ਵੱਖ-ਵੱਖ ਪਿੰਡਾਂ ਵਿੱਚ ਸ਼ੱਕੀ ਵਿਅਕਤੀਆਂ ਦੇ ਘਰਾਂ ਅਤੇ ਵਾਹਨਾਂ ਦੀ ਬਾਰੀਕੀ ਨਾਲ ਤਲਾਸ਼ੀ ਕੀਤੀ। ਇਸ ਅਪਰੇਸ਼ਨ ਵਿੱਚ ਸਬ ਡਿਵੀਜ਼ਨ ਅਮਰਗੜ੍ਹ ਦੇ ਪਿੰਡ ਬਾਗੜੀਆਂ ਵਿੱਚ ਡੀ.ਐੱਸ.ਪੀ ਦੀ ਅਗਵਾਈ ਹੇਠ ਪੁਲੀਸ ਟੀਮਾਂ ਨੇ ਵਿਆਪਕ ਤਲਾਸ਼ੀ ਮੁਹਿੰਮ ਚਲਾਈ।