ਬੱਸ ਅੱਡੇ ਨੇੜੇ ਘੁੰਮਣ ਵਾਲੇ ਨੌਜਵਾਨਾਂ ਖ਼ਿਲਾਫ਼ ਪੁਲੀਸ ਦੀ ਸਖ਼ਤੀ
ਇੱਥੇ ਬੱਸ ਸਟੈਂਡ ਕੋਲ ਘੁੰਮਦੇ ਮੁੰਡਿਆਂ ਦੀਆਂ ਪੁਲੀਸ ਕੋਲ ਸ਼ਿਕਾਇਤਾਂ ਪੁੱਜਣ ਤੋਂ ਬਾਅਦ ਧੂਰੀ ਦੇ ਨਵੇਂ ਆਏ ਡੀ ਐੱਸ ਪੀ ਗੁਰਪ੍ਰੀਤ ਸਿੰਘ ਨੇ ਪੁਲੀਸ ਨੂੰ ਸਖ਼ਤ ਹਦਾਇਤਾਂ ਦਿੱਤੀਆਂ ਹਨ ਕਿ ਉਕਤ ਨੌਜਵਾਨਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ। ਪੁਲੀਸ ਨੇ ਟੀਮਾਂ ਬਣਾ ਕੇ ਸਰਕਾਰੀ ਲੜਕੀਆਂ ਦੇ ਸਕੂਲ, ਭਲਵਾਨ ਵਾਲਾ ਅੱਡਾ ਤੇ ਬੱਸ ਸਟੈਂਡ ਰੋਡ ’ਤੇ ਨਾਕੇ ਲਾ ਕੇ ਨੌਜਵਾਨਾਂ ਦੇ ਵਾਹਨਾਂ ਦੀ ਚੈਕਿੰਗ ਕੀਤੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ ਐੱਸ ਪੀ ਧੂਰੀ ਨੇ ਆਖਿਆ ਕਿ ਬੱਸ ਸਟੈਂਡ ਰੋਡ ਉੱਪਰ ਪੁਲੀਸ ਕੋਲ ਕਾਫੀ ਸ਼ਿਕਾਇਤਾਂ ਆਈਆਂ ਸਨ ਅਤੇ ਮੀਡੀਆ ਵਿੱਚ ਵੀ ਖ਼ਬਰਾਂ ਛਪੀਆਂ ਸਨ ਜਿਸ ਤੋਂ ਬਾਅਦ ਪੁਲੀਸ ਨੇ ਬੱਸ ਸਟੈਂਡ ਰੋਡ ਉੱਪਰ 112 ਨੂੰ ਵਹੀਕਲ ਤਾਇਨਾਤ ਕੀਤਾ ਹੈ ਜੋ ਹਰ ਸਮੇਂ ਸਖਤ ਨਿਗਰਾਨੀ ਕਰੇਗਾ ਤੇ ਸ਼ਹਿਰ ਦੇ ਸਕੂਲਾ ਕਾਲਜਾਂ, ਸਰਕਾਰੀ ਕਾਲਜ ਕੋਲ ਪੁਲੀਸ ਮੁਲਾਜ਼ਮ ਗਸ਼ਤ ਕਰਿਆ ਕਰਨਗੇ ਇਹ ਗਸਤ ਰਾਤ ਸਮੇਂ ਵੀ ਹੋਇਆ ਕਰੇਗੀ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਹਰ ਹਿੱਸੇ ਵਿੱਚ ਪੀ ਸੀ ਆਰ, ਲੋਕਲ ਪੁਲੀਸ ਨਿਗਰਾਨੀ ਕਰੇਗੀ। ਉਨ੍ਹਾਂ ਕਿਹਾ ਸ਼ਹਿਰ ’ਚ ਅਮਨ ਕਾਨੂੰਨ ਦੀ ਵਿਵਸਥਾ ਹਰ ਹਾਲ ਕਾਇਮ ਰੱਖੀ ਜਾਵੇਗੀ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪੁਲੀਸ ਨੂੰ ਆਪਣਾ ਸਹਿਯੋਗ ਦੇਣ।
