ਫਾਰਮੇਸੀ ਅਫਸਰਾਂ ਨੇ ਸਿਵਲ ਸਰਜਨ ਨੂੰ ਪੱਤਰ ਸੌਂਪਿਆ
ਮੰਗਾਂ ਨਾ ਮੰਨੇ ਜਾਣ ’ਤੇ ਸੰਘਰਸ਼ ਵਿੱਢਣ ਦੀ ਚਿਤਾਵਨੀ ਦਿੱਤੀ
Advertisement
ਫਾਰਮੇਸੀ ਅਫਸਰ ਐਸੋਸੀਏਸ਼ਨ ਪੰਜਾਬ ਦੇ ਨਿਰਦੇਸ਼ਾਂ ਅਨੁਸਾਰ, ਜ਼ਿਲਾ ਪ੍ਰਧਾਨ ਸੁਖਵਿੰਦਰ ਸਿੰਘ ਦੀ ਅਗਵਾਈ ਹੇਠ ਸੰਗਰੂਰ ਜ਼ਿਲ੍ਹੇ ਦੇ ਫਾਰਮੇਸੀ ਅਫਸਰਾਂ ਨੇ ਸਿਵਲ ਸਰਜਨ ਰਾਹੀਂ ਆਪਣੀਆਂ ਮੰਗਾਂ ਸਬੰਧੀ ਮੰਗ ਪੱਤਰ ਮੁੱਖ ਮੰਤਰੀ, ਸਿਹਤ ਮੰਤਰੀ, ਪ੍ਰਮੁੱਖ ਸਕੱਤਰ ਸਿਹਤ ਅਤੇ ਡਾਇਰੈਕਟਰ ਸਿਹਤ ਸੇਵਾਵਾਂ ਨੂੰ ਭੇਜਿਆ।
ਇਨ੍ਹਾਂ ਅਧਿਕਾਰੀਆਂ ਨੇ ਦੱਸਿਆ ਕਿ ਉਹ ਪਿਛਲੇ 19 ਸਾਲਾਂ ਤੋਂ ਸਰਕਾਰ ਅਧੀਨ ਠੇਕੇ ’ਤੇ ਡਿਊਟੀ ਨਿਭਾ ਰਹੇ ਹਨ। ਜੂਨ 2021 ਵਿੱਚ ਲਗਭਗ 600 ਫਾਰਮੇਸੀ ਅਫਸਰਾਂ ਨੂੰ ਪੇਂਡੂ ਵਿਕਾਸ ਵਿਭਾਗ ਤੋਂ ਸਿਹਤ ਵਿਭਾਗ ਵਿੱਚ ਤਬਦੀਲ ਕੀਤਾ ਗਿਆ ਸੀ। ਆਗੂਆਂ ਨੇ ਦੱਸਿਆ ਕਿ ਕਰਮਚਾਰੀਆਂ ਨੂੰ ਬਿਨਾਂ ਟੀ ਏ/ਡੀ ਏ ਦੇ 200 ਤੋਂ 250 ਕਿਲੋਮੀਟਰ ਦੂਰ ਡਿਊਟੀਆਂ ਲਈ ਭੇਜਿਆ ਜਾ ਰਿਹਾ ਹੈ। ਜਥੇਬੰਦੀ ਨੇ ਜੇਲ੍ਹ ਡਿਊਟੀ, ਮੇਲਾ ਡਿਊਟੀ, ਧਾਰਮਿਕ ਸਮਾਗਮ ਅਤੇ ਵੀ ਆਈ ਪੀ ਡਿਊਟੀਆਂ ਦੇ ਨਾਂ ‘ਤੇ ਕੀਤੇ ਜਾ ਰਹੇ ਸੋਸ਼ਣ ਦਾ ਸਖ਼ਤ ਵਿਰੋਧ ਕੀਤਾ ਹੈ। ਉਨ੍ਹਾਂ ਕਿਹਾ ਕਿ ਕਈ ਵਾਰ ਸਰਕਾਰ ਤੱਕ ਮੰਗਾਂ ਰੱਖੀਆਂ ਹਨ ਅਤੇ ਪੈਨਲ ਮੀਟਿੰਗਾਂ ਵਿੱਚ ਭਰੋਸੇ ਵੀ ਮਿਲੇ ਪਰ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ। ਜੇਕਰ ਤੁਰੰਤ ਕਾਰਵਾਈ ਨਾ ਕੀਤੀ ਗਈ ਤਾਂ ਉਹ ਸੈਕਟਰ 34 ਚੰਡੀਗੜ੍ਹ ਵਿੱਚ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਣਗੇ, ਜਿਸ ਦੀ ਜ਼ਿੰਮੇਵਾਰੀ ਸਰਕਾਰ ਅਤੇ ਪ੍ਰਸ਼ਾਸਨ ਦੀ ਹੋਵੇਗੀ।
Advertisement
Advertisement
