ਮਸਲੇ ਹੱਲ ਨਾ ਹੋਣ ’ਤੇ ਪੈਪਸੀਕੋ ਵਰਕਰਜ਼ ਯੂਨੀਅਨ ਵੱਲੋਂ ਪ੍ਰਦਰਸ਼ਨ
ਪੈਪਸੀਕੋ ਵਰਕਰਜ਼ ਯੂਨੀਅਨ ਏਟਕ ਚੰਨੋਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਅੱਜ ਕੰਪਨੀ ਦੇ ਮੁੱਖ ਗੇਟ ਅੱਗੇ ਪ੍ਰਦਰਸਨ ਕਰਨ ਉਪਰੰਤ ਮੈਨੇਜਮੈਂਟ ਦਾ ਪੁਤਲਾ ਫੂਕਿਆ ਗਿਆ।
ਇਸ ਮੌਕੇ ਯੂਨੀਅਨ ਦੇ ਪ੍ਰਧਾਨ ਵਿਕਰਮਜੀਤ ਸਿੰਘ ਨਾਭਾ, ਜਨਰਲ ਸਕੱਤਰ ਹਰਿੰਦਰ ਸਿੰਘ ਗੱਜੂਮਾਜਰਾ, ਗੁਰਸੇਵ ਸਿੰਘ, ਰਘੂਵੀਰ ਸਿੰਘ, ਜਗਮੀਤ ਸਿੰਘ, ਹਰੀ ਸਿੰਘ, ਹਰਦੇਵ ਸਿੰਘ ਅਤੇ ਬਲਜੀਤ ਸਿੰਘ ਨੇ ਕਿਹਾ ਕਿ ਯੂਨੀਅਨ ਵੱਲੋਂ ਮਨੇਜਮੈਂਟ ਨੂੰ 9 ਮਹੀਨੇ ਪਹਿਲਾਂ ਮੰਗ ਪੱਤਰ ਦਿੱਤਾ ਗਿਆ ਸੀ ਪਰ ਇਸ ਮੰਗ ਪੱਤਰ ਵਿੱਚ ਦਰਜ ਮੰਗਾਂ ਦਾ ਅਜੇ ਤੱਕ ਕੋਈ ਨਿਪਟਾਰਾ ਨਹੀਂ ਕੀਤਾ ਗਿਆ।
ਉਨ੍ਹਾਂ ਦੱਸਿਆ ਕਿ ਯੂਨੀਅਨ ਵੱਲੋਂ ਸੇਵਾਮੁਕਤੀ ਦੀ ਉਮਰ 58 ਤੋਂ ਵਧਾ ਕੇ 60 ਸਾਲ ਕਰਨ, ਮਹਿੰਗਾਈ ਭੱਤਾ ਲਾਗੂ ਕਰਨ, ਕੱਚੇ ਕਿਰਤੀਆਂ ਨੂੰ ਪੱਕਾ ਕਰਨ, ਕੰਮ ਦਾ ਸਮਾਂ 8 ਘੰਟੇ ਤੋਂ ਘਟਾ ਕੇ 6 ਘੰਟੇ ਕਰਨ ਅਤੇ ਮੈਡੀਕਲ ਪਾਲਸੀ ਵਿੱਚ ਵਾਧਾ ਕਰਨ ਆਦਿ ਮੰਗਾਂ ਪੂਰੀਆਂ ਕਰਨ ਦੀ ਮੰਗ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਮੈਨੇਜਮੈਂਟ ਮੀਟਿੰਗਾਂ ਵਿੱਚ ਵੀ ਟਾਲਮਟੋਲ ਦੀ ਨੀਤੀ ਅਪਣਾ ਰਹੀ ਹੈ।
ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਦੇ ਮਸਲੇ ਹੱਲ ਨਾ ਕੀਤੇ ਗਏ ਤਾਂ ਉਹ ਤਿੱਖਾ ਸੰਘਰਸ਼ ਕਰਨ ਲਈ ਮਜਬੂਰ ਹੋਣਗੇ। ਧਰਨੇ ਵਿੱਚ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਅਜੈਬ ਸਿੰਘ ਲੱਖੇਵਾਲ, ਮਨਜੀਤ ਸਿੰਘ ਘਰਾਚੋਂ, ਜਸਵੀਰ ਸਿੰਘ ਗੱਗੜਪੁਰ, ਬਲਵਿੰਦਰ ਸਿੰਘ ਘਨੌੜ ਜੱਟਾਂ ਵੀ ਹਾਜ਼ਰ ਸਨ।
