ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਲੋਕਾਂ ਵੱਲੋਂ ਮਹਿਲਾਂ ਪੁਲੀਸ ਚੌਕੀ ਦਾ ਘਿਰਾਓ

ਪਿਛਲੇ ਸਾਲ ਪਰਾਲੀ ਨੂੰ ਅੱਗ ਲਾਉਣ ਵਾਲੇ ਕਿਸਾਨ ਦੀ ਗ੍ਰਿਫ਼ਤਾਰੀ ਦਾ ਮਾਮਲਾ
ਪਿੰਡ ਮਹਿਲਾਂ ਵਿੱਚ ਪੁਲੀਸ ਚੌਕੀ ਅੱਗੇ ਧਰਨੇ ਨੂੰ ਸੰਬੋਧਨ ਕਰਦਾ ਹੋਇਆ ਕਿਸਾਨ ਆਗੂ।
Advertisement
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ ਵਿਚ ਨੇੜਲੇ ਪਿੰਡ ਮਹਿਲਾਂ ਦੀ ਪੁਲੀਸ ਚੌਕੀ ਅੱਗੇ ਵੱਡੀ ਗਿਣਤੀ ਵਿੱਚ ਇੱਕਤਰ ਹੋਏ ਇਲਾਕੇ ਦੇ ਲੋਕਾਂ ਨੇ ਰੋਸ ਪ੍ਰਦਰਸ਼ਨ ਕਰਦਿਆਂ ਸਰਕਾਰ ਅਤੇ ਪੁਲੀਸ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਪ੍ਰਦਰਸ਼ਨਕਾਰੀਆਂ ਮੁਤਾਬਕ ਪੁਲੀਸ ਪਿਛਲੇ ਸਾਲ ਦੌਰਾਨ ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਦੇ ਦਰਜ ਹੋਏ ਮਾਮਲੇ ਵਿੱਚ ਇਕ ਸਾਲ ਬਾਅਦ ਇਕ ਕਿਸਾਨ ਨੂੰ ਗ੍ਰਿਫ਼ਤਾਰ ਕਰਨ ਆਈ ਹੈ। ਜਿਉਂ ਹੀ ਪੁਲੀਸ ਸਬੰਧਤ ਕਿਸਾਨ ਤਰਸੇਮ ਸਿੰਘ ਦੇ ਘਰ ਆਈ ਤਾਂ ਇਸ ਦਾ ਪਿੰਡ ਵਿਚ ਰੌਲਾ ਪੈ ਗਿਆ ਅਤੇ ਜਲਦੀ ਹੀ ਵੱਡੀ ਗਿਣਤੀ ਵਿਚ ਲੋਕ ਪੁਲੀਸ ਚੌਕੀ ਅੱਗੇ ਇਕੱਠੇ ਹੋ ਗਏ ਅਤੇ ਧਰਨਾ ਲਾ ਦਿੱਤਾ। ਸ਼ਾਮ ਕਰੀਬ ਪੰਜ ਵਜੇ ਸ਼ੁਰੂ ਹੋਇਆ ਧਰਨਾ ਥਾਣਾ ਛਾਜਲੀ ਦੇ ਐੱਸਐੱਚਓ ਗੁਰਮੀਤ ਸਿੰਘ ਵੱਲੋਂ ਭਰੋਸਾ ਦਿੱਤੇ ਜਾਣ ਤੋਂ ਬਾਅਦ ਕਰੀਬ ਅੱਠ ਵਜੇ ਚੁਕਿਆ ਗਿਆ।

ਇਕਾਈ ਪ੍ਰਧਾਨ ਜਗਜੀਤ ਸਿੰਘ ਸੇਖੋਂ ਦੀ ਅਗਵਾਈ ਹੇਠ ਹੋਏ ਇਕੱਠ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਪਿੰਡ ਦੇ ਹੀ ਇੱਕ ਕਿਸਾਨ ਖ਼ਿਲਾਫ਼ ਪਿਛਲੇ ਸਾਲ ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਦੇ ਸਬੰਧ ਵਿੱਚ ਪਰਚੇ ਪਾਏ ਗਏ ਸਨ। ਇਕ ਸਾਲ ਤੱਕ ਪੁਲੀਸ ਨੂੰ ਕੋਈ ਧਿਆਨ ਨਾ ਰਿਹਾ ਅਤੇ ਹੁਣ ਜਦੋਂ ਝੋਨਾ ਮੁੜ ਪੱਕਣ ’ਤੇ ਆਇਆ ਹੋਇਆ ਹੈ ਤਾਂ ਪੁਲੀਸ ਨੇ ਕੇਸ ਖੋਲ੍ਹ ਲਿਆ। ਆਗੂਆਂ ਨੇ ਕਿਹਾ ਕਿ ਪੁਲੀਸ ਜਾਣ-ਬੁੱਝ ਕੇ ਕਿਸਾਨਾਂ ਨੂੰ ਤੰਗ ਕਰ ਰਹੀ ਹੈ।

Advertisement

ਬੁਲਾਰਿਆਂ ਨੇ ਕਿਹਾ ਕਿ ਸਰਕਾਰ ਪਰਾਲੀ ਦਾ ਸਹੀ ਪ੍ਰਬੰਧਨ ਕਰੇ ਤਾਂ ਕਿਸਾਨ ਅੱਗ ਹੀ ਕਿਉਂ ਲਾਉਣ। ਇਸ ਮੌਕੇ ਦਿੜ੍ਹਬਾ ਬਲਾਕ ਦੇ ਆਗੂ ਹਰਜੀਤ ਸਿੰਘ ਮਹਿਲਾਂ, ਅਮਨਦੀਪ ਸਿੰਘ ਮਹਿਲਾ, ਹਰਬੰਸ ਸਿੰਘ ਦਿੜ੍ਹਬਾ, ਚਰਨਜੀਤ ਸਿੰਘ ਘਨੌੜ ਭਵਾਨੀਗੜ ਬਲਾਕ ਦੇ ਆਗੂ ਮਨਜੀਤ ਸਿੰਘ ਘਰਾਚੋਂ, ਬਲਵਿੰਦਰ ਸਿੰਘ ਘਨੌੜ ਜੱਟਾਂ ਅਤੇ ਹਰਜਿੰਦਰ ਸਿੰਘ ਘਰਾਚੋਂ ਨੇ ਵੀ ਸੰਬੋਧਨ ਕੀਤਾ।

ਮੌਕੇ ’ਤੇ ਪਹੁੰਚੇ ਥਾਣਾ ਛਾਜਲੀ ਐੱਸਐੱਚਓ ਗੁਰਮੀਤ ਸਿੰਘ ਵੱਲੋਂ ਸਬੰਧਤ ਕਿਸਾਨ ਖ਼ਿਲਾਫ਼ ਕਿਸੇ ਵੀ ਕਿਸਮ ਦੀ ਕਾਰਵਾਈ ਨਾ ਕੀਤੇ ਜਾਣ ਦਾ ਭਰੋਸਾ ਦਿੱਤੇ ਜਾਣ ਤੋਂ ਬਾਅਦ ਲੋਕਾਂ ਵੱਲੋਂ ਧਰਨਾ ਚੁੱਕ ਲਿਆ ਗਿਆ। ਇਸ ਮੌਕੇ ਇਕਾਈ ਆਗੂ ਜਗਦੀਪ ਸਿੰਘ, ਗੁਰਜੰਟ ਸਿੰਘ, ਦਰਸ਼ਨ ਸਿੰਘ ਮਾਨ, ਜੱਗਾ ਸਿੰਘ, ਕੁਲਦੀਪ ਮਾਨ, ਗੁਰਸੇਵਕ ਸਿੰਘ ਸੋਹੀ, ਔਰਤ ਆਗੂ ਜਸਵਿੰਦਰ ਕੌਰ, ਗੁਰਦੇਵ ਕੌਰ, ਭਰਭੂਰ ਕੌਰ ਸਮੇਤ ਵੱਡੀ ਗਿਣਤੀ ਕਿਸਾਨ ਅਤੇ ਮਜ਼ਦੂਰ ਸ਼ਾਮਲ ਹੋਏ।

Advertisement
Show comments