ਸੰਗਰੂਰ-ਲੁਧਿਆਣਾ ਮਾਰਗ ’ਤੇ ਟੋਇਆਂ ਕਾਰਨ ਲੋਕ ਪ੍ਰੇਸ਼ਾਨ
ਧੂਰੀ ਵਿੱਚੋਂ ਲੰਘਦੇ ਸੰਗਰੂਰ-ਲੁਧਿਆਣਾ ਮਾਰਗ ’ਤੇ ਡੂੰਘੇ ਟੋਇਆਂ ਕਾਰਨ ਲੋਕ ਪ੍ਰੇਸ਼ਾਨ ਹਨ ਤੇ ਟੋਏ ਹਾਦਸਿਆਂ ਨੂੰ ਸੱਦਾ ਦੇ ਰਹੇ ਹਨ। ਕਿਸਾਨ ਮੁਕਤੀ ਮੋਰਚਾ ਦੇ ਆਗੂ ਕਿਰਪਾਲ ਸਿੰਘ ਰਾਜੋਮਾਜਰਾ ਤੇ ਜੈਦੇਵ ਸ਼ਰਮਾ ਨੇ ਕਿਹਾ ਇਸ ਮੁੱਖ ਮਾਰਗ ’ਤੇ ਨਾਨਕਸਰ ਗੁਰੂ ਘਰ ਕੋਲ ਦੋਵੇਂ ਪਾਸੇ ਡੂੰਘੇ ਟੋਏ ਪਏ ਹੋਏ ਹਨ। ਉਨ੍ਹਾਂ ਕਿਹਾ ਇਸ ਸੜਕ ਦੇ ਟੁੱਟਣ ਦਾ ਮੁੱਖ ਕਾਰਨ ਮੀਂਹ ਦਾ ਪਾਣੀ ਵੀ ਹੈ ਜੋ ਇਸ ਸੜਕ ਦੇ ਆਲੇ ਦੁਆਲੇ ਕਈ ਕਈ ਦਿਨ ਖੜ੍ਹਾ ਰਹਿੰਦਾ ਹੈ। ਇੱਥੋਂ ਤੱਕ ਇਸ ਪਾਣੀ ਦੀ ਨਿਕਾਸੀ ਨੂੰ ਲੈ ਕੇ ਮੁਹੱਲੇ ਦੇ ਲੋਕ ਵੀ ਪ੍ਰਸ਼ਾਸਨ ਵਿਰੁੱਧ ਰੋਸ ਪ੍ਰਗਟ ਕਰ ਚੁੱਕੇ ਹਨ। ਉਨ੍ਹਾਂ ਕਿਹਾ ਇਸ ਮੁੱਖ ਸੜਕ ਦੀ ਦੇਖਭਾਲ ਪੀ ਡਬਲਿਊ ਡੀ ਵਿਭਾਗ ਵੱਲੋਂ ਕੀਤੀ ਜਾਂਦੀ ਹੈ ਪਰ ਅਫਸੋਸ ਵਿਭਾਗ ਦੇ ਅਧਿਕਾਰੀਆਂ ਨੂੰ ਵੀ ਇਸ ਮੁਸ਼ਕਲ ਸਬੰਧੀ ਜਾਣੂ ਕਰਵਾਇਆ ਹੋਇਆ ਹੈ ਪਰ ਫਿਰ ਵੀ ਕੋਈ ਕਦਮ ਨਹੀਂ ਚੁੱਕੇ ਗਏ। ਉਨ੍ਹਾਂ ਕਿਹਾ ਇਨ੍ਹਾਂ ਟੋਇਆਂ ਨੂੰ ਆਰਜ਼ੀ ਤੌਰ ’ਤੇ ਸੀਮਿੰਟ ਦੀਆਂ ਟਾਈਲਾਂ ਨਾਲ ਠੀਕ ਕੀਤਾ ਗਿਆ ਹੈ ਜੋ ਸਹੀ ਨਹੀਂ। ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਮੰਗ ਕੀਤੀ ਕਿ ਉਨ੍ਹਾਂ ਦੇ ਜੱਦੀ ਹਲਕਾ ਧੂਰੀ ਵਿੱਚੋਂ ਲੰਘਦੇ ਇਸ ਮੁੱਖ ਸੜਕ ਦੀ ਮੁਰੰਮਤ ਜਲਦ ਤੋਂ ਜਲਦ ਕਰਵਾਕੇ ਇਸ ਉੱਪਰ ਮੀਂਹ ਦੇ ਪਾਣੀ ਦੀ ਨਿਕਾਸੀ ਨੂੰ ਸਹੀ ਕੀਤਾ ਜਾਵੇ ਤਾ ਜੋ ਇਹ ਸੜਕ ਲੋਕਾਂ ਲਈ ਸਿਰਦਰਦੀ ਦੀ ਥਾਂ ਚੰਗੀ ਸਹੂਲਤ ਪ੍ਰਦਾਨ ਕਰੇ। ਇਸ ਸਬੰਧੀ ਲੋਕ ਨਿਰਮਾਣ ਵਿਭਾਗ ਦੇ ਐੱਸ ਡੀ ਓ ਨਵਦੀਪ ਸਿੰਘ ਨੇ ਕਿਹਾ ਇਸ ਸੜਕ ਦੀ ਮੁਰੰਮਤ ਜਲਦ ਕਰ ਦਿੱਤੀ ਜਾਵੇਗੀ।
