ਘਨੌਰੀ ਕਲਾਂ ’ਚ ਸਰਕਾਰੀ ਬੱਸਾਂ ਨਾ ਰੁਕਣ ਕਾਰਨ ਲੋਕ ਪ੍ਰੇਸ਼ਾਨ
ਹਲਕਾ ਧੂਰੀ ਅਤੇ ਬਲਾਕ ਸ਼ੇਰਪੁਰ ਨਾਲ ਸਬੰਧਤ ਪਿੰਡ ਘਨੌਰੀ ਕਲਾਂ ਵਿੱਚ ਪੀ ਆਰ ਟੀ ਸੀ ਦੀਆਂ ਬੱਸਾਂ ਨਿਰਧਾਰਤ ਬੱਸ ਸਟੈਂਡਾਂ ’ਤੇ ਨਾ ਰੁਕਣ ਕਾਰਨ ਪਿੰਡ ਵਾਸੀਆਂ ਵਿੱਚ ਰੋਸ ਹੈ। ਇਸ ਸਮੱਸਿਆ ਨੂੰ ਲੈ ਕੇ ਪਿੰਡ ਵਾਸੀਆਂ ਨੇ ਪੀ ਆਰ ਟੀ ਸੀ ਡਿੱਪੂ ਸੰਗਰੂਰ ਦੇ ਜਨਰਲ ਮੈਨੇਜਰ ਅਤੇ ਐੱਸ ਡੀ ਐੱਮ ਧੂਰੀ ਨੂੰ ਲਿਖਤੀ ਸ਼ਿਕਾਇਤ ਪੱਤਰ ਭੇਜ ਕੇ ਤੁਰੰਤ ਕਾਰਵਾਈ ਦੀ ਮੰਗ ਕੀਤੀ ਹੈ।
ਪਿੰਡ ਵਾਸੀਆਂ ਨੇ ਦੱਸਿਆ ਕਿ 10 ਸਤੰਬਰ ਦੀ ਸਵੇਰ 8: 25 ’ਤੇ ਸ਼ੇਰਪੁਰ ਤੋਂ ਸੰਗਰੂਰ ਜਾਣ ਵਾਲੀ ਬੱਸ ਆਪਣੇ ਨਿਰਧਾਰਤ ਰੂਟ (ਸ਼ੇਰਪੁਰ-ਕਾਤਰੋਂ-ਘਨੌਰੀ) ਦੀ ਬਜਾਏ ਸ਼ੇਰਪੁਰ-ਕਾਲਾਬੂਲਾ ਰਾਹੀਂ ਘਨੌਰੀ ਕਲਾਂ ਪਹੁੰਚੀ। ਇਸ ਕਾਰਨ ਕਾਤਰੋਂ ਪਾਸੇ ਬੱਸ ਅੱਡੇ ਦੀਆਂ ਸਵਾਰੀਆਂ ਨੂੰ ਬੱਸ ਨਹੀਂ ਮਿਲੀ। ਇਸ ਤੋਂ ਇਲਾਵਾ ਬੱਸ ਘਨੌਰੀ ਕਲਾਂ ਦੇ ਸਕੂਲ ਵਾਲੇ ਸਟੈਂਡ ’ਤੇ ਵੀ ਨਹੀਂ ਰੋਕੀ ਗਈ, ਜਦੋਂ ਕਿ ਬੱਸ ਵਿੱਚ ਕਈ ਸੀਟਾਂ ਖਾਲੀ ਸਨ। ਇਸ ਘਟਨਾ ਕਾਰਨ ਆਮ ਸਵਾਰੀਆਂ ਦੇ ਨਾਲ-ਨਾਲ ਕਾਲਜ ਜਾਣ ਵਾਲੀਆਂ ਵਿਦਿਆਰਥਣਾਂ ਨੂੰ ਵੀ ਗੰਭੀਰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।
ਪਿੰਡ ਵਾਸੀਆਂ ਅਨੁਸਾਰ ਘਨੌਰੀ ਕਲਾਂ ਵੱਡਾ ਪਿੰਡ ਹੈ, ਜਿੱਥੇ ਤਿੰਨ ਬੱਸ ਸਟੈਂਡ ਹਨ, ਪਰ ਜਦੋਂ ਸਰਕਾਰੀ ਬੱਸਾਂ ਇਨ੍ਹਾਂ ’ਤੇ ਨਹੀਂ ਰੁਕਦੀਆਂ ਤਾਂ ਇਸ ਨਾਲ ਪ੍ਰਾਈਵੇਟ ਬੱਸ ਮਾਲਕਾਂ ਨੂੰ ਸਿੱਧਾ ਲਾਭ ਮਿਲਦਾ ਹੈ ਅਤੇ ਸਰਕਾਰੀ ਬੱਸਾਂ ਨੂੰ ਨੁਕਸਾਨ ਪਹੁੰਚਦਾ ਹੈ। ਇਸ ਮਾਮਲੇ ਬਾਰੇ ਪਿੰਡ ਵਾਸੀਆਂ ਪਹਿਲਾਂ ਵੀ ਐੱਸ ਡੀ ਐੱਮ ਧੂਰੀ ਅਤੇ ਪੀ ਆਰ ਟੀ ਸੀ ਪ੍ਰਬੰਧਨ ਦਾ ਧਿਆਨ ਖਿੱਚ ਚੁੱਕੇ ਹਨ। ਹੁਣ ਮੁੜ ਤੋਂ ਹੰਸ ਰਾਜ ਘਨੌਰੀ ਕਲਾਂ ਵੱਲੋਂ ਇਸ ਸਮੱਸਿਆ ਸਬੰਧੀ ਵੀਡੀਓ ਸਬੂਤ ਦੇ ਨਾਲ ਸ਼ਿਕਾਇਤ ਭੇਜੀ ਗਈ ਹੈ। ਪਿੰਡ ਵਾਸੀਆਂ ਨੇ ਪ੍ਰਸ਼ਾਸਨ ਤੋਂ ਉਮੀਦ ਜਤਾਈ ਹੈ ਕਿ ਘਨੌਰੀ ਕਲਾਂ ਦੇ ਨਿਰਧਾਰਤ ਤਿੰਨਾਂ ਸਟੈਂਡਾਂ ’ਤੇ ਬੱਸਾਂ ਰੋਕਣ ਲਈ ਪੱਕੇ ਹੁਕਮ ਜਾਰੀ ਕੀਤੇ ਜਾਣ।
ਡਰਾਈਵਰ ਤੇ ਕੰਡਕਟਰ ਨੂੰ ਰੂਟ ਤੋਂ ਹਟਾਇਆ: ਜੀਐੱਮ
ਪੀ.ਆਰ.ਟੀ.ਸੀ. ਸੰਗਰੂਰ ਡਿਪੂ ਦੇ ਜਨਰਲ ਮੈਨੇਜਰ ਮਨਿੰਦਰ ਸਿੰਘ ਸਿੱਧੂ ਨੇ ਸ਼ਿਕਾਇਤ ਮਿਲਣ ਦੀ ਪੁਸ਼ਟੀ ਕੀਤੀ। ਉਨ੍ਹਾਂ ਦੱਸਿਆ ਕਿ ਸ਼ਿਕਾਇਤ ਮਿਲਦੇ ਹੀ ਸਬੰਧਤ ਡਰਾਈਵਰ ਅਤੇ ਕੰਡਕਟਰ ਨੂੰ ਸ਼ੇਰਪੁਰ-ਸੰਗਰੂਰ ਰੂਟ ਤੋਂ ਤੁਰੰਤ ਬਦਲ ਦਿੱਤਾ ਗਿਆ ਹੈ ਅਤੇ ਇਸ ਸਬੰਧੀ ਅਗਲੇਰੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।