ਫ਼ਤਿਹਗੜ੍ਹ ਛੰਨਾ ’ਚ ਰਸਤਿਆਂ ’ਤੇ ਕੂੜੇ ਦੇ ਢੇਰਾਂ ਕਾਰਨ ਲੋਕ ਪ੍ਰੇਸ਼ਾਨ
ਬਰਸਾਤੀ ਮੌਸਮ ’ਚ ਬਿਮਾਰੀਆਂ ਫੈਲਣ ਦਾ ਖ਼ਦਸ਼ਾ; ਸਫ਼ਾਈ ਕਰਵਾਉਣ ਦੀ ਮੰਗ
Advertisement
ਪਿੰਡ ਫ਼ਤਿਹਗੜ੍ਹ ਛੰਨਾ ਵਿੱਚ ਰਸਤਿਆਂ ਵਿੱਚ ਗੰਦਗੀ ਦੇ ਢੇਰਾਂ ਕਾਰਨ ਪਿੰਡ ਵਾਸੀਆਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬਰਸਾਤੀ ਮੌਸਮ ਹੋਣ ਕਾਰਨ ਪਿੰਡ ਵਾਸੀਆਂ ਨੂੰ ਜਿੱਥੇ ਰਾਹ ’ਚੋਂ ਲੰਘਣਾ ਔਖਾ ਹੋ ਰਿਹਾ ਹੈ, ਉੱਥੇ ਗੰਦਗੀ ਦੇ ਢੇਰਾਂ ਕਾਰਨ ਬਿਮਾਰੀਆਂ ਲੱਗਣ ਦਾ ਵੀ ਖਦਸ਼ਾ ਹੈ। ਮੌਜੂਦਾ ਪੰਚਾਇਤ ਮੈਂਬਰ ਪ੍ਰਗਟ ਸਿੰਘ, ਅਵਤਾਰ ਸਿੰਘ ਪੰਚ ਅਤੇ ਨਿਰਭੈ ਸਿੰਘ ਪੰਚ ਤੋਂ ਇਲਾਵਾ ਜੀਵਨ ਸਿੰਘ, ਬੰਟੀ ਸਿੰਘ, ਅਸ਼ੋਕ ਕੁਮਾਰ ਛੰਨਾ ਸਮੇਤ ਹੋਰ ਮੁਹੱਲਾ ਵਾਸੀਆਂ ਨੇ ਕਿਹਾ ਕਿ ਗਲੀ ਵਿੱਚ ਗੰਦਗੀ ਦੇ ਵੱਡੇ ਵੱਡੇ ਢੇਰ ਪਏ ਹਨ ਅਤੇ ਮਰੇ ਹੋਏ ਜਾਨਵਰ ਵੀ ਲੋਕ ਇੱਥੇ ਸੁੱਟ ਜਾਂਦੇ ਹਨ ਜਿਸ ਕਾਰਨ ਬਦਬੂ ਆਉਣ ਕਰਕੇ ਲੰਘਣ ਵਿਚ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸਕੂਲੀ ਬੱਚਿਆਂ ਨੂੰ ਬਰਸਾਤ ਦੇ ਮੌਸਮ ਦੇ ਵਿੱਚ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਦੱਸਿਆ ਕਿ ਇਸ 20 ਫੁੱਟ ਚੌੜੇ ਰਸਤੇ ਦੀ ਜਗ੍ਹਾ ’ਤੇ ਕੁਝ ਲੋਕਾਂ ਨੇ ਨਾਜਾਇਜ਼ ਕਬਜ਼ਾ ਕੀਤਾ ਹੋਇਆ ਹੈ। ਮੁਹੱਲਾ ਵਾਸੀਆਂ ਦੇ ਲੰਘਣ ਲਈ ਸਿਰਫ ਪੰਜ ਫੁੱਟ ਦੇ ਕਰੀਬ ਰਸਤਾ ਬਚਿਆ ਹੈ। ਸਰਪੰਚ ਨੂੰ ਸਫਾਈ ਕਰਵਾਉਣ ਸਬੰਧੀ ਕਈ ਵਾਰੀ ਅਪੀਲ ਕੀਤੀ ਜਾ ਚੁੱਕੀ ਹੈ ਪਰ ਉਨ੍ਹਾਂ ਇੱਧਰ ਕੋਈ ਧਿਆਨ ਨਹੀਂ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਹੁਣ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੂੰ ਲਿਖਤੀ ਤੌਰ ’ਤੇ ਦਰਖਾਸਤ ਦਿੱਤੀ ਹੈ ਤਾਂ ਜੋ ਇਹ ਮੁਹੱਲੇ ਦੀ ਸਫਾਈ ਕਰਵਾਈ ਜਾਵੇ ਅਤੇ ਨਾਜਾਇਜ਼ ਕਬਜ਼ੇ ਹਟਾਏ ਜਾਣ। ਇਸ ਸਬੰਧੀ ਸਰਪੰਚ ਹਰਜੀਤ ਕੌਰ ਵੱਲੋਂ ਉਨ੍ਹਾਂ ਦੇ ਪਤੀ ਜਸਮੇਲ ਸਿੰਘ ਨੇ ਕਿਹਾ ਕਿ ਉਨ੍ਹਾਂ ਵੱਲੋਂ ਪਿੰਡ ਵਾਸੀਆਂ ਦੀ ਮੰਗ ’ਤੇ ਸਫਾਈ ਕਰਵਾਈ ਜਾ ਰਹੀ ਹੈ ਅਤੇ ਉਨ੍ਹਾਂ ਕਿਹਾ ਕਿ ਰਾਹ ਤੋਂ ਨਾਜਾਇਜ਼ ਕਬਜ਼ੇ ਪ੍ਰਸ਼ਾਸਨ ਹੀ ਕਬਜ਼ਾ ਹਟਾ ਸਕਦਾ ਹੈ।
Advertisement
Advertisement