ਬਕਾਏ ਨਾ ਮਿਲਣ ’ਤੇ ਪੈਨਸ਼ਨਰਾਂ ’ਚ ਰੋਸ
ਵੱਖ-ਵੱਖ ਵਿਭਾਗਾਂ ਦੇ ਪੈਨਸ਼ਨਰਾਂ ਵਲੋਂ ਆਲ ਪੈਨਸ਼ਨਰਜ਼ ਵੈਲਫ਼ੇਅਰ ਐਸੋਸੀਏਸ਼ਨ ਦੀ ਅਗਵਾਈ ਹੇਠ ਡੀ.ਸੀ. ਦਫ਼ਤਰ ਅੱਗੇ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਮੰਗਾਂ ਪ੍ਰਤੀ ਵਿਖਾਈ ਜਾ ਰਹੀ ਲਾਪ੍ਰਵਾਹੀ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕਰਦਿਆਂ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਐਸੋਸੀਏਸ਼ਨ ਦੇ ਸਰਪ੍ਰਸਤ ਜਗਦੀਸ਼ ਸ਼ਰਮਾ, ਪ੍ਰਧਾਨ ਸੁਰਿੰਦਰ ਬਾਲੀਆ, ਜਨਰਲ ਸਕੱਤਰ ਬਲਵੰਤ ਸਿੰਘ ਢਿੱਲੋਂ, ਸੀਨੀਅਰ ਮੀਤ ਪ੍ਰਧਾਨ ਬਿੱਕਰ ਸਿਬੀਆ ਅਤੇ ਵਿੱਤ ਸਕੱਤਰ ਮੋਹਨ ਸਿੰਘ ਬਾਵਾ ਨੇ ਦੱਸਿਆ ਕਿ ਛੇਵੇਂ ਤਨਖਾਹ ਕਮਿਸ਼ਨ ਦੀਆਂ ਸਿਫਾਰਸ਼ਾਂ, 2.59 ਗੁਣਾਂਕ, 13 ਫੀਸਦੀ ਡੀ.ਏ ਕਿਸ਼ਤਾਂ, ਵਧੇ ਹੋਏ ਡੀ.ਏ ਦੇ ਕਰੋੜਾਂ ਰੁਪਏ ਦੇ ਬਕਾਏ, ਕੋਰਟਾਂ ਦੇ ਫੈਸਲੇ ਅਤੇ ਸਫਰੀ ਭੱਤੇ ਦੀ ਪੇਮੈਂਟ ਨਾ ਕਰਕੇ ਪੰਜਾਬ ਦੇ ਲੱਖਾਂ ਪੈਨਸ਼ਨਰਾਂ ਨਾਲ ਬੇਇਨਸਾਫੀ ਕੀਤੀ ਹੈ। ਪੰਜਾਬ ਸਰਕਾਰ ਵੱਲੋਂ ਬਕਾਏ ਦੇਣ ਬਾਰੇ ਬੈਕਾਂ ਵੱਲੋਂ ਪੈਨਸ਼ਨਰ, ਫੈਮਲੀ ਪੈਨਸ਼ਨਰ, ਵਾਧੇ ਨਾਲ ਪੈਨਸ਼ਨ ਜਾਂ ਦੋਵੇਂ ਜੀਆਂ ਦੀ ਮੌਤ ਉਪਰੰਤ ਬਕਾਏ ਦੇਣ ਲਈ ਕੋਈ ਇਕਸਾਰਤਾ ਨੀਤੀ ਨਹੀਂ ਬਣਾਈ, ਜਿਸ ਕਰਕੇ ਬਜ਼ੁਰਗ ਪੈਨਸ਼ਨਰ ਤੇ ਉਨ੍ਹਾਂ ਦੇ ਵਾਰਿਸ ਬੈਕਾਂ ਵਿੱਚ ਪੇਮੈਂਟ ਲਈ ਧੱਕੇ ਖਾ ਰਹੇ ਹਨ। ਪੰਜਾਬ ਰਾਜ ਪੈਨਸ਼ਨਰਜ਼ ਮਹਾਂ ਸੰਘ ਚੰਡੀਗੜ੍ਹ ਵੱਲੋਂ ਪੇਮੈਂਟਾਂ ਕਰਨ ਲਈ ਬੈਂਕ ਅਧਿਕਾਰੀਆਂ ਨੂੰ 15 ਦਿਨਾਂ ਦਾ ਨੋਟਿਸ ਦੇ ਕੇ ਸਪਸ਼ਟ ਕਰ ਦਿੱਤਾ ਕਿ ਜੇਕਰ ਬੈਂਕਾਂ ਵੱਲੋਂ ਪੇਮੈਂਟਾਂ 15 ਦਿਨਾਂ ਵਿੱਚ ਨਾ ਕੀਤੀਆਂ ਤਾਂ ਪੰਜਾਬ ਦੇ ਸਮੂਹ ਬੈਂਕਾਂ ਸਾਹਮਣੇ ਧਰਨੇ ਦਿੱਤੇ ਜਾਣਗੇ।
ਮੁੱਖ ਮੰਤਰੀ ’ਤੇ ਪੈਨਸ਼ਨਰਾਂ ਨਾਲ ਇਕ ਵੀ ਮੀਟਿੰਗ ਨਾ ਕਰਨ ਦੇ ਦੋਸ਼
ਭਰਤਰੀ ਸ਼ਰਮਾ, ਅਜਮੇਰ ਸਿੰਘ, ਪਵਨ ਸ਼ਰਮਾ, ਬਾਲ ਕਿਸ਼ਨ ਚੌਹਾਨ ਅਤੇ ਮੇਲਾ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਵੱਲੋਂ ਪੈਨਸ਼ਨਰ ਜਥੇਬੰਦੀਆਂ ਨੂੰ ਮੀਟਿੰਗ ਦਾ ਸਮਾਂ ਦੇ ਕੇ ਫਿਰ ਕੈਂਸਲ ਕਰ ਦਿੱਤਾ ਜਾਂਦਾ ਹੈ। ਅੱਜ ਤੱਕ ਮੁੱਖ ਮੰਤਰੀ ਵੱਲੋਂ ਇੱਕ ਵੀ ਮੀਟਿੰਗ ਜਥੇਬੰਦੀਆਂ ਨਾਲ ਨਹੀਂ ਕੀਤੀ ਗਈ। ਇਸ ਮੌਕੇ ਨਛੱਤਰ ਸਿੰਘ, ਪ੍ਰਹਿਲਾਦ ਕੁਮਾਰ, ਜਸਮੇਲ ਸਿੰਘ ਉੱਪਲੀ, ਰਾਮ ਲਾਲ ਸਰਮਾਂ, ਰਾਜਿੰਦਰ ਕੁਮਾਰ, ਰੂਪ ਸਿੰਘ ਚਾਂਗਲੀ, ਭੋਲਾ ਸਿੰਘ, ਕੁਲਵੰਤ ਸਿੰਘ, ਜੈ ਸਿੰਘ, ਹਵਾ ਸਿੰਘ, ਸੁਖਦੇਵ ਸਿੰਘ, ਹਰਚਰਨ ਸਿੰਘ ਹਾਜ਼ਰ ਸਨ।