ਪੈਨਸ਼ਨਰਾਂ ਦੀ ਈ-ਕੇ ਵਾਈ ਸੀ ਸਣੇ ਲਾਈਫ ਸਰਟੀਫਿਕੇਟ ਆਨਲਾਈਨ ਕੀਤੇ
ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਦਿਸ਼ਾਂ ਨਿਰਦੇਸ਼ਾਂ ’ਤੇ ਸਥਾਨਕ ਜ਼ਿਲ੍ਹਾ ਖਜ਼ਾਨਾ ਦਫ਼ਤਰ ਵਿੱਚ ਲਗਾਇਆ ਤਿੰਨ ਰੋਜ਼ਾ ਸਰਕਾਰੀ ਪੈਨਸ਼ਨਰ ਸੇਵਾ ਮੇਲਾ ਸਮਾਪਤ ਹੋ ਗਿਆ ਹੈ। ਮੇਲੇ ਦੇ ਆਖ਼ਰੀ ਦਿਨ ਜ਼ਿਲ੍ਹੇ ਭਰ ਤੋਂ ਪੁੱਜੇ ਪੈਨਸ਼ਨਰਾਂ ਨੇ ਆਪਣੀ ਈ-ਕੇਵਾਈਸੀ ਪੋਰਟਲ ’ਤੇ ਕਰਵਾਉਣ ਸਣੇ ਆਪਣੇ ਲਾਈਫ ਸਰਟੀਫਿਕੇਟ ਆਨਲਾਈਨ ਕਰਵਾਏ। ਇਸ ਮੌਕੇ ਜ਼ਿਲ੍ਹਾ ਖਜਾਨਾ ਅਫਸਰ ਪ੍ਰਦੀਪ ਕੁਮਾਰ ਗਰਗ ਨੇ ਦੱਸਿਆ ਕਿ ਰਾਜ ਸਰਕਾਰ ਵੱਲੋਂ ਪੈਨਸ਼ਨਰ/ਫੈਮਲੀ ਪੈਨਸ਼ਨਰਾਂ ਦੀ ਸਹੂਲਤ ਲਈ ਪੈਨਸ਼ਨਰ ਸੇਵਾ ਪੋਰਟਲ ਲਾਗੂ ਕੀਤਾ ਜਾ ਚੁੱਕਾ ਹੈ, ਜਿਸ ਰਾਹੀਂ ਪੈਨਸ਼ਰ ਘਰ ਬੈਠੇ ਹੀ ਆਪਣਾ ਲਾਈਫ ਸਰਟੀਫਿਕੇਟ ਅਪਲੋਡ ਕਰ ਸਕਣਗੇ। ਉਨ੍ਹਾਂ ਦੱਸਿਆ ਕੇ ਪੈਨਸ਼ਨਰ ਸੇਵਾ ਪੋਰਟਲ ਤਹਿਤ ਹਰੇਕ ਪੈਨਸ਼ਨਰ/ਫੈਮਿਲੀ ਪੈਨਸ਼ਨਰ ਦਾ ਈ-ਕੇ ਵਾਈ ਸੀ ਕਰਵਾਇਆ ਜਾਣਾ ਲਾਜ਼ਮੀ ਹੈ। ਉਨ੍ਹਾਂ ਕਿਹਾ ਕਿ ਕੋਈ ਵੀ ਪੈਨਸ਼ਨਰ ਕਿਸੇ ਵੀ ਕੰਮ ਵਾਲੇ ਦਿਨ ਸਬੰਧਤ ਬੈਂਕਾ ਅਤੇ ਜ਼ਿਲ੍ਹਾ ਖਜ਼ਾਨਾ ਦਫ਼ਤਰ ਵਿੱਚ ਤਾਲਮੇਲ ਕਰ ਸਕਦਾ ਹੈ। ਇਸ ਪੈਨਸ਼ਨ ਸੇਵਾ ਪੋਰਟਲ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਖਜ਼ਾਨਾ ਦਫਤਰ ਦੇ ਸਟਾਫ ਅਮਨਦੀਪ ਸਿੰਘ, ਇੰਦਰਜੀਤ ਕੌਰ, ਜਗਜੀਤ ਸਿੰਘ, ਗੁਰਪ੍ਰੀਤ ਸਿੰਘ, ਮੈਡਮ ਨੀਤੂ, ਸਿਵ ਕੁਮਾਰ, ਗੁਰਪਾਲ ਸਿੰਘ, ਗੁਰਸੇਵਕ ਸਿੰਘ, ਮੁਹੰਮਦ ਸਦੀਕ ਅਤੇ ਸਮੂਹ ਸਟਾਫ ਨੇ ਯੋਗਦਾਨ ਪਾਇਆ।
