ਦੇਸ਼ ਭਗਤਾਂ ਦਾ ਮੇਲਾ ਇਨਕਲਾਬੀ ਨਾਅਰਿਆਂ ਦੀ ਗੂੰਜ ਨਾਲ ਸਮਾਪਤ
ਦੇਸ਼ ਭਗਤ ਯਾਦਗਾਰ ਲੌਂਗੋਵਾਲ ਵੱਲੋਂ ਪਹਿਲੇ ਲਾਹੌਰ ਸਾਜ਼ਿਸ਼ ਕੇਸ ਦੇ ਸ਼ਹੀਦਾਂ ਕਰਤਾਰ ਸਿੰਘ ਸਰਾਭਾ ਅਤੇ ਸਾਥੀਆਂ ਦੀ ਯਾਦ ਵਿੱਚ ਗ਼ਦਰੀ ਗੁਲਾਬ ਕੌਰ ਬਖਸ਼ੀਵਾਲਾ ਨੂੰ ਸਮਰਪਿਤ ਦੋ ਦਿਨਾਂ 21ਵਾਂ ਮੇਲਾ ਦੇਸ਼ ਭਗਤਾਂ ਦਾ ਲੌਂਗੋਵਾਲ ਵਿੱਚ ਕਰਵਾਇਆ ਗਿਆ। ਦਿਨ ਵੇਲੇ ਵਿਦਿਆਰਥੀਆਂ ਦੇ ਗੀਤ, ਭਾਸ਼ਣ ਅਤੇ ਕੋਰੀਓਗ੍ਰਾਫੀ ਦੇ ਮੁਕਾਬਲਿਆਂ ਦਾ ਦੌਰ ਜਾਰੀ ਰਿਹਾ। ਰਾਤ ਵੇਲੇ ਸੁਰਿੰਦਰ ਸ਼ਰਮਾ ਮੁੱਲਾਪੁਰ ਦੀ ਨਿਰਦੇਸ਼ਨਾ ਹੇਠ ‘ਦੋ ਰੋਟੀਆਂ’ ਅਤੇ ‘ਕੰਮੀਆਂ ਦਾ ਵਿਹੜਾ’ ਨਾਟਕਾਂ ਦਾ ਸਫਲ ਮੰਚਨ ਕੀਤਾ ਗਿਆ, ਜਿਨ੍ਹਾਂ ਵਿੱਚ ਵਿਦੇਸ਼ਾਂ ਵਿੱਚ ਪ੍ਰਵਾਸ ਕਰ ਰਹੇ ਨੌਜਵਾਨਾਂ ਦੀ ਤਰਸ ਭਰੀ ਜ਼ਿੰਦਗੀ ਅਤੇ ਜਾਤ-ਪਾਤ ਵਿਤਕਰੇ ਦੀ ਸਮੱਸਿਆ ਨੂੰ ਦਰਸਾਇਆ ਗਿਆ। ਸ਼ਹੀਦ ਮਤੀ ਦਾਸ ਸਕੂਲ ਆਫ਼ ਐਮੀਨੈਂਸ ਦੇ ਵਿਦਿਆਰਥੀਆਂ ਵੱਲੋਂ ਗ਼ਦਰੀ ਗੁਲਾਬ ਕੌਰ ਤੇ ਉਪੇਰੇ ਨਾਟਕ ਦਾ ਮੰਚਨ ਕੀਤਾ ਗਿਆ। ਵੱਖ-ਵੱਖ ਸੈਸ਼ਨਾਂ ਵਿੱਚ ਲਖਵੀਰ ਲੌਂਗੋਵਾਲ, ਰਣਜੀਤ ਸਿੰਘ, ਅਨਿਲ ਸ਼ਰਮਾ ਵੱਲੋਂ ਮੰਚ ਸੰਚਾਲਨ ਬਾਖੂਬੀ ਕੀਤਾ ਗਿਆ। ਦਿਨ ਵੇਲੇ ਭੋਲਾ ਸੰਗਰਾਮੀ ਦੇ ਗੀਤ ਅਤੇ ਰਾਤ ਨੂੰ ਅਜਮੇਰ ਅਕਲੀਆ ਦੇ ਸ਼ਰਧਾਂਜਲੀ ਗੀਤਾਂ ਨਾਲ ਲੋਕ ਨਾਇਕਾਂ ਦੀ ਕੁਰਬਾਨੀ ਨੂੰ ਸਿਜਦਾ ਕੀਤਾ ਗਿਆ। ਸੰਸਥਾ ਦੇ ਪ੍ਰਧਾਨ ਬਲਵੀਰ ਲੌਂਗੋਵਾਲ ਅਤੇ ਸਕੱਤਰ ਜੁਝਾਰ ਲੌਂਗੋਵਾਲ ਨੇ ਸ਼ਹੀਦਾਂ ਦੇ ਸੁਪਨਿਆਂ ਦਾ ਸਮਾਜ ਸਿਰਜਣ ਲਈ ਅੱਗੇ ਆਉਣ ਅਤੇ ਮੁਲਕ ਵਿੱਚ ਲੋਕਾਂ ਨੂੰ ਫਿਰਕਾਪ੍ਰਸਤ ਤਾਕਤਾਂ ਖ਼ਿਲਾਫ਼ ਇਕਜੁੱਟ ਹੋ ਕੇ ਟਾਕਰਾ ਕਰਨ ਦਾ ਸੁਨੇਹਾ ਦਿੱਤਾ। ਕੋਰਿਓਗ੍ਰਾਫੀ ਮੁਕਾਬਲੇ ਵਿੱਚ ਆਸ਼ੀਰਵਾਦ ਡੇਅ ਬੋਰਡਿੰਗ ਸਕੂਲ ਝਾੜੋ ਨੇ ਪਹਿਲਾ, ਗੀਤ ਮੁਕਾਬਲੇ ਵਿੱਚੋਂ ਆਦਰਸ਼ ਸੀਨੀਅਰ ਸੈਕੰਡਰੀ ਮਾਡਲ ਸਕੂਲ, ਸੰਗਰੂਰ ਦੀ ਸਾਈਰਾ ਨੇ ਪਹਿਲਾ, ਭਾਸ਼ਣ ਮੁਕਾਬਲੇ ਵਿੱਚੋਂ ਆਸ਼ੀਰਵਾਦ ਡੇਅ ਬੋਰਡਿੰਗ ਸਕੂਲ ਝਾੜੋ ਦੀ ਗੁਰਸ਼ਾਨ ਕੌਰ ਨੇ ਪਹਿਲਾ ਸਥਾਨ ਹਾਸਲ ਕੀਤਾ। ਸੰਸਥਾ ਵੱਲੋਂ ਜੇਤੂ ਵਿਦਿਆਰਥੀਆਂ ਨੂੰ ਕਿਤਾਬਾਂ, ਯਾਦਗਾਰੀ ਚਿੰਨ੍ਹਾਂ ਅਤੇ ਨਕਦ ਇਨਾਮਾਂ ਨਾਲ ਸਨਮਾਨਿਤ ਕੀਤਾ ਗਿਆ। ਕਮਲਜੀਤ ਵਿੱਕੀ ਦੇ ਪਰਿਵਾਰ ਵੱਲੋਂ ਆਪਣੇ ਪਿਤਾ ਦੀ ਯਾਦ ਵਿੱਚ ਵਿਸ਼ੇਸ ਨਕਦ ਇਨਾਮ ਵੀ ਦਿੱਤਾ ਗਿਆ। ਇਸ ਮੌਕੇ ਉੱਘੇ ਪਰਜਾ ਮੰਡਲੀਏ ਪਾਲਾ ਸਿੰਘ ਨਾਗਰੀ ਦੇ ਪਰਿਵਾਰ, ਹਰਬੰਸ ਸਿੰਘ ਗਿੱਲ ਲੌਂਗੋਵਾਲ ਅਤੇ ਤਰਕਸ਼ੀਲ ਆਗੂ ਮਰਹੂਮ ਸਰਬਜੀਤ ਨਮੋਲ ਦੇ ਪਰਿਵਾਰ ਦਾ ਉਚੇਚੇ ਤੌਰ ’ਤੇ ਸਨਮਾਨ ਕੀਤਾ ਗਿਆ। ਸੰਸਥਾ ਦੇ ਵੀਹ ਸਾਲਾਂ ਦੇ ਸਫ਼ਰ ਦੀਆਂ ਸਰਗਰਮੀਆਂ ਤੇ ਇੱਕ ਕਿਤਾਬਚਾ ਵੀ ਜਾਰੀ ਕੀਤਾ ਗਿਆ। ਮੇਲੇ ਵਿਚ ਉਸਾਰੂ ਸਾਹਿਤਕ ਕਿਤਾਬਾਂ ਦੀਆਂ ਪ੍ਰਦਰਸ਼ਨੀਆਂ ਖਿੱਚ ਦਾ ਕੇਂਦਰ ਬਣੀਆਂ ਰਹੀਆਂ। ਕਾਮਰੇਡ ਬਸੇਸਰ ਰਾਮ, ਗੁਰਮੇਲ ਪਰਦੇਸੀ, ਇੰਜ ਵਤਨਪ੍ਰੀਤ ਸਿੰਘ, ਸਿਮਰਨਦੀਪ ਕੌਰ ਨਮੋਲ ਅਤੇ ਬੂਟਾ ਸਿੰਘ ਵੱਲੋਂ ਲੋਕ ਪੱਖੀ ਕਵਿਤਾਵਾਂ ਪੇਸ਼ ਕੀਤੀਆਂ ਗਈਆਂ। ਆਖੀਰ ਅਕਾਸ਼ ਗੁੰਜਾਊਂ ਇਨਕਲਾਬੀ ਨਾਅਰਿਆਂ ਨਾਲ ਅਮਿਟ ਪੈੜਾਂ ਛੱਡਦਾ ਮੇਲਾ ਦੇਸ਼ ਭਗਤਾਂ ਦਾ ਸਮਾਪਤ ਹੋ ਗਿਆ। ਮੇਲੇ ’ਚ ਵੱਖ-ਵੱਖ ਜਨਤਕ ਜਮਹੂਰੀ, ਤਰਕਸ਼ੀਲ, ਕਿਸਾਨ, ਮਜ਼ਦੂਰ ਆਦਿ ਜਥੇਬੰਦੀਆਂ ਦੇ ਆਗੂ ਸ਼ਾਮਲ ਹੋਏ।
