ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਸ਼ੇਰਪੁਰ ਦੇ ਸਰਕਾਰੀ ਹਸਪਤਾਲ ਵਿੱਚ ਡਾਕਟਰਾਂ ਦੀ ਘਾਟ ਕਾਰਨ ਮਰੀਜ਼ ਪ੍ਰੇਸ਼ਾਨ

ਸਿਹਤ ਅਤੇ ਸਿੱਖਿਆ ਭਾਵੇਂ ਪੰਜਾਬ ਸਰਕਾਰ ਦੇ ਤਰਜੀਹੀ ਵਿਭਾਗ ਹਨ ਪਰ ਕਮਿਊਨਿਟੀ ਹੈਲਥ ਸੈਂਟਰ ਸ਼ੇਰਪੁਰ ’ਚ ਮਾਹਰ ਡਾਕਟਰਾਂ ਸਮੇਤ ਸਿਹਤ ਅਮਲੇ ਦੀਆਂ ਵੱਡੀ ਗਿਣਤੀ ਖਾਲੀ ਪਈਆਂ ਅਸਾਮੀਆਂ ਕਾਰਨ ਬਹੁ-ਕਰੋੜੀ ਇਮਾਰਤ ਵਾਲਾ ਇਹ ਹਸਪਤਾਲ ਮਹਿਜ਼ ਰੈਫਰ ਸੈਂਟਰ ਬਣ ਕੇ ਰਹਿ ਗਿਆ...
ਕਮਿਊਨਿਟੀ ਸੈਂਟਰ ਸ਼ੇਰਪੁਰ ਦੀ ਇਮਾਰਤ।
Advertisement

ਸਿਹਤ ਅਤੇ ਸਿੱਖਿਆ ਭਾਵੇਂ ਪੰਜਾਬ ਸਰਕਾਰ ਦੇ ਤਰਜੀਹੀ ਵਿਭਾਗ ਹਨ ਪਰ ਕਮਿਊਨਿਟੀ ਹੈਲਥ ਸੈਂਟਰ ਸ਼ੇਰਪੁਰ ’ਚ ਮਾਹਰ ਡਾਕਟਰਾਂ ਸਮੇਤ ਸਿਹਤ ਅਮਲੇ ਦੀਆਂ ਵੱਡੀ ਗਿਣਤੀ ਖਾਲੀ ਪਈਆਂ ਅਸਾਮੀਆਂ ਕਾਰਨ ਬਹੁ-ਕਰੋੜੀ ਇਮਾਰਤ ਵਾਲਾ ਇਹ ਹਸਪਤਾਲ ਮਹਿਜ਼ ਰੈਫਰ ਸੈਂਟਰ ਬਣ ਕੇ ਰਹਿ ਗਿਆ ਹੈ। ਜ਼ਿਕਰਯੋਗ ਹੈ ਕਿ ਕਾਂਗਰਸ ਸਰਕਾਰ ਦੇ ਲੰਘੇ ਕਾਰਜਕਾਲ ਦੌਰਾਨ ਮਰਹੂਮ ਲੋਕ ਆਗੂ ਕਾਮਰੇਡ ਸੁਖਦੇਵ ਬੜੀ ਦੀ ਅਗਵਾਈ ਹੇਠ ਗਠਿਤ ਐਕਸ਼ਨ ਕਮੇਟੀ ਨੇ ਤਿੱਖਾ ਸੰਘਰਸ਼ ਲੜਕੇ ਇੱਥੇ ਡਾਕਟਰਾਂ ਦੀਆਂ ਅਸਾਮੀਆਂ ਲਿਆਕੇ ਐਮਰਜੈਂਸੀ ਸੇਵਾਵਾਂ ਸ਼ੁਰੂ ਕਰਵਾਈਆਂ ਹਨ ਜੋ ਹੁਣ ਅਮਲੇ ਦੀ ਘਾਟ ਕਾਰਨ ਲੰਬੇ ਸਮੇਂ ਤੋਂ ਬੰਦ ਹਨ।

‘ਹੋਪ ਫਾਰ ਮਹਿਲ ਕਲਾਂ’ ਦੇ ਇੰਚਾਰਜ ਦੇ ਕੁਲਵੰਤ ਸਿੰਘ ਟਿੱਬਾ ਵੱਲੋਂ ਹਾਲ ਹੀ ਦੌਰਾਨ ਸਿਹਤ ਵਿਭਾਗ ਤੋਂ ਪ੍ਰਾਪਤ ਕੀਤੀ ਆਰਟੀਆਈ ਤਹਿਤ ਮੈਡੀਕਲ ਅਫ਼ਸਰ ਦੀਆਂ ਸੱਤ ਮਨਜ਼ੂਰਸ਼ੁਦਾ ਅਸਾਮੀਆਂ ਹਨ ਜਿੱਥੇ ਸਿਰਫ਼ ਹੁਣ ਇੱਕ ਦੰਦਾਂ ਦਾ ਡਾਕਟਰ ਹੀ ਮੌਜੂਦ ਹੈ। ਮੈਡੀਕਲ ਅਫ਼ਸਰ ਜਨਰਲ ਦੀਆਂ ਦੋ ਮਨਜ਼ੂਰਸ਼ੁਦਾ ਅਸਾਮੀਆਂ ’ਚੋਂ ਹਾਲੇ ਕੱਲ੍ਹ ਪਰਸੋਂ ਹੀ ਇੱਕ ਅਸਾਮੀ ਭਰੀ ਗਈ। ਇਸ ਤੋਂ ਇਲਾਵਾ ਮੈਡੀਕਲ ਅਫ਼ਸਰ (ਸਪੈਸ਼ਲ ਜਨਰਲ ਸਰਜਰੀ), ਮੈਡੀਕਲ ਅਫਸਰ (ਸਪੈਸ਼ਲਿਸਟ ਗਾਇਨੀਕਾਲੋਜਿਸਟ), ਮੈਡੀਕਲ ਅਫਸਰ (ਸਪੈਸ਼ਲ ਮੈਡੀਸਨ), ਮੈਡੀਕਲ ਅਫਸਰ (ਬਾਲ ਰੋਗਾਂ ਦੇ ਮਾਹਿਰ) ਦੀ ਇੱਕ ਇੱਕ ਪੋਸਟ ਹੈ ਜੋ ਖਾਲੀ ਹਨ। ਇਸੇ ਤਰ੍ਹਾਂ ਅਪਥੈਲਮਿਕ ਅਫਸਰ ਦੀ 1, ਟਰੇਂਡ ਦਾਈ ਦੀਆਂ 2 ਅਸਾਮੀਆ, ਡਰਾਈਵਰ ਦੀਆਂ 3, ਚਪੜਾਸੀ ਦੀ ਇੱਕ, ਗੈਂਗਮੈਨ ਦੀਆਂ 4, ਚੌਕੀਦਾਰ ਦੀ ਇੱਕ, ਅਪ੍ਰੇਸ਼ਨ ਥੀਏਟਰ ਸਹਾਇਕ ਦੀ ਇੱਕ, ਐਮਐਲਟੀ ਦੀ ਇੱਕ, ਸੀਨੀਅਰ ਫਾਰਮੇਸੀ ਅਫਸਰ ਦੀ 1, ਕੰਪਿਊਟਰ ਅਪਰੇਟਰ ਦੀ 1 ਅਸਾਮੀ ਮਨਜ਼ੂਰਸ਼ੁਦਾ ਹੈ ਪਰ ਹੈਰਾਨੀ ਦੀ ਗੱਲ ਹੈ ਕਿ ਇਹ ਤਕਰੀਬਨ ਸਾਰੀਆਂ ਅਸਾਮੀਆਂ ਹੀ ਖਾਲੀ ਪਈਆਂ ਹਨ। ਸੀਨੀਅਰ ਮੈਡੀਕਲ ਅਫ਼ਸਰ ਦੀ ਖਾਲੀ ਚੱਲੀ ਆ ਰਹੀ ਅਸਾਮੀ ਹਾਲ ਹੀ ਦੌਰਾਨ ਲੁਧਿਆਣਾ ਤੋਂ ਪਦ-ਉੱਨਤ ਹੋ ਕੇ ਆਏ ਡਾ. ਜਸਦੀਪ ਸਿੰਘ ਦੇ ਹਾਜ਼ਰੀ ਪਾਉਣ ਮਗਰੋਂ ਭਰ ਗਈ ਹੈ। ਸਰਕਾਰੀ ਹਸਪਤਾਲ ਦੀ ਐਂਬੂਲੈਂਸ ਕੰਡਮ ਹੋਣ ਮਗਰੋਂ ਹੁਣ ਇਹ ਹਸਪਤਾਲ ਐਂਬੂਲੈਂਸ ਤੋਂ ਵੀ ਵਾਂਝਾ ਹੈ ਜਿਸ ਕਰਕੇ ਅਮਲੇ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਹੋਪ ਫਾਰ ਮਹਿਲ ਕਲਾਂ ਦੇ ਇੰਚਾਰਜ ਕੁਲਵੰਤ ਸਿੰਘ ਟਿੱਬਾ ਨੇ ਪੰਜਾਬ ਸਰਕਾਰ ਦੀ ਆਲੋਚਨਾ ਕਰਦਿਆਂ ਕਿਹਾ ਕਿ ਜ਼ਿਲ੍ਹਾ ਸੰਗਰੂਰ ਤੇ ਬਲਾਕ ਸ਼ੇਰਪੁਰ ਨਾਲ ਸਬੰਧਤ 21 ਪਿੰਡ ਜੋ ਬਰਨਾਲਾ ਜ਼ਿਲ੍ਹੇ ਦੇ ਵਿਧਾਨ ਸਭਾ ਹਲਕਾ ਮਹਿਲ ਕਲਾਂ ਨਾਲ ਸਬੰਧਤ ਹਨ ਉਨ੍ਹਾਂ ਲੋਕਾਂ ਨੂੰ ਸਰਕਾਰ ਨੇ ਬਿਲਕੁਲ ਅਣਗੌਲਿਆਂ ਕੀਤਾ ਹੋਇਆ ਹੈ।

Advertisement

ਸ਼੍ਰੋਮਣੀ ਅਕਾਲੀ ਦਲ ਦੇ ਸਕੱਤਰ ਜਨਰਲ ਮਾਸਟਰ ਹਰਬੰਸ ਸਿੰਘ ਸ਼ੇਰਪੁਰ ਨੇ ਕਿਹਾ ਕਿ ਜੇਕਰ ਕੋਈ ਐਕਸੀਡੈਂਟਲ ਕੇਸ ਜਾਂ ਕੋਈ ਹੋਰ ਗੰਭੀਰ ਬਿਮਾਰ ਮਰੀਜ਼ ਹਸਪਤਾਲ ਪਹੁੰਚਦਾ ਹੈ ਤਾਂ ਉਸ ਨੂੰ ਦਾਖਲ ਕਰਨ ਦੀ ਥਾਂ ਪੰਜ ਮਿੰਟਾਂ ’ਚ ਰੈਫਰ ਕਰ ਦਿੱਤਾ ਜਾਂਦਾ ਹੈ।

ਖਾਲੀ ਅਸਾਮੀਆਂ ਦੀ ਡਿਮਾਂਡ ਸਰਕਾਰ ਨੂੰ ਭੇਜੀ ਜਾਵੇਗੀ: ਸੀ ਐੱਮ ਓ

ਸੀ ਐੱਮ ਓ ਸੰਗਰੂਰ ਡਾ. ਅਮਰਜੀਤ ਕੌਰ ਨੇ ਕਿਹਾ ਕਿ ਉਹ ਹਾਲ ਹੀ ਦੌਰਾਨ ਲੁਧਿਆਣਾ ਤੋਂ ਬਦਲਕੇ ਆਏ ਹਨ ਅਤੇ ਜ਼ਿਲ੍ਹੇ ’ਚ ਜਿੱਥੇ ਵੀ ਹਸਪਤਾਲਾਂ ’ਚ ਅਸਾਮੀਆਂ ਖਾਲੀ ਹਨ ਉਹ ਡਿਮਾਂਡ ਸਰਕਾਰ ਨੂੰ ਲਿਖ ਕੇ ਭੇਜੀ ਜਾਵੇਗੀ। ਉਨ੍ਹਾਂ ਕਿਹਾ ਕਿ ਛੇਤੀ ਹੀ ਉਹ ਸ਼ੇਰਪੁਰ ਹਸਪਤਾਲ ਦਾ ਦੌਰਾ ਕਰਨਗੇ।

Advertisement
Show comments