ਰੋਡਵੇਜ਼ ਮੁਲਾਜ਼ਮਾਂ ਦੀ ਹੜਤਾਲ ਕਾਰਨ ਸਵਾਰੀਆਂ ਖੁਆਰ
ਪੰਜਾਬ ਰੋਡਵੇਜ਼, ਪਨਬੱਸ ਤੇ ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਦੀ ਅਗਵਾਈ ਹੇਠ ਰੋਡਵੇਜ਼ ਮੁਲਾਜ਼ਮਾਂ ਵੱਲੋਂ ਹੜਤਾਲ ਕਰਕੇ ਇੱਥੇ ਪੀਆਰਟੀਸੀ ਡਿਪੂ ਅੱਗੇ ਰੋਸ ਰੈਲੀ ਕੀਤੀ ਗਈ ਅਤੇ ਪੰਜਾਬ ਸਰਕਾਰ ਅਤੇ ਮੈਨੇਜਮੈਂਟ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਪ੍ਰਦਰਸ਼ਨਕਾਰੀ ਪੰਜਾਬ ਸਰਕਾਰ ਦੀ ਟੈਂਡਰ ਪਾਲਿਸੀ ਦੇ ਖ਼ਿਲਾਫ਼ ਰੋਸ ਜਤਾ ਰਹੇ ਸਨ ਅਤੇ ਆਪਣੀਆਂ ਮੰਗਾਂ ਮੰਨਵਾਉਣ ਲਈ ਸਰਕਾਰ ਖ਼ਿਲਾਫ਼ ਆਵਾਜ਼ ਬੁਲੰਦ ਕਰ ਰਹੇ ਸਨ। ਹੜਤਾਲ ਕਾਰਨ ਲੋਕਾਂ ਨੂੰ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪਿਆ ਅਤੇ ਬੱਸ ਸਟੈਂਡ ਵਿਚ ਬੱਸਾਂ ਉਡੀਕ ਰਹੀਆਂ ਸਵਾਰੀਆਂ ਦੀ ਭਾਰੀ ਭੀੜ ਲੱਗੀ ਰਹੀ। ਇਸ ਦੌਰਾਨ ਰੈਲੀ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਸੂਬਾ ਆਗੂ ਜਤਿੰਦਰ ਸਿੰਘ ਦੀਦਾਰਗੜ੍ਹ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਪੰਜਾਬ ਰੋਡਵੇਜ਼, ਪਨਬੱਸ ਤੇ ਪੀਆਰਟੀਸੀ ਦੇ ਵਰਕਰਾਂ ਦੀਆਂ ਮੰਗਾਂ ਨੂੰ ਨਜ਼ਰਅੰਦਾਜ ਕੀਤਾ ਜਾ ਰਿਹਾ ਹੈ। ਸਰਕਾਰ ਹੁਣ ਕਿਲੋਮੀਟਰ ਸਕੀਮ ਤਹਿਤ ਨਿੱਜੀ ਬੱਸਾਂ ਦਾ ਟੈਂਡਰ ਲਗਾ ਰਹੀ ਹੈ। ਟੈਂਡਰ ਦੀ ਸ਼ਰਤ ਮੁਤਾਬਕ 400 ਕਿਲੋਮੀਟਰ ਪ੍ਰਤੀ ਦਿਨ ਦਾ ਸਫ਼ਰ ਤੈਅ ਕਰਨ ਦੀ ਸ਼ਰਤ ਹੈ ਪਰ ਇੱਥੇ ਦਿਨ ਵਿਚ ਸਫ਼ਰ 600 ਤੋਂ 800 ਕਿਲੋਮੀਟਰ ਤੈਅ ਕਰਵਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਵਲੋਂ 1 ਜੁਲਾਈ 2024 ਨੂੰ ਮੀਟਿੰਗ ਕਰਕੇ ਇੱਕ ਮਹੀਨੇ ਦੇ ਅੰਦਰ ਕਮੇਟੀ ਗਠਿਤ ਕਰਕੇ ਮੰਗਾਂ ਦੇ ਹੱਲ ਦਾ ਭਰੋਸਾ ਦਿੱਤਾ ਸੀ ਪਰ ਅਜੇ ਤੱਕ ਕੋਈ ਠੋਸ ਨੀਤੀ ਨਹੀਂ ਲਿਆਂਦੀ ਗਈ। ਇਸ ਤੋਂ ਬਾਅਦ 9 ਜੁਲਾਈ 2025 ਨੂੰ ਸੰਘਰਸ਼ ਦੌਰਾਨ ਟਰਾਂਸਪੋਰਟ ਮੰਤਰੀ, ਵਿੱਤ ਮੰਤਰੀ ਅਤੇ ਮੈਨੇਜਮੈਂਟ ਅਧਿਕਾਰੀਆਂ ਨਾਲ ਮੀਟਿੰਗ ਹੋਈ ਅਤੇ ਜਲਦ ਮੰਗਾਂ ਮੰਨਣ ਦਾ ਭਰੋਸਾ ਦਿੱਤਾ ਗਿਆ। ਟਰਾਂਸਪੋਰਟ ਮੰਤਰੀ ਨੇ ਵੱਖਰੀ ਪਾਲਿਸੀ ਬਣਾ ਕੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦਾ ਭਰੋਸਾ ਦਿੱਤਾ ਸੀ। ਇਸ ਤੋਂ ਬਾਅਦ 16 ਜੁਲਾਈ ਨੂੰ ਮੰਗਾਂ ਮੰਨਣ ਅਤੇ 28 ਜੁਲਾਈ ਨੂੰ ਪਾਲਿਸੀ ਲਾਗੂ ਕਰਨ ਦਾ ਬਿਆਨ ਜਾਰੀ ਕੀਤਾ ਸੀ ਪਰ ਕੁੱਝ ਨਹੀਂ ਹੋਇਆ। ਯੂਨੀਅਨ ਦੇ ਡਿਪੂ ਪ੍ਰਧਾਨ ਹਰਪ੍ਰੀਤ ਸਿੰਘ, ਸੂੂਬਾ ਆਗੂ ਕਰਮਜੀਤ ਸਿੰਘ, ਸਕੱਤਰ ਸੁਖਜਿੰਦਰ ਸਿੰਘ, ਡਿਪੂ ਦੇ ਮੀਤ ਪ੍ਰਧਾਨ ਰਮਨਦੀਪ ਸਿੰਘ ਅਤੇ ਮੋਟਰ ਮਜ਼ਦੂਰ ਯੂਨੀਅਨ ਸੀਟੂ ਦੇ ਜਲਰਲ ਸਕੱਤਰ ਇੰਦਰਪਾਲ ਸਿੰਘ ਨੇ ਐਲਾਨ ਕੀਤਾ ਕਿ ਜੇਕਰ ਕਿਲੋਮੀਟਰ ਸਕੀਮ ਤਹਿਤ ਬੱਸਾਂ ਦਾ ਟੈਂਡਰ ਖੋਲ੍ਹਣ ਦਾ ਯਤਨ ਕੀਤਾ ਗਿਆ ਤਾਂ ਚੱਕਾ ਜਾਮ ਕੀਤਾ ਜਾਵੇਗਾ ਤੇ ਮੁੱਖ ਮੰਤਰੀ ਦੀ ਕੋਠੀ ਅੱਗੇ ਰੋਸ ਧਰਨਾ ਦਿੱਤਾ ਜਾਵੇਗਾ। ਇਸ ਮੌਕੇ ਗੁਰਪ੍ਰੀਤ ਸਿੰਘ, ਅਮਨਦੀਪ ਸਿੰਘ, ਰਾਮ ਸਿੰਘ, ਬਲਜੀਤ ਸਿੰਘ, ਹਰਸੇਵਕ ਸਿੰਘ ਆਦਿ ਮੌਜੂਦ ਸਨ।