ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਪ੍ਰਕਾਸ਼ ਪੁਰਬ: ਗੁਰਦੁਆਰਿਆਂ ’ਚ ਦੀਪਮਾਲਾ

ਸਵੇਰੇ ਪ੍ਰਭਾਤ ਫੇਰੀਆਂ ਸਜਾੲੀਆਂ; ਰਾਤ ਵੇਲੇ ਆਤਿਸ਼ਬਾਜ਼ੀ
ਪਟਿਆਲਾ ਦੇ ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਵਿਖੇ ਮੋਮਬੱਤੀਆਂ ਬਾਲਦੀ ਹੋਈ ਸੰਗਤ। -ਫੋਟੋ: ਰਾਜੇਸ਼ ਸੱਚਰ
Advertisement

ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਅੱਜ ਇਥੇ ਇਲਾਕੇ ਭਰ ਵਿਚ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਗੁਰਦੁਆਰਿਆਂ ’ਚ ਫੁੱਲਾਂ ਨਾਲ ਸਜਾਵਟ ਕੀਤੀ ਗਈ ਅਤੇ ਸਵੇਰ ਸਮੇਂ ਪ੍ਰਭਾਤ ਫੇਰੀਆਂ ਸਜਾਈਆਂ ਗਈਆਂ। ਰਾਤ ਵੇਲੇ ਗੁਰਦੁਆਰਿਆਂ ’ਚ ਵਿਸ਼ੇਸ਼ ਦੀਪਮਾਲਾ ਕੀਤੀ ਗਈ ਅਤੇ ਆਤਿਸ਼ਬਾਜ਼ੀ ਵਿਸ਼ੇਸ਼ ਖਿੱਚ ਦਾ ਕਾਰਨ ਬਣੀ। ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਵਿਖੇ ਮੈਨੇਜਰ ਭਾਗ ਸਿੰਘ ਚੌਹਾਨ ਦੀ ਦੇਖ-ਰੇਖ ਹੇਠ ਸਮਾਗਮ ਕਰਵਾਏ ਗਏ। ਇਸ ਮੌਕੇ ਸਿੱਖ ਸਭਾਵਾਂ, ਸੁਸਾਇਟੀਆਂ ਸਣੇ ਸ਼੍ਰੋਮਣੀ ਕਮੇਟੀ ਵੱਲੋਂ ਗੁਰੂ ਦੇ ਅਤੁੱਟ ਲੰਗਰ ਚਲਾਏ ਗਏ। ਅਖੰਡ ਪਾਠ ਦੇ ਭੋਗ ਮੌਕੇ ਹੈੱਡ ਗ੍ਰੰਥੀ ਭਾਈ ਪ੍ਰਨਾਮ ਸਿੰਘ ਨੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਅਤੇ ਹਜ਼ੂਰੀ ਕੀਰਤਨੀ ਤੇ ਢਾਡੀ ਜਥਿਆਂ ਨੇ ਦਿਨ ਭਰ ਹਾਜ਼ਰੀ ਲਵਾਈ। ਧਾਰਮਕ ਸਮਾਗਮ ਦੌਰਾਨ ਉਚੇਚੇ ਤੌਰ ’ਤੇ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ, ਅੰਤਿ੍ਰੰਗ ਕਮੇਟੀ ਮੈਂਬਰ ਜਥੇਦਾਰ ਸੁਰਜੀਤ ਸਿੰਘ ਗੜ੍ਹੀ, ਮੈਂਬਰ ਜਸਮੇਰ ਸਿੰਘ ਲਾਛੜੂ ਤੇ ਜਰਨੈਲ ਸਿੰਘ ਕਰਤਾਰਪੁਰ ਸਮੇਤ ਕਈ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਵੀ ਪੁੱਜੀਆਂ।

ਕਿਰਪਾਲ ਸਿੰਘ ਬਡੂੰਗਰ ਤੇ ਸੁਰਜੀਤ ਗੜੀ ਨੇ ਕਿਹਾ ਕਿ ਗੁਰੂ ਨਾਨਕ ਦੇਵ ਨੇ ਕਿਰਤ ਕਰੋ, ਨਾਮ ਜਪੋ, ਵੰਡ ਛਕੋ ਦਾ ਅਜਿਹਾ ਅਨੋਖਾ ਫਲਸਫਾ ਦਿੱਤਾ, ਜੋ ਕਿਸੇ ਵੀ ਧਾਰਮਕ ਗ੍ਰੰਥ ਵਿਚ ਨਹੀਂ ਹੈ। ਇਸ ਮੌਕੇ ਕਿਸਾਨ ਆਗੂ ਜਸਦੇਵ ਬਹਿਣੀਵਾਲ, ਰਾਣਾ ਨਿਰਮਾਣ, ਡਾ. ਬਲਬੀਰ ਭੱਟਮਾਜਰਾ ਤੇ ਹਰਦੀਪ ਸਿਹਰਾ ਨੇ ਸੇਵਾ ’ਚ ਯੋਗਦਾਨ ਪਾਇਆ। ਇਸ ਮੌਕੇ ਮੈਨੇਜਰ ਭਾਗ ਸਿੰਘ ਚੌਹਾਨ, ਮੀਤ ਮੈਨੇਜਰ ਮਨਦੀਪ ਭਲਵਾਨ, ਹੈੱਡ ਗ੍ਰੰਥੀ ਗਿਆਨੀ ਫੂਲਾ ਸਿੰਘ, ਸੁਖਦੇਵ ਸਿੰਘ, ਗੋਲਡੀ ਟਿਵਾਣਾ, ਹਰਵਿੰਦਰ ਕਾਲਵਾ, ਪੰਮਾ ਹਾਜ਼ਰ ਸਨ।

Advertisement

ਗੁਰਦੁਆਰਾ ਨਾਨਕਿਆਣਾ ਸਾਹਿਬ ’ਚ ਕਾਰ ਸੇਵਾ

ਸੇਵਾ ਕਰਦੇ ਹੋਏ ਸਾਬਕਾ ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ।

ਸੰਗਰੂਰ (ਗੁਰਦੀਪ ਸਿੰਘ ਲਾਲੀ): ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਸ਼ਹਿਰ ਦੇ ਵੱਖ-ਵੱਖ ਗੁਰਦੁਆਰਿਆਂ ਅਤੇ ਇਲਾਕੇ ਦੇ ਪਿੰਡਾਂ ਵਿੱਚ ਬੜੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਗਿਆ। ਗੁਰੂ ਘਰਾਂ ਵਿਚ ਅਖੰਡ ਪਾਠ ਦੇ ਭੋਗ ਪਾਏ ਗਏ। ਗੁਰਦੁਆਰਾ ਨਾਨਕਿਆਣਾ ਸਾਹਿਬ ਦੇ ਸਰੋਵਰ ਦੀ ਸਫ਼ਾਈ ਦੀ ਚੱਲ ਰਹੀ ਸੇਵਾ ਵਿਚ ਸੰਗਤ ਨੇ ਵਧ-ਚੜ੍ਹ ਕੇ ਸੇਵਾ ਕੀਤੀ। ਇਸ ਮੌਕੇ ਸਾਬਕਾ ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ ਗੁਰੂ ਘਰ ਨਤਮਸਤਕ ਹੋਏ ਅਤੇ ਸਰੋਵਰ ਦੀ ਕਾਰ ਸੇਵਾ ਵਿਚ ਹਿੱਸਾ ਲਿਆ। ਵਿਜੈ ਇੰਦਰ ਸਿੰਗਲਾ ਨੇ ਕਿਹਾ ਕਿ ਗੁਰਦੁਆਰਾ ਨਾਨਕਿਆਣਾ ਸਾਹਿਬ ਨੂੰ ਗੁਰੂ ਨਾਨਕ ਦੇਵ ਜੀ ਅਤੇ ਮੀਰੀ-ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਦੀ ਚਰਨ ਛੋਹ ਪ੍ਰਾਪਤ ਹੈ। ਉਨ੍ਹਾਂ ਕਿਹਾ ਕਿ ਗੁਰੂ ਨਾਨਕ ਦੇਵ ਦੀਆਂ ਨਾਮ ਜਪਣ, ਕਿਰਤ ਕਰਨ ਅਤੇ ਵੰਡ ਛਕਣ ਦੀਆਂ ਸਿੱਖਿਆਵਾਂ ਮਨੁੱਖਤਾ ਲਈ ਅਸਲੀ ਰਾਹ ਦਰਸਾਉਂਦੀਆਂ ਹਨ। ਇਲਾਕੇ ਦੇ ਪਿੰਡਾਂ ਵਿੱਚ ਵੀ ਅਖੰਡ ਪਾਠ ਦੇ ਭੋਗ ਪਾਏ ਅਤੇ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ।

ਪਾਬੰਦੀ ਦੇ ਹੁਕਮਾਂ ਦੀਆਂ ਧੱਜੀਆਂ ਉਡਾਈਆਂ

ਸੰਗਰੂਰ (ਨਿੱਜੀ ਪੱਤਰ ਪ੍ਰੇਰਕ): ਭਾਵੇਂ ਜ਼ਿਲ੍ਹਾ ਪ੍ਰਸ਼ਾਸਨ ਨੇ ਗੁਰੂ ਨਾਨਕ ਦੇਵ ਦੇ ਪ੍ਰਕਾਸ਼ ਪੁਰਬ ਮੌਕੇ ਅੱਜ ਮੀਟ, ਮੱਛੀ, ਆਂਡੇ, ਤੰਬਾਕੂ, ਨਾਨ-ਵੈਜੀਟੇਰੀਅਨ ਹੋਟਲ/ਢਾਬੇ ਅਤੇ ਅਹਾਤੇ ਬੰਦ ਰੱਖਣ ਦੇ ਹੁਕਮ ਜਾਰੀ ਕੀਤੇ ਗਏ ਸਨ ਪਰ ਸਬੰਧਤ ਦੁਕਾਨਾਂ ਵਾਲਿਆਂ ਨੇ ਜ਼ਿਲ੍ਹਾ ਮੈਜਿਸਟ੍ਰੇਟ ਦੇ ਹੁਕਮਾਂ ਨੂੰ ਟਿੱਚ ਜਾਣਿਆ। ਜ਼ਿਲ੍ਹਾ ਮੈਜਿਸਟ੍ਰੇਟ ਨੇ ਜਾਰੀ ਹੁਕਮਾਂ ’ਚ ਕਿਹਾ ਸੀ ਕਿ ਪ੍ਰਕਾਸ਼ ਪੁਰਬ ਮੌਕੇ ਮੀਟ, ਮੱਛੀ, ਆਂਡੇ, ਤੰਬਾਕੂ ਨਾਲ ਵੈਜੀਟੇਰੀਅਨ ਹੋਟਲ/ਢਾਬੇ ਆਦਿ ਖੁੱਲ੍ਹੇ ਰਹਿਣ ਕਾਰਨ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਦੀ ਹੈ, ਇਸ ਲਈ ਇਹ ਦੁਕਾਨਾਂ ਆਦਿ ਬੰਦ ਕੀਤੀਆਂ ਜਾਣੀਆਂ ਜ਼ਰੂਰੀ ਹਨ। ਇਨ੍ਹਾਂ ਹੁਕਮਾਂ ਵਿੱਚ ਸ਼ਰਾਬ ਦੇ ਠੇਕਿਆਂ ਨੂੰ ਬੰਦ ਰੱਖਣ ਬਾਰੇ ਕੋਈ ਜ਼ਿਕਰ ਨਹੀਂ ਕੀਤਾ ਗਿਆ ਜਿਸ ਕਰਕੇ ਠੇਕੇ ਖੁੱਲ੍ਹੇ ਰਹੇ ਅਤੇ ਸ਼ਰਾਬ ਦੀ ਵਿਕਰੀ ਹੁੰਦੀ ਰਹੀ। ਅੱਜ ਸ਼ਹਿਰ ਵਿੱਚ ਆਂਡੇ, ਮੀਟ, ਤੰਬਾਕੂ ਅਤੇ ਨਾਨ ਵੈਜ਼ੀਟੇਰੀਆਨ ਢਾਬੇ ਖੁੱਲ੍ਹੇ ਨਜ਼ਰ ਆਏ। ਜ਼ਿਲ੍ਹਾ ਪ੍ਰਸ਼ਾਸਨ ਨੇ ਹੁਕਮਾਂ ਨੂੰ ਲਾਗੂ ਕਰਵਾਉਣ ਲਈ ਕੋਈ ਚੈਕਿੰਗ ਨਹੀਂ ਕੀਤੀ।

Advertisement
Show comments