ਪੰਥ ਗੰਭੀਰ ਸੰਕਟ ’ਚੋਂ ਲੰਘ ਰਿਹੈ: ਢੀਂਡਸਾ
ਸ਼੍ਰੋਮਣੀ ਅਕਾਲੀ ਦਲ ਦੀ ਪੁਨਰ ਸੁਰਜੀਤੀ ਲਈ ਮੁਹਿੰਮ ਦੇ ਆਗੂਆਂ ਦੀ ਅਗਵਾਈ ਹੇਠ ਗੁਰਦੁਆਰਾ ਕੈਂਬੋਵਾਲ ਲੌਂਗੋਵਾਲ ’ਚ ਮੀਟਿੰਗ ਹੋਈ ਜਿਸ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਮਰਹੂਮ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਬਰਸੀ 20 ਅਗਸਤ ਨੂੰ ਪੂਰੀ ਸ਼ਰਧਾ ਨਾਲ ਮਨਾਉਣ ਦਾ ਅਹਿਦ ਲਿਆ ਗਿਆ। ਮੀਟਿੰਗ ਨੂੰ ਪੰਜ ਮੈਂਬਰੀ ਭਰਤੀ ਕਮੇਟੀ ਦੇ ਮੈਂਬਰ ਇਕਬਾਲ ਸਿੰਘ ਝੁੂੰਦਾਂ, ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਅਤੇ ਐਸਜੀਪੀਸੀ ਦੇ ਸਾਬਕਾ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਸਮੇਤ ਅਨੇਕਾਂ ਆਗੂਆਂ ਨੇ ਸੰਬੋਧਨ ਕੀਤਾ। ਇਕਬਾਲ ਸਿੰਘ ਝੂੰਦਾਂ ਨੇ ਕਿਹਾ ਕਿ ਸਾਡੇ ਵੱਡੇ ਵਡੇਰਿਆਂ ਨੇ ਸ਼੍ਰੋਮਣੀ ਅਕਾਲੀ ਦਲ ਦੀ ਵਿਚਾਰਧਾਰਾ ਦੀ ਨੀਂਹ ਰੱਖੀ ਸੀ ਜੋ ਅੱਜ ਵੀ ਹਰ ਸਿੱਖ ਅਤੇ ਹਰ ਪੰਜਾਬੀ ਦੇ ਦਿਲਾਂ ਵਿੱਚ ਭਰੋਸੇ ਤੇ ਉਮੀਦ ਦੀ ਪ੍ਰਤੀਕ ਹੈ। ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਪੰਥ ਗੰਭੀਰ ਸੰਕਟ ਵਿਚੋਂ ਲੰਘ ਰਿਹਾ ਹੈ ਅਤੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਾਰੀ ਹੁਕਮਨਾਮਿਆਂ ਨੂੰ ਲਾਗੂ ਨਾ ਕਰਨ ਲਈ ਹੇਠਲੇ ਦਰਜੇ ਦੀ ਸਿਆਸਤ ਕੀਤੀ ਜਾ ਰਹੀ ਹੈ ਜਿਸ ਤੋਂ ਕੌਮ ਨੂੰ ਸੁਚੇਤ ਰਹਿਣ ਦੀ ਲੋੜ ਹੈ। ਸ੍ਰੀ ਢੀਂਡਸਾ ਨੇ ਦਾਅਵਾ ਕੀਤਾ ਕਿ ਸੰਤ ਲੌਂਗੋਵਾਲ ਦੀ ਬਰਸੀ ਮੌਕੇ ਰਿਕਾਰਡ ਤੋੜ ਇਕੱਠ ਹੋਵੇਗਾ ਜੋ ਅਕਾਲੀ ਦਲ ਦੀ ਪੁਨਰ ਸੁਰਜੀਤੀ ਲਈ ਵੱਡਾ ਸੁਨੇਹਾ ਦੇਵੇਗਾ। ਐਸਜੀਪੀਸੀ ਦੇ ਸਾਬਕਾ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਾਰੀ ਹੁਕਮਨਾਮੇ ’ਤੇ ਪਹਿਰਾ ਦੇਣਾ ਹਰ ਸਿੱਖ ਦਾ ਫਰਜ਼ ਹੈ। ਉਨ੍ਹਾਂ ਕਿਹਾ ਕਿ ਬਰਸੀ ਸਮਾਗਮ ਵਿਚ ਸੰਗਤ ਦੇ ਪੁੱਜਣ ਲਈ ਹਰ ਪ੍ਰਬੰਧ ਕੀਤਾ ਜਾਵੇਗਾ।