ਸੀਵਰੇਜ ਬੋਰਡ ਮੁਲਾਜ਼ਮਾਂ ਦੇ ਆਗੂਆਂ ਦੀ ਚੀਮਾ ਨਾਲ ਪੈਨਲ ਮੀਟਿੰਗ
ਪੰਜਾਬ ਵਾਟਰ ਸਪਲਾਈ ਤੇ ਸੀਵਰੇਜ ਬੋਰਡ ਐਂਪਲਾਈਜ਼ ਕੰਟਰੈਕਟ ਵਰਕਰਜ਼ ਯੂਨੀਅਨ ਦੇ ਸੂਬਾਈ ਵਫ਼ਦ ਦੀ ਸਿਵਲ ਸਕੱਤਰੇਤ ਚੰਡੀਗੜ੍ਹ ਵਿੱਚ ਸਬ-ਕਮੇਟੀ ਦੇ ਚੇਅਰਮੈਨ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ, ਸਥਾਨਕ ਸਰਕਾਰਾਂ ਵਿਭਾਗ ਦੇ ਪ੍ਰਿੰਸੀਪਲ ਸੈਕਟਰੀ ਤੇਜਵੀਰ ਸਿੰਘ, ਮੁੱਖ ਕਾਰਜਕਾਰੀ ਅਫਸਰ ਦੀਪਤੀ ਉੱਪਲ ਆਦਿ ਅਧਿਕਾਰੀਆਂ ਨਾਲ ਪੈਨਲ ਮੀਟਿੰਗ ਹੋਈ। ਮੀਟਿੰਗ ਤੋਂ ਪਰਤੇ ਯੂਨੀਅਨ ਦੇ ਸੂਬਾ ਪ੍ਰਧਾਨ ਸ਼ੇਰ ਸਿੰਘ ਖੰਨਾ ਨੇ ਦੱਸਿਆ ਕਿ ਵਫ਼ਦ ਵਿਚ ਉਨ੍ਹਾਂ ਨਾਲ ਗਗਨਦੀਪ ਸਿੰਘ ਸੁਨਾਮ, ਗੁਰਵਿੰਦਰ ਸਿੰਘ ਧਾਲੀਵਾਲ ਅਤੇ ਪ੍ਰਦੀਪ ਸਿੰਘ ਛਾਹੜ ਸ਼ਾਮਲ ਸਨ। ਉਨ੍ਹਾਂ ਦੱਸਿਆ ਕਿ
ਸੀਵਰੇਜ ਬੋਰਡ ਦੇ ਵਿੱਚ ਠੇਕੇਦਾਰ ਕੰਪਨੀਆਂ ਤੇ ਸੁਸਾਇਟੀਆਂ ਨੂੰ ਬਾਹਰ ਕੱਢ ਕੇ ਬੋਰਡ ਵਿੱਚ ਰੱਖੇ 2348 ਕਾਮਿਆਂ ਨੂੰ ਸਿੱਧਾ ਵਿਭਾਗ ਵਿੱਚ ਮਰਜ ਕਰਕੇ ਰੈਗੂਲਰ ਕਰਨ ਅਤੇ ਉਕਤ ਮੁਲਾਜ਼ਮਾਂ ਨੂੰ ਗੁਜ਼ਾਰੇ ਜੋਗੀ ਤਨਖਾਹ ਦੇਣ ਦਾ ਮੁੱਦਾ ਉਠਾਇਆ ਗਿਆ। ਉਨ੍ਹਾਂ ਦੱਸਿਆ ਕਿ ਮੀਟਿੰਗ ’ਚ ਸਬ ਕਮੇਟੀ ਦੇ ਚੇਅਰਮੈਨ ਹਰਪਾਲ ਸਿੰਘ ਚੀਮਾ ਨੇ ਭਰੋਸਾ ਦਿੱਤਾ ਕਿ ਜਿਹੜੇ ਮੁਲਾਜ਼ਮ ਸੀਵਰੇਜ ਬੋਰਡ ਦੇ ਵਿੱਚ ਆਊਟਸੋਰਸ ਦੇ ਰਾਹੀਂ ਆਪਣੀਆਂ ਸੇਵਾਵਾਂ ਪਿਛਲੇ ਲੰਮੇ ਅਰਸੇ ਤੋਂ ਨਿਭਾਅ ਰਹੇ ਹਨ ਉਨ੍ਹਾਂ ਦੇ ਲਈ ਤਿੰਨ ਸਾਲਾ ਪਾਲਿਸੀ ਬਣਾਈ ਜਾਵੇਗੀ। ਸੀਵਰੇਜ ਬੋਰਡ ਵੱਲੋਂ ਪੂਰੇ ਪੰਜਾਬ ਦੇ ਵਿੱਚੋਂ ਵਰਕਰਾਂ ਦੀ ਗਿਣਤੀ ਇਕੱਠੀ ਕਰਕੇ ਸੂਚੀਆਂ ਮੰਗਵਾ ਲਈਆਂ ਹਨ। ਉਨ੍ਹਾਂ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤਾਂ ਕਰਦਿਆਂ ਕਿਹਾ ਕਿ ਇਨ੍ਹਾਂ ਮੁਲਾਜ਼ਮਾਂ ਲਈ ਇੱਕ ਵਧੀਆ ਨੀਤੀ ਬਣਾਈ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਉਕਤ ਏਜੰਸੀਆਂ ਨੂੰ ਬਾਹਰ ਕੱਢ ਕੇ ਬੋਰਡ ਕੋਲ ਪੈਸਾ ਬਚਦਾ ਹੈ ਤਾਂ ਉਹ ਪੈਸਾ ਸਿੱਧਾ ਸੀਵਰੇਜ ਬੋਰਡ ਵੱਲੋਂ ਤਨਖਾਹਾਂ ਦੇ ਰੂਪ ਵਿੱਚ ਮੁਲਾਜ਼ਮਾਂ ਨੂੰ ਜਾਰੀ ਕੀਤਾ ਜਾਵੇਗਾ। ਜਥੇਬੰਦੀ ਦੇ ਆਗੂਆਂ ਵੱਲੋਂ ਸੀਵਰੇਜ ਬੋਰਡ ਦੇ ਮੁਲਾਜ਼ਮਾਂ ਦੇ ਹੱਕਾਂ ਲਈ ਵਧੀਆ ਪਾਲਿਸੀ ਲਿਆਉਣ ਵਾਸਤੇ ਦਿੱਤੇ ਭਰੋਸੇ ਲਈ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਸੀਵਰੇਜ ਬੋਰਡ ਦੇ ਟੈਕਨੀਕਲ ਐਡਵਾਈਜ਼ਰ ਮੁਕੇਸ਼ ਗਰਗ, ਐੱਮਪੀਜੀਏ, ਗੁਰਵਿੰਦਰ ਪਾਲ ਸਿੰਘ, ਸਰਬਜੀਤ ਸਿੰਘ, ਮਲਕੀਤ ਸਿੰਘ ਪੀਏ ਆਦਿ ਹਾਜ਼ਰ ਸਨ।