ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਸੰਗਰੂਰ ਤੇ ਭਵਾਨੀਗੜ੍ਹ ਅਨਾਜ ਮੰਡੀ ’ਚ ਕਣਕ ਦੀ ਵੱਧ ਤੁਲਾਈ

ਪੰਜਾਬ ਮੰਡੀ ਬੋਰਡ ਦੀ ਡੀਜੀਐੱਮ ਨੇ ਚੈਕਿੰਗ ਦੌਰਾਨ ਹੇਰਾ-ਫੇਰੀ ਫੜੀ; ਫਰਮਾਂ ਨੂੰ ਨੋਟਿਸ ਜਾਰੀ
ਭਵਾਨੀਗੜ੍ਹ ਮੰਡੀ ’ਚ ਅਚਨਚੇਤ ਚੈਕਿੰਗ ਦੌਰਾਨ ਪੰਜਾਬ ਮੰਡੀ ਬੋਰਡ ਦੀ ਡੀਜੀਐੱਮ ਭਜਨ ਕੌਰ।
Advertisement

ਗੁਰਦੀਪ ਸਿੰਘ ਲਾਲੀ/ਮੇਜਰ ਸਿੰਘ ਮੱਟਰਾਂ

ਸੰਗਰੂਰ/ਭਵਾਨੀਗੜ੍ਹ, 20 ਅਪਰੈਲ

Advertisement

ਸੰਗਰੂਰ ਅਤੇ ਭਵਾਨੀਗੜ੍ਹ ਦੀਆਂ ਅਨਾਜ ਮੰਡੀਆਂ ਵਿੱਚ ਪੰਜਾਬ ਮੰਡੀ ਬੋਰਡ ਦੇ ਡਿਪਟੀ ਜਨਰਲ ਮੈਨੇਜਰ ਭਜਨ ਕੌਰ ਵੱਲੋਂ ਅਚਨਚੇਤ ਚੈਕਿੰਗ ਦੌਰਾਨ ਇੱਕ-ਇੱਕ ਫਰਮ ਵੱਲੋਂ ਕਿਸਾਨਾਂ ਦੀ ਕਣਕ ਦੀ ਢੇਰੀ ’ਤੇ ਤੈਅ ਮਾਪਦੰਡ ਤੋਂ 100 ਗ੍ਰਾਮ ਵੱਧ ਕਣਕ ਦੀ ਤੁਲਾਈ ਗੱਟਿਆਂ ’ਚ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਹੇਰਾਫੇਰੀ ਦਾ ਨੋਟਿਸ ਲੈਂਦਿਆਂ ਸਬੰਧਤ ਦੋਵੇਂ ਫਰਮਾਂ ਨੂੰ ਨੋਟਿਸ ਜਾਰੀ ਕਰਕੇ ਜੁਰਮਾਨੇ ਦੇ ਹੁਕਮ ਕੀਤੇ ਗਏ ਹਨ।

ਪੰਜਾਬ ਮੰਡੀ ਬੋਰਡ ਦੇ ਡਿਪਟੀ ਜਨਰਲ ਮੈਨੇਜਰ ਭਜਨ ਕੌਰ ਨੇ ਭਵਾਨੀਗੜ੍ਹ ਅਤੇ ਸੰਗਰੂਰ ਦੀਆਂ ਅਨਾਜ ਮੰਡੀਆਂ ਵਿੱਚ ਅਚਨਚੇਤ ਨਿਰੀਖਣ ਕੀਤਾ। ਉਨ੍ਹਾਂ ਨੇ ਇਸ ਦੌਰਾਨ ਜਿੱਥੇ ਮੰਡੀਆਂ ਵਿੱਚ ਪ੍ਰਸ਼ਾਸਨਿਕ ਪ੍ਰਬੰਧਾਂ ਦਾ ਜਾਇਜ਼ਾ ਲਿਆ ਉੱਥੇ ਹੀ ਕਿਸਾਨਾਂ ਨਾਲ ਗੱਲਬਾਤ ਵੀ ਕੀਤੀ। ਡੀਜੀਐੱਮ ਨੇ ਭਰੀਆਂ ਬੋਰੀਆਂ ਦੀ ਜਾਂਚ ਪੜਤਾਲ ਦੌਰਾਨ ਦੋਵੇਂ ਮੰਡੀਆਂ ਵਿਚ ਕਿਸਾਨਾਂ ਦੀ ਕਣਕ ਦੀ 100 ਗ੍ਰਾਮ ਵੱਧ ਤੁਲਾਈ ਕੀਤੀ ਜਾ ਰਹੀ ਸੀ। ਇਸ ਬਾਰੇ ਜ਼ਿਲ੍ਹਾ ਮੰਡੀ ਅਫਸਰ ਕੁਲਜੀਤ ਸਿੰਘ ਨੇ ਦੱਸਿਆ ਕਿ ਅੱਜ ਅਨਾਜ ਮੰਡੀ ਸੰਗਰੂਰ ਵਿੱਚ ਡੀ.ਜੀ.ਐਮ ਭਜਨ ਕੌਰ ਵੱਲੋਂ ਕੀਤੀ ਚੈਕਿੰਗ ਦੌਰਾਨ ਮੈਸਰਜ਼ ਨਰੇਸ਼ ਕੁਮਾਰ ਐਂਡ ਸੰਨਜ਼ ਫਰਮ ਵੱਲੋਂ ਕਿਸਾਨ ਗੁਰਚਰਨ ਸਿੰਘ ਵਾਸੀ ਭਲਵਾਨ ਦੀ ਢੇਰੀ ’ਤੇ 100 ਗ੍ਰਾਮ ਜ਼ਿਆਦਾ ਤੁਲਾਈ ਸਾਹਮਣੇ ਆਉਣ ਤੋਂ ਤੁਰੰਤ ਬਾਅਦ ਸਕੱਤਰ ਮਾਰਕੀਟ ਕਮੇਟੀ ਨੂੰ ਹਦਾਇਤ ਕੀਤੀ ਗਈ ਕਿ ਸਬੰਧਤ ਫਰਮ ਨੂੰ ਪੰਜਾਬ ਮੰਡੀ ਬੋਰਡ ਦੇ ਨਿਯਮਾਂ ਮੁਤਾਬਕ ਬਣਦਾ ਜੁਰਮਾਨਾ ਲਗਾਇਆ ਜਾਵੇ ਅਤੇ ਇਸ ਫਰਮ ਨੂੰ 99 ਗੱਟਿਆਂ ਵਿੱਚ ਵੱਧ ਤੁਲਾਈ ਪਾਏ ਜਾਣ ’ਤੇ ਜੁਰਮਾਨਾ ਲਗਾ ਦਿੱਤਾ ਗਿਆ ਹੈ।

ਇਸੇ ਤਰ੍ਹਾਂ ਜਾਂਚ ਪੜਤਾਲ ਦੌਰਾਨ ਭਵਾਨੀਗੜ੍ਹ ਦੀ ਰਾਮਪੁਰਾ ਅਨਾਜ ਮੰਡੀ ਵਿੱਚ ਮੈਸਰਜ਼ ਆਤਮਾ ਰਾਮ ਰਾਜ ਕੁਮਾਰ ਨਾਂ ਦੀ ਫਰਮ ਵੱਲੋਂ ਕਿਸਾਨ ਮਨਦੀਪ ਸਿੰਘ ਵਾਸੀ ਫਤਿਹਗੜ੍ਹ ਭਾਦਸੋਂ ਦੀ ਢੇਰੀ ’ਤੇ ਤੁਲਾਈ 100 ਗ੍ਰਾਮ ਤੋਂ ਜ਼ਿਆਦਾ ਭਰੀ ਪਾਈ ਗਈ। ਉਨ੍ਹਾਂ ਦੱਸਿਆ ਕਿ 72 ਗੱਟੇ ਭਰੇ ਹੋਏ ਪਾਏ ਗਏ ਅਤੇ ਮੰਡੀ ਸੁਪਰਵਾਈਜ਼ਰ ਵੱਲੋਂ ਮੌਕੇ ਤੇ ਹੀ ਸਬੰਧਤ ਫ਼ਰਮ ਨੂੰ ਜੁਰਮਾਨਾ ਲਗਾਇਆ ਗਿਆ ਹੈ।

ਉਨ੍ਹਾਂ ਨੇ ਦੱਸਿਆ ਕਿ ਦੋਵੇਂ ਫਰਮਾਂ ਨੂੰ ਨੋਟਿਸ ਵੀ ਜਾਰੀ ਕੀਤੇ ਗਏ ਹਨ। ਜ਼ਿਲ੍ਹਾ ਮੰਡੀ ਅਫਸਰ ਨੇ ਦੱਸਿਆ ਕਿ ਜਿਹੜੇ ਕਿਸਾਨਾਂ ਦੀ ਕਣਕ ਘੱਟ ਤੁਲੀ ਪਾਈ ਗਈ ਸੀ ਉਸ ਦੇ ਸਬੰਧ ਵਿੱਚ ਉਨ੍ਹਾਂ ਨੂੰ ਬਣਦਾ ਜੇ ਫਾਰਮ ਮੌਕੇ ’ਤੇ ਮੁਹੱਈਆ ਕਰਵਾ ਦਿੱਤਾ ਹੈ।

ਕਣਕ ਵੱਧ ਤੋਲਣ ਵਾਲੇ ਖ਼ਿਲਾਫ਼ ਕਾਰਵਾਈ ਕਰਾਂਗੇ: ਪੰਡੋਰੀ

ਸ਼ੇਰਪੁਰ (ਬੀਰਬਲ ਰਿਸ਼ੀ): ਮਾਰਕੀਟ ਕਮੇਟੀ ਸ਼ੇਰਪੁਰ ਦੇ ਅਧੀਨ ਪੈਂਦੇ ਖ਼ਰੀਦ ਕੇਂਦਰ ਈਨਾਬਾਜਵਾ ਵਿੱਚ ਪੁੱਜੇ ‘ਆਪ’ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਸਪਸ਼ੱਟ ਕਿਹਾ ਕਿ ਜਿਹੜਾ ਕੋਈ ਆੜ੍ਹਤੀਆ ਵੱਧ ਤੋਲਦਾ ਫੜਿਆ ਗਿਆ ਹੈ ਅਤੇ ਸਬੰਧਤ ਲੋਕਾਂ ਦੀ ਹੋਈ ਕਾਰਵਾਈ ’ਤੇ ਤਸੱਲੀ ਨਹੀਂ ਹੁੰਦੀ ਤਾਂ ਉਸ ਦਾ ਲਾਇਸੈਂਸ ਰੱਦ ਕੀਤਾ ਜਾਵੇਗਾ। ਉਨ੍ਹਾਂ ਕਿਸਾਨਾਂ ਨੂੰ ਖ਼ਰੀਦ ਕੇਂਦਰਾਂ ਵਿੱਚ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਵੱਖ-ਵੱਖ ਸਹੂਲਤਾਂ ਸਬੰਧੀ ਕਿਤੇ ਵੀ ਕਮੀ ਪੇਸ਼ੀ ਸਾਹਮਣੇ ਆਉਂਦੀ ਹੈ ਤਾਂ ਸਬੰਧਤ ਠੇਕੇਦਾਰ ਨੂੰ ਕਾਲੀ ਸੂਚੀ ਵਿੱਚ ਪਾਉਣ ਤੋਂ ਗੁਰੇਜ਼ ਨਹੀਂ ਕੀਤਾ ਜਾਵੇਗਾ। ਯਾਦ ਰਹੇ ਬੀਕੇਯੂ ਡਕੌਂਦਾ (ਧਨੇਰ) ਦੇ ਕਾਰਕੁਨਾਂ ਨੇ ਇਕਾਈ ਪ੍ਰਧਾਨ ਰਣਜੀਤ ਸਿੰਘ ਤੇ ਗਗਨਦੀਪ ਗੱਗੀ ਸਮੇਤ ਹੋਰ ਕਿਸਾਨਾਂ ਨੇ ਮਾਰਕੀਟ ਕਮੇਟੀ ਦੇ ਮੁਲਾਜ਼ਮਾਂ ਦੀ ਹਾਜ਼ਰੀ ਵਿੱਚ ਨਿਰਧਾਰਤ ਤੋਂ ਵੱਧ ਤੋਲ ਲਗਾਉਂਦੇ ਫੜ੍ਹੇ ਆੜ੍ਹਤੀਆਂ ਨੂੰ ਘੱਟ ਜੁਰਮਾਨਾ ਲਗਾ ਕੇ ਛੱਡਣ ਦੀ ਕਾਰਵਾਈ ਨੂੰ ਅੱਧੀ ਅਧੂਰੀ ਸਮਝਦਿਆਂ ਇਸ ਦਾ ਵਿਰੋਧ ਕੀਤਾ ਸੀ।

Advertisement