ਹੜ੍ਹ ਪੀੜਤਾਂ ਦੀ ਮਦਦ ਲਈ ਅੱਗੇ ਆਈਆਂ ਜਥੇਬੰਦੀਆਂ
ਗੁਰਦੁਆਰਾ ਹਾਅ ਦਾ ਨਾਅਰਾ ਪ੍ਰਬੰਧਕ ਕਮੇਟੀ ਨੇ ਖ਼ਾਲਸਾ ਏਡ ਇੰਡੀਆ ਨੂੰ ਹੜ੍ਹ ਪੀੜਤਾਂ ਲਈ ਇੱਕ ਲੱਖ ਰੁਪਏ ਦੀ ਰਾਸ਼ੀ ਭੇਟ ਕੀਤੀ
ਗੁਰਦੁਆਰਾ ਹਾਅ ਦਾ ਨਾਅਰਾ ਮਾਲੇਰਕੋਟਲਾ ਦੇ ਪ੍ਰਬੰਧਕ ਖਾਲਸ਼ਾ ਏਡ ਇੰਡੀਆ ਚੈਰੀਟੇਬਲ ਟਰੱਸਟ ਪਟਿਆਲਾ ਦੇ ਮੈਨੇਜਰ ਭਾਈ ਗੁਰਵਿੰਦਰ ਸਿੰਘ ਨੂੰ ਇੱਕ ਲੱਖ ਰੁਪਏ ਦੀ ਰਾਸ਼ੀ ਹੜ੍ਹ ਪੀੜਤਾਂ ਲਈ ਭੇਟ ਕਰਦੇ ਹੋਏ।
Advertisement
ਅਣਕਿਆਸੇ ਹੜ੍ਹਾਂ ਨਾਲ ਤਬਾਹ ਹੋਏ ਪੰਜਾਬ ਦੇ ਲੱਖਾਂ ਲੋਕਾਂ ਦੀ ਮੱਦਦ ਲਈ ਮਾਲੇਰਕੋਟਲਾ ਸਥਿਤ ਗੁਰਦੁਆਰਾ ਸਾਹਿਬ ਹਾਅ ਦਾ ਨਾਅਰਾ ਚੈਰੀਟੇਬਲ ਟਰੱਸਟ ਅਤੇ ਪ੍ਰਬੰਧਕ ਕਮੇਟੀ ਨੇ ਹਾਅ ਦਾ ਨਾਅਰਾ ਮਾਰਿਆ ਹੈ। ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਨੇ ਗੁਰੂ ਦੀ ਗੋਲਕ ਅਤੇ ਸੰਗਤ ਦੇ ਸਹਿਯੋਗ ਨਾਲ ਇਕੱਠੀ ਕੀਤੀ ਇੱਕ ਲੱਖ ਰੁਪਏ ਦੀ ਰਾਸ਼ੀ ਅੱਜ ਖ਼ਾਲਸਾ ਏਡ ਇੰਡੀਆ ਚੈਰੀਟੇਬਲ ਟਰੱਸਟ ਪਟਿਆਲਾ ਦੇ ਮੈਨੇਜਰ ਭਾਈ ਗੁਰਵਿੰਦਰ ਸਿੰਘ ਨੂੰ ਸੌਂਪ ਕੇ ਭਰੋਸਾ ਦਿੱਤਾ ਕਿ ਮਾਲੇਰਕੋਟਲਾ ਦੀ ਸੰਗਤ ਹੜ੍ਹ ਪੀੜਤਾਂ ਦੀ ਮਦਦ ਲਈ ਹਰ ਵੇਲੇ ਤਿਆਰ ਰਹੇਗੀ।
ਗੁਰਦੁਆਰਾ ਚੈਰੀਟੇਬਲ ਟਰੱਸਟ ਦੇ ਚੇਅਰਮੈਨ ਅਤੇ ਸਾਬਕਾ ਸੂਚਨਾ ਕਮਿਸ਼ਨਰ ਜਥੇਦਾਰ ਅਜੀਤ ਸਿੰਘ ਚੰਦੂਰਾਈਆਂ ਨੇ ਕਿਹਾ ਕਿ ਪੰਥ, ਪੰਜਾਬ ਅਤੇ ਮੁਲਕ ਉਪਰ ਆਈ ਹਰ ਬਿਪਤਾ ਦੀ ਘੜੀ ਹਾਅ ਦਾ ਨਾਅਰਾ ਬੁਲੰਦ ਕਰਨ ਵਾਲੀ ਮਾਲੇਰਕੋਟਲਾ ਦੀ ਧਰਤੀ ਦੇ ਜਾਏ ਪੰਜਾਬ ਉਪਰ ਆਏ ਇਸ ਦਰਦਨਾਕ ਸੰਕਟ ਮੌਕੇ ਸਭ ਤੋਂ ਅੱਗੇ ਹੋ ਕੇ ਡਟਣਗੇ ਤਾਂ ਜੋ ਆਪਣਾ ਸਭ ਕੁੱਝ ਗੁਆ ਚੁੱਕੇ ਪੰਜਾਬ ਵਾਸ਼ੀਆਂ ਨੂੰ ਮੁੜ ਪੈਰਾਂ ’ਤੇ ਖੜ੍ਹਾ ਕੀਤਾ ਜਾ ਸਕੇ। ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਬਹਾਦਰ ਸਿੰਘ, ਲੈਕਚਰਾਰ ਗੁਰਪ੍ਰੀਤ ਸਿੰਘ ਜਵੰਧਾ, ਹੈੱਡ ਗ੍ਰੰਥੀ ਗਿਆਨੀ ਨਰਿੰਦਰਪਾਲ ਸਿੰਘ, ਹਰਪ੍ਰੀਤ ਸਿੰਘ ਭੰਗੂ, ਜਰਨੈਲ ਸਿੰਘ ਮੰਨਵੀ, ਰਣਜੋਧ ਸਿੰਘ,ਸੁਪਰਡੈਂਟ ਸੁਰਜੀਤ ਸਿੰਘ ਚੌਹਾਨ, ਬਹਾਦਰ ਸਿੰਘ ਕਿਲਾ ਅਤੇ ਮਾਸਟਰ ਪਿਆਰਾ ਸਿੰਘ ਮੌਜੂਦ ਸਨ।
Advertisement
Advertisement