ਬਾਜ਼ਾਰ ਵਿੱਚ ਪਟਾਕੇ ਵੇਚਣ ਦਾ ਵਿਰੋਧ
ਕਸਬਾ ਸ਼ੇਰਪੁਰ ਵਿੱਚ ਨਿਯਮਾਂ ਦੀ ਉਲੰਘਣਾ ਕਰ ਕੇ ਭੀੜ ਵਾਲੇ ਬਾਜ਼ਾਰ ਵਿੱਚ ਵੇਚੇ ਜਾ ਰਹੇ ਪਟਾਕਿਆਂ ਵਿਰੁੱਧ ਅੱਜ ਵਾਤਾਵਰਨ ਪ੍ਰੇਮੀਆਂ ਵੱਲੋਂ ਥਾਣਾ ਸ਼ੇਰਪੁਰ ਅੱਗੇ ਨਾਅਰੇਬਾਜ਼ੀ ਕੀਤੀ ਗਈ। ਵਾਤਾਵਰਨ ਪ੍ਰੇਮੀ ਮੰਗ ਕਰ ਰਹੇ ਸਨ ਕਿ ਉੱਚ ਅਦਾਲਤ ਵੱਲੋਂ ਦੀਵਾਲੀ ਮੌਕੇ ਪਟਾਕਿਆਂ ਸਬੰਧੀ ਕੀਤੀਆਂ ਹਦਾਇਤਾਂ ਨੂੰ ਲਾਗੂ ਕੀਤਾ ਜਾਵੇ। ਕੁਦਰਤ-ਮਾਨਵ ਕੇਂਦਰਿਤ ਲੋਕ ਲਹਿਰ ਦੇ ਇਕਾਈ ਕਨਵੀਨਰ ਸੰਦੀਪ ਸਿੰਘ ਗਰੇਵਾਲ, ਆਗੂ ਸੁਖਦੀਪ ਸਿੰਘ ਰਟੋਲ, ਮਾਸਟਰ ਮਹਿੰਦਰ ਪ੍ਰਤਾਪ, ਮਾਸਟਰ ਈਸ਼ਰ ਸਿੰਘ, ਬਹਾਦਰ ਸਿੰਘ ਚੌਧਰੀ, ਕੇਸਰ ਸਿੰਘ ਗਰੇਵਾਲ ਅਤੇ ਬਲਦੇਵ ਸਿੰਘ ਘਨੌਰੀ ਖੁਰਦ ਨੇ ਦੱਸਿਆ ਕਿ ਉਨ੍ਹਾਂ ਦੀਵਾਲੀ ਮੌਕੇ ਭਰੇ ਬਾਜ਼ਾਰ ਅੰਦਰ ਪਟਾਕੇ ਨਾ ਰੱਖਣ ਅਤੇ ਨਿਰਧਾਰਤ ਕੀਤੀ ਜਗ੍ਹਾ ’ਤੇ ਹੀ ਲਾਈਸੈਂਸ ਹੋਲਡਰ ਵਿਅਕਤੀਆਂ ਵੱਲੋਂ ਪਟਾਕੇ ਵੇਚੇ ਜਾਣ ਦੀ ਪੈਰਵੀ ਕਰਦਿਆਂ ਨਾਇਬ ਤਹਿਸੀਲਦਾਰ ਸ਼ੇਰਪੁਰ ਰਾਹੀਂ ਐੱਸ ਡੀ ਐੱਮ ਧੂਰੀ ਅਤੇ ਐੱਸ ਐੱਚ ਓ ਸ਼ੇਰਪੁਰ ਨੂੰ ਅਗਾਊਂ ਮੰਗ ਪੱਤਰ ਦਿੱਤੇ ਸਨ। ਆਗੂਆਂ ਨੇ ਕਿਹਾ ਕਿ ਪ੍ਰਸ਼ਾਸਨ ਪਤਾ ਨਹੀਂ ਕਿਹੜੀਆਂ ਮਜਬੂਰੀਆਂ ਕਾਰਨ ਕਸਬਾ ਸ਼ੇਰਪੁਰ ਦੇ ਭੀੜ ਵਾਲੇ ਬਾਜ਼ਾਰ ਵਿੱਚ ਲੱਗੀਆਂ ਦੁਕਾਨਾਂ ਸਬੰਧੀ ਮੂਕ ਦਰਸ਼ਕ ਬਣਿਆ ਹੋਇਆ ਹੈ। ਉਨ੍ਹਾਂ ਅਦਾਲਤ ਦੀਆਂ ਹਦਾਇਤਾਂ ਨੂੰ ਲਾਗੂ ਨਾ ਕਰਵਾਏ ਜਾਣ ’ਤੇ ਉੱਚ ਅਦਾਲਤ ਦਾ ਬੂਹਾ ਖੜਕਾਉਣ ਦੀ ਦੀ ਵੀ ਚਿਤਾਵਨੀ ਦਿੱਤੀ। ਇਸ ਸਬੰਧੀ ਜਦੋਂ ਥਾਣਾ ਸ਼ੇਰਪੁਰ ਵਿੱਚ ਮੁਨਸ਼ੀ ਨਾਲ ਸੰਪਰਕ ਕੀਤਾ ਤਾਂ ਮੌਜੂਦ ਮੁਲਾਜ਼ਮ ਨੇ ਵਾਤਾਵਰਨ ਪ੍ਰੇਮੀਆਂ ਦੀ ਨਾਅਰੇਬਾਜ਼ੀ ਸਬੰਧੀ ਅਗਿਆਨਤਾ ਪ੍ਰਗਟ ਕੀਤੀ ਅਤੇ ਕਿਹਾ ਕਿ ਮੁਨਸ਼ੀ ਨਾਲ ਸਵੇਰ ਸਮੇਂ ਹੀ ਗੱਲ ਹੋ ਸਕੇਗੀ। ਕੋਸ਼ਿਸ਼ ਦੇ ਬਾਵਜੂਦ ਐੱਸ ਐੱਚ ਓ ਸ਼ੇਰਪੁਰ ਨਾਲ ਸੰਪਰਕ ਨਹੀਂ ਹੋ ਸਕਿਆ।