ਪਿੰਡ ਬਾਦਸ਼ਾਹਪੁਰ ਨੂੰ ਸ਼ੇਰਪੁਰ ਨਾਲ ਜੋੜਨ ਦਾ ਵਿਰੋਧ
ਪਿੰਡ ਬਾਦਸ਼ਾਹਪੁਰ ਨੂੰ ਬਲਾਕ ਧੂਰੀ ’ਚੋਂ ਕੱਢਕੇ ਬਲਾਕ ਸ਼ੇਰਪੁਰ ਨਾਲ ਜੋੜਨ ਦੀ ਸੰਭਾਵੀ ਤਜਵੀਜ਼ ਦਾ ਤਿੱਖਾ ਵਿਰੋਧ ਕਰਦਿਆਂ ਪਿੰਡ ਦੇ ਮੋਹਤਬਰਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਰਾਜਪਾਲ ਅਤੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੂੰ ਲਿਖਤੀ ਇਤਰਾਜ਼ ਭੇਜਕੇ ਉਕਤ ਪਿੰਡ ਨੂੰ ਧੂਰੀ ਬਲਾਕ ਦਾ ਹੀ ਹਿੱਸਾ ਰਹਿਣ ਦੇਣ ਦੀ ਜ਼ੋਰਦਾਰ ਵਕਾਲਤ ਕੀਤੀ। ਪਿੰਡ ਦੇ ਸਰਪੰਚ, ਨੰਬਰਦਾਰਾਂ ਤੇ ਹੋਰ ਦਰਜਨਾਂ ਮੋਹਤਬਰਾਂ ਦੇ ਦਸਤਖਤਾਂ ਵਾਲੀ ਲਿਖਤੀ ਦਰਖਾਸਤ ਪ੍ਰੈੱਸ ਨੂੰ ਜਾਰੀ ਕਰਦਿਆਂ ਸਾਬਕਾ ਸਰਪੰਚ ਰਾਮਸਰੂਪ ਸਿੰਘ ਬਾਦਸ਼ਾਹਪੁਰ ਅਤੇ ਕੇਵਲ ਸਿੰਘ ਬਾਦਸ਼ਾਹਪੁਰ ਨੇ ਦੱਸਿਆ ਕਿ ਸਾਲ 2015 ਤੋਂ ਪਹਿਲਾਂ ਪਿੰਡ ਬਾਦਸ਼ਾਹਪੁਰ ਬਲਾਕ ਸ਼ੇਰਪੁਰ ਦਾ ਹੀ ਹਿੱਸਾ ਸੀ ਪਰ ਲੋਕਾਂ ਨੇ ਉਸ ਸਮੇਂ ਦੇ ਮੁੱਖ ਮੰਤਰੀ ਅੱਗੇ ਪੇਸ਼ ਹੋ ਕੇ ਆਪਣੀਆਂ ਸਮੱਸਿਆਵਾਂ ਦਾ ਜ਼ਿਕਰ ਕਰਦਿਆਂ ਇਸ ਪਿੰਡ ਨੂੰ ਬਲਾਕ ਧੂਰੀ ਨਾਲ ਜੋੜਨ ਦੀ ਬੇਨਤੀ ਕੀਤੀ ਸੀ। ਆਗੂਆਂ ਅਨੁਸਾਰ ਵਧੀਕ ਡਾਇਰੈਕਟਰ ਪੰਚਾਇਤ ਵੱਲੋਂ 22 ਮਾਰਚ 2016 ਨੂੰ ਜਾਰੀ ਕੀਤੇ ਪੱਤਰ ਵਿੱਚ ਲੋਕਾਂ ਦੀ ਮੰਗ ਮੰਨਦਿਆਂ ਬਾਦਸ਼ਾਹਪੁਰ ਨੂੰ ਬਲਾਕ ਧੂਰੀ ਵਿੱਚ ਸ਼ਾਮਲ ਕਰਨ ਸਬੰਧੀ ਪੱਤਰ ਜਾਰੀ ਕਰ ਦਿੱਤਾ ਗਿਆ। ਆਗੂਆਂ ਨੇ ਦਾਅਵਾ ਕੀਤਾ ਕਿ ਹੁਣ ਲੋਕ ਭਾਵਨਾਵਾਂ ਦੇ ਉਲਟ ਦੁਬਾਰਾ ਪਿੰਡ ਬਾਦਸ਼ਾਹਪੁਰ ਨੂੰ ਮੁੜ ਸ਼ੇਰਪੁਰ ਬਲਾਕ ਨਾਲ ਜੋੜੇ ਜਾਣ ਦੀਆਂ ਤਜਵੀਜ਼ਾਂ ਦਾ ਉਹ ਵਿਰੋਧ ਕਰਦੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਇਸ ਮਾਮਲੇ ਸਬੰਧੀ ਪਿੰਡ ਵਾਸੀਆਂ ਤੋਂ ਕੋਈ ਰਾਇ ਮਸ਼ਵਰਾ ਵੀ ਨਹੀਂ ਲਿਆ ਗਿਆ। ਬੀਡੀਪੀਓ ਮਹਿਲ ਕਲਾਂ ਗੁਰਜਿੰਦਰ ਸਿੰਘ (ਵਾਧੂ ਚਾਰਜ ਸ਼ੇਰਪੁਰ) ਨੇ ਕਿਹਾ ਕਿ ਉਹ ਦਫ਼ਤਰ ਰਿਕਾਰਡ ਦੇਖ ਕੇ ਹੀ ਕੁੱਝ ਦੱਸ ਸਕਣਗੇ। ਉਂਝ, ਉਨ੍ਹਾਂ ਕੋਲ ਹਾਲੇ ਤੱਕ ਕੋਈ ਇਤਰਾਜ਼ ਨਹੀਂ ਆਇਆ। ਬੀਡੀਪੀਓ ਧੂਰੀ ਜਸਵਿੰਦਰ ਸਿੰਘ ਨੇ ਦੱਸਿਆ ਕਿ ਹਲਕਾ ਮਹਿਲ ਕਲਾਂ ਦਾ ਇੱਕੋ-ਇੱਕ ਪਿੰਡ ਬਾਦਸ਼ਾਹਪੁਰ ਹੈ ਜੋ ਬਲਾਕ ਧੂਰੀ ਦਾ ਹਿੱਸਾ ਹੈ ਅਤੇ ਇਸ ਨੂੰ ਸ਼ੇਰਪੁਰ ਬਲਾਕ ਨਾਲ ਜੋੜੇ ਜਾਣ ਦੀ ਤਜਵੀਜ਼ ਹੈ।