ਪੰਜਾਬ ਗ੍ਰਾਮੀਣ ਬੈਂਕ ਦੇ ਸਥਾਪਨਾ ਦਿਵਸ ਦੀ ਤਰੀਕ ਬਦਲਣ ਦਾ ਵਿਰੋਧ
ਪੰਜਾਬ ਗ੍ਰਾਮੀਣ ਬੈਂਕ ਦੇ ਸਥਾਪਨਾ ਦਿਵਸ ਦੀ ਤਰੀਕ ਬਦਲਣ ਦਾ ਪੰਜਾਬ ਗ੍ਰਾਮੀਣ ਬੈਂਕ ਪੈਨਸ਼ਨਰਜ਼ ਫੈਡਰੇਸ਼ਨ ਵਲੋਂ ਵਿਰੋਧ ਕਰਦਿਆਂ ਇਸ ਨੂੰ ਪੂਰਨ ਤੌਰ ’ਤੇ ਗੈਰਕਾਨੂੰਨੀ ਅਤੇ ਭਾਰਤ ਸਰਕਾਰ ਦੇ ਨੋਟੀਫਿਕੇਸ਼ਨ ਦੀ ਘੋਰ ਉਲੰਘਣਾ ਕਰਾਰ ਦਿੱਤਾ ਗਿਆ ਹੈ। ਪੰਜਾਬ ਗ੍ਰਾਮੀਣ ਬੈਂਕ ਪੈਨਸ਼ਨਰਜ਼ ਫੈਡਰੇਸ਼ਨ ਦੇ ਮੌਜੂਦਾ ਜਨਰਲ ਸਕੱਤਰ ਕਾਮਰੇਡ ਪਾਲੀ ਰਾਮ ਬਾਂਸਲ ਨੇ ਦੱਸਿਆ ਕਿ ਕੇਂਦਰ ਸਰਕਾਰ ਦੀ ਛੋਟੇ ਬੈਂਕਾਂ ਦਾ ਆਪਸ ਵਿੱਚ ਰਲੇਵਾ ਕਰਕੇ ਵੱਡੇ ਬੈਂਕ ਬਣਾਉਣ ਦੀ ਨੀਤੀ ਤਹਿਤ ਪੰਜਾਬ ਵਿਚਲੇ ਤਿੰਨ ਗ੍ਰਾਮੀਣ ਬੈਂਕਾਂ ਪੰਜਾਬ ਗ੍ਰਾਮੀਣ ਬੈਂਕ ਕਪੂਰਥਲਾ, ਮਾਲਵਾ ਗ੍ਰਾਮੀਣ ਬੈਂਕ ਸੰਗਰੂਰ ਤੇ ਸਤਲੁਜ ਗ੍ਰਾਮੀਣ ਬੈਂਕ ਬਠਿੰਡਾ ਦਾ ਰਲੇਵਾ ਕਰਕੇ 1-1-2019 ਨੂੰ ਪੰਜਾਬ ਗ੍ਰਾਮੀਣ ਬੈਂਕ ਹੋਂਦ ਵਿਚ ਆਇਆ ਸੀ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਦੇ ਨੋਟੀਫਿਕੇਸ਼ਨ ਵਿੱਚ ਸਾਫ ਦਰਜ ਹੈ ਕਿ 1 ਜਨਵਰੀ 2019 ਤੋਂ ਇੱਕ ਨਵਾਂ ਬੈਂਕ ਹੋਂਦ ਵਿਚ ਆਵੇਗਾ। ਉਨ੍ਹਾਂ ਦਾਅਵਾ ਕੀਤਾ ਕਿ 2020 ਤੋਂ ਲੈ ਕੇ 2023 ਤੱਕ ਬੈਂਕ ਆਪਣਾ ਸਥਾਪਨਾ ਦਿਵਸ 1 ਜਨਵਰੀ ਨੂੰ ਹੀ ਮਨਾਉਂਦਾ ਰਿਹਾ ਪਰ ਬਾਅਦ ਵਿਚ ਬੈਂਕ ਪ੍ਰਬੰਧਕ ਨੇ ਸਥਾਪਨਾ ਦਿਵਸ 12-9-2023 ਨੂੰ ਮਨਾਉਣ ਦਾ ਫੈਸਲਾ ਲਿਆ ਜਿਸ ਦਾ ਫੈਡਰੇਸ਼ਨ ਲਗਾਤਾਰ ਵਿਰੋਧ ਅਤੇ 1 ਜਨਵਰੀ ਨੂੰ ਮਨਾਉਣ ਦੀ ਮੰਗ ਕਰਦੀ ਆ ਰਹੀ ਹੈ। ਉਨ੍ਹਾਂ ਕਿਹਾ ਕਿ 12 ਸਤੰਬਰ ਨੂੰ ਸਥਾਪਨਾ ਦਿਵਸ ਮਨਾਉਣਾ ਗੈਰਕਾਨੂੰਨੀ ਅਤੇ ਕੇਂਦਰ ਸਰਕਾਰ ਦੇ 21-12-2018 ਦੇ ਨੋਟੀਫਿਕੇਸ਼ਨ ਦੀ ਘੋਰ ਉਲੰਘਣਾ ਹੈ। ਸ੍ਰੀ ਬਾਂਸਲ ਨੇ ਕਿਹਾ ਕਿ ਸਥਾਪਨਾ ਦਿਵਸ ਵੀ 1 ਜਨਵਰੀ ਨੂੰ ਮਨਾਇਆ ਜਾਣਾ ਚਾਹੀਦਾ ਹੈ।