ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਸਿਵਲ ਹਸਪਤਾਲ ਵਿੱਚ ਖੁੱਲ੍ਹੇਆਮ ਕੂੜਾ ਸੁੱਟਣ ਦਾ ਮਾਮਲਾ ਭਖਿਆ

ਜਨਤਕ ਕਾਰਕੁਨਾਂ ਵੱਲੋਂ ਅਣਗਹਿਲੀ ਦਾ ਦੋਸ਼; ਕਾਰਵਾਈ ਦੀ ਮੰਗ
ਸੰਗਰੂਰ ਸਿਵਲ ਹਸਪਤਾਲ ਵਿੱਚ ਖੁੱਲ੍ਹੇਆਮ ਸੁੱਟਿਆ ਕੂੜਾ ਦਿਖਾਉਂਦੇ ਹੋਏ ਸ਼ਹਿਰ ਦੇ ਪਤਵੰਤੇ।
Advertisement

ਸਥਾਨਕ ਸਿਵਲ ਹਸਪਤਾਲ ਕੰਪਲੈਕਸ ਵਿੱਚ ਖੁੱਲ੍ਹੇਆਮ ਬਾਇਓ ਮੈਡੀਕਲ ਕੂੜਾ ਸੁੱਟਣ ਦਾ ਮਾਮਲਾ ਉਸ ਸਮੇਂ ਭਖ ਗਿਆ, ਜਦੋਂ ਸ਼ਹਿਰ ਦੇ ਜਨਤਕ ਕਾਰਕੁਨਾਂ ਨੇ ਮੌਕੇ ’ਤੇ ਪੁੱਜ ਕੇ ਮਾਮਲੇ ਦਾ ਗੰਭੀਰ ਨੋਟਿਸ ਲੈਂਦਿਆਂ ਇਸ ਨੂੰ ਅਪਰਾਧਿਕ ਅਣਗਹਿਲੀ ਕਰਾਰ ਦਿੱਤਾ ਅਤੇ ਇਸ ਲਾਪ੍ਰਵਾਹੀ ਨੂੰ ਲੋਕਾਂ ਦੀ ਸਿਹਤ ਲਈ ਵੱਡਾ ਖ਼ਤਰਾ ਕਰਾਰ ਦਿੱਤਾ। ਉਨ੍ਹਾਂ ਸਬੰਧਤ ਪ੍ਰਸ਼ਾਸਨ ਅਤੇ ਅਧਿਕਾਰੀਆਂ ਵਿਰੁੱਧ ਤੁਰੰਤ ਸਖਤ ਅਤੇ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ। ਇਸ ਮੌਕੇ ਐਡਵੋਕੇਟ ਕਮਲ ਆਨੰਦ ਨੇ ਕਿਹਾ ਕਿ ਸਿਵਲ ਹਸਪਤਾਲ ਵਿੱਚ ਮੈਡੀਕਲ ਕੂੜੇ ਨੂੰ ਖੁੱਲ੍ਹੇ ਵਿੱਚ ਪਿਆ ਬਾਇਓਮੈਡੀਕਲ ਕੂੜਾ (ਜਿਵੇਂ ਕਿ ਵਰਤੀਆਂ ਹੋਈਆਂ ਸੂਈਆਂ, ਪੱਟੀਆਂ ਅਤੇ ਹੋਰ ਸੰਕਰਮਿਤ ਸਮੱਗਰੀ) ਆਸ-ਪਾਸ ਦੇ ਲੋਕਾਂ, ਮਰੀਜ਼ਾਂ ਅਤੇ ਹਸਪਤਾਲ ਦੇ ਸਟਾਫ਼ ਲਈ ਬਿਮਾਰੀਆਂ ਅਤੇ ਲਾਗ ਫੈਲਾਉਣ ਦਾ ਕਾਰਨ ਬਣ ਸਕਦਾ ਹੈ ਜੋ ਕਿ ਅਪਰਾਧਕ ਅਣਗਹਿਲੀ ਹੈ। ਐਡਵੋਕੇਟ ਆਨੰਦ ਨੇ ਕਿਹਾ ਕਿ ਹਸਪਤਾਲ ਸਟਾਫ਼ ਨੇ ਬਾਇਓਮੈਡੀਕਲ ਕੂੜਾ ਪ੍ਰਬੰਧਨ ਦੇ ਸਖ਼ਤ ਨਿਯਮਾਂ ਦੀ ਪਾਲਣਾ ਕਰਨ ਵਿੱਚ ਅਸਫ਼ਲਤਾ ਦਿਖਾਈ ਹੈ ਅਤੇ ਇਸ ਤਰ੍ਹਾਂ ਜਾਣ ਬੁੱਝ ਕੇ ਲੋਕਾਂ ਦੀ ਸਿਹਤ ਨੂੰ ਖ਼ਤਰੇ ਵਿੱਚ ਪਾਇਆ ਹੈ। ਇਹ ਨਿਯਮਾਂ ਅਤੇ ਕਾਨੂੰਨਾਂ ਦੀ ਘੋਰ ਉਲੰਘਣਾ ਹੈ। ਇਸ ਮੌਕੇ ਇੰਜਨੀਅਰ ਪ੍ਰਵੀਨ ਬਾਂਸਲ ਨੇ ਕਿਹਾ ਕਿ ਮੈਡੀਕਲ ਕੂੜੇ ’ਚ ਸ਼ਾਮਲ ਵੱਖ-ਵੱਖ ਚੀਜ਼ਾਂ ਨੂੰ ਵੱਖੋ ਵੱਖਰੇ ਤੌਰ ’ਤੇ ਵਿਗਿਆਨਕ ਢੰਗ ਨਾਲ ਨਿਬੇੜੇ ਲਈ ਸਥਾਪਿਤ ਅਤੇ ਲਾਜ਼ਮੀ ਪ੍ਰਕਿਰਿਆਵਾਂ ਦੀ ਪਾਲਣਾ ਕਰਨ ਤੋਂ ਜਾਣਬੁੱਝ ਕੇ ਇਨਕਾਰ ਕੀਤਾ ਜਾ ਰਿਹਾ ਹੈ। ਇਹ ਗੈਰ ਜ਼ਿੰਮੇਵਾਰਾਨਾ ਕਾਰਵਾਈ ਸਪੱਸ਼ਟ ਰੂਪ ਵਿੱਚ ਦਰਸਾਉਂਦੀ ਹੈ ਕਿ ਸਖ਼ਤ ਨਿਯਮਾਂ ਦੀ ਮੌਜੂਦਗੀ ਦੇ ਬਾਵਜੂਦ, ਜਨਤਕ ਸਿਹਤ ਅਤੇ ਵਾਤਾਵਰਨ ਦੀ ਸੁਰੱਖਿਆ ਨੂੰ ਜਾਣਬੁੱਝ ਕੇ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ, ਜੋ ਕਿ ਇੱਕ ਅਤਿਗੰਭੀਰ ਮਾਮਲਾ ਹੈ। ਸ਼ਹਿਰੀ ਨਾਗਰਿਕਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਇਸ ਗੰਭੀਰ ਮਾਮਲੇ ਦਾ ਤੁਰੰਤ ਨੋਟਿਸ ਲਿਆ ਜਾਵੇ ਅਤੇ ਇਸ ਦੀ ਡੂੰਘਾਈ ਨਾਲ ਜਾਂਚ ਸ਼ੁਰੂ ਕੀਤੀ ਜਾਵੇ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਸਬੰਧਤ ਹਸਪਤਾਲ ਸਟਾਫ਼ ਅਤੇ ਪ੍ਰਬੰਧਨ ਵਿਰੁੱਧ ਮਿਸਾਲੀ ਅਤੇ ਨਿਰਣਾਇਕ ਕਾਰਵਾਈ ਕੀਤੀ ਜਾਵੇ ਤਾਂ ਜੋ ਭਵਿੱਖ ਵਿੱਚ ਅਜਿਹੀਆਂ ਖ਼ਤਰਨਾਕ ਜਨਤਕ ਸਿਹਤ ਅਣਗਹਿਲੀਆਂ ਨੂੰ ਰੋਕਿਆ ਜਾ ਸਕੇ। ਉਨ੍ਹਾਂ ਕਿਹਾ ਕਿ ਇਸ ਮਾਮਲੇ ਸਬੰਧੀ ਉਨ੍ਹਾਂ ਵੱਲੋਂ ਪੰਜਾਬ ਸਰਕਾਰ ਦੇ ਮੈਡੀਕਲ ਅਧਿਕਾਰੀਆਂ ਕੋਲ ਦੋਸ਼ੀ ਕਰਮਚਾਰੀਆਂ ਵਿਰੁੱਧ ਸਖ਼ਤ ਕਾਰਵਾਈ ਕਰਨ ਲਈ ਪਹੁੰਚ ਕੀਤੀ ਹੈ ਅਤੇ ਅਸੀਂ ਇਸ ਗੰਭੀਰ ਉਲੰਘਣਾ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।

ਇਹ ਕੂੜਾ ਬਾਇਓਮੈਡੀਕਲ ਵੇਸਟ ਨਹੀਂ: ਵਧੀਕ ਐੱਸ ਐੱਮ ਓ

Advertisement

ਐੱਸਐੱਮਓ ਦੇ ਛੁੱਟੀ ’ਤੇ ਹੋਣ ਕਾਰਨ ਵਧੀਕ ਐੱਸ ਐੱਮ ਓ (ਵਾਧੂ ਚਾਰਜ) ਡਾਕਟਰ ਕਰਮਦੀਪ ਸਿੰਘ ਕਾਹਲ ਨੇ ਕਿਹਾ ਕਿ ਇਹ ਬਾਇਓਮੈਡੀਕਕਲ ਵੇਸਟ ਨਹੀਂ ਹੈ। ਹਸਪਤਾਲ ਦਾ ਬਾਇਓਮੈਡੀਕਲ ਵੇਸਟ ਰੋਜ਼ਾਨਾ ਚੁੱਕਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਹਸਪਤਾਲ ’ਚ ਬਾਹਰੋਂ ਕਈ ਆਮ ਲੋਕ ਵੀ ਕੂੜਾ ਸੁੱਟ ਜਾਂਦੇ ਹਨ। ਉਨ੍ਹਾਂ ਇਹ ਵੀ ਕਿਹਾ ਮਿਊਂਸਿਪਲ ਕਮੇਟੀ ਦੇ ਡੰਪ ਦੀ ਸਮੱਸਿਆ ਕਾਰਨ ਇਹ ਕੂੜਾ ਇਕੱਤਰ ਹੋਇਆ ਹੈ।

ਕਾਰਜਸਾਧਕ ਅਫਸਰ ਦੀ ਸ਼ਿਕਾਇਤ ਦੋ ਵਿਅਕਤੀਆਂ ਖ਼ਿਲਾਫ਼ ਕੇਸ ਦਰਜ

ਥਾਣਾ ਸਿਟੀ ਪੁਲੀਸ ਸੰਗਰੂਰ ਨੇ ਕਾਰਜਸਾਧਕ ਅਫ਼ਸਰ ਦੀ ਸ਼ਿਕਾਇਤ ’ਤੇ ਵੱਖ-ਵੱਖ ਹੋਟਲਾਂ ਆਦਿ ਤੋਂ ਕੂੜਾ ਇਕੱਠਾ ਕਰਕੇ ਸ਼ਹਿਰ ਵਿਚ ਵੱਖ-ਵੱਖ ਥਾਵਾਂ ’ਤੇ ਸੁੱਟਣ ਦੇ ਦੋਸ਼ ਹੇਠ ਦੋ ਜਣਿਆਂ ਖਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਪੁਲੀਸ ਅਨੁਸਾਰ ਈਓ ਨਗਰ ਕੌਂਸਲ ਨੇ ਸ਼ਿਕਾਇਤ ਕੀਤੀ ਸੀ ਕਿ ਸੋਨੂੰ ਅਤੇ ਮੋਨੂੰ ਨਾਮ ਦੇ ਵਿਅਕਤੀਆਂ ਵਲੋਂ ਸ਼ਹਿਰ ਦੇ ਪ੍ਰਾਈਵੇਟ ਹੋਟਲਾਂ ਆਦਿ ਵਿਚੋਂ ਕੂੜਾ ਇਕੱਠਾ ਕਰਕੇ ਰਾਤ ਸਮੇਂ ਸ਼ਹਿਰ ਵਿੱਚ ਵੱਖ-ਵੱਖ ਥਾਵਾਂ ’ਤੇ ਸੁੱਟਿਆ ਜਾਂਦਾ ਹੈ। ਜਿਸ ਕਾਰਨ ਸ਼ਹਿਰ ਵਿਚ ਕੂੜੇ ਦੇ ਢੇਰ ਲੱਗ ਰਹੇ ਹਨ ਅਤੇ ਆਮ ਲੋਕਾਂ ਵਿਚ ਰੋਸ ਪਾਇਆ ਜਾ ਰਿਹਾ ਹੈ। ਇਸਤੋਂ ਇਲਾਵਾ ਨਗਰ ਕੌਂਸਲ ਦੇ ਸਫ਼ਾਈ ਪ੍ਰਬੰਧ ਪ੍ਰਭਾਵਿਤ ਹੋ ਰਹੇ ਹਨ। ਪੁਲੀਸ ਵਲੋਂ ਵੱਖ-ਵੱਖ ਧਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ।

Advertisement
Show comments