ਅਧਿਕਾਰੀਆਂ ਵੱਲੋਂ ਮੀਂਹ ਪ੍ਰਭਾਵਿਤ ਖੇਤਰਾਂ ਦਾ ਦੌਰਾ
ਪਾਣੀ ਦੀ ਨਿਕਾਸੀ ਦੇ ਪ੍ਰਬੰਧਾਂ ਦਾ ਜਾਇਜ਼ਾ; ਘਰਾਚੋਂ ਡਰੇਨ ਦੀ ਸਫ਼ਾਈ ਸ਼ੁਰੂ ਕਰਵਾਈ
Advertisement
ਐੱਸਡੀਐੱਮ ਮਨਜੀਤ ਕੌਰ ਵੱਲੋਂ ਭਾਰੀ ਮੀਹ ਪੈਣ ਦੇ ਮੱਦੇਨਜ਼ਰ ਸਬ-ਡਿਵੀਜ਼ਨ ਦੇ ਵੱਖ-ਵੱਖ ਪਿੰਡਾਂ ਦਾ ਦੌਰਾ ਕਰਕੇ ਪਾਣੀ ਦੀ ਨਿਕਾਸੀ ਦੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ। ਇਸ ਦੌਰਾਨ ਉਨ੍ਹਾਂ ਸ਼ਹਿਰ ਵਿੱਚੋਂ ਲੰਘ ਰਹੇ ਨੈਸ਼ਨਲ ਹਾਈਵੇਅ ’ਤੇ ਬਾਲਦ ਕੈਂਚੀਆਂ ਵਿੱਚ ਪੁਲ ਦੇ ਹੇਠਲੇ ਪਾਸੇ ਖੜ੍ਹੇ ਪਾਣੀ ਦੀ ਨਿਕਾਸੀ ਲਈ ਮੌਕੇ ’ਤੇ ਜੇਸੀਬੀ ਮਸ਼ੀਨ ਬੁਲਾ ਕੇ ਕੰਮ ਸ਼ੁਰੂ ਕਰਵਾਇਆ। ਇਸ ਤੋਂ ਬਾਅਦ ਉਨ੍ਹਾਂ ਪਿੰਡ ਘਰਾਚੋਂ ਵਿੱਚ ਲੰਘ ਰਹੇ ਡਰੇਨ ਦਾ ਜਾਇਜ਼ਾ ਲਿਆ ਅਤੇ ਡਰੇਨ ਵਿੱਚੋਂ ਬੂਟੀ ਕਢਵਾਉਣ ਲਈ ਸਫਾਈ ਦਾ ਕੰਮ ਸ਼ੁਰੂ ਕਰਵਾਇਆ। ਇਸ ਤੋਂ ਇਲਾਵਾ ਉਨ੍ਹਾਂ ਰੈਵੇਨਿਊ ਫੀਲਡ ਸਟਾਫ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਕਿ ਸਾਰੇ ਕਾਨੂੰਨਗੋ ਤੇ ਪਟਵਾਰੀ ਆਪਣੇ ਆਪਣੇ ਹਲਕੇ ’ਚ ਹਾਜ਼ਰ ਰਹਿਣਗੇ ਅਤੇ ਉਨ੍ਹਾਂ ਦੇ ਹਲਕੇ ਵਿੱਚ ਮੀਂਹ ਕਾਰਨ ਮਾਲੀ ਨੁਕਸਾਨ ਦੀ ਰਿਪੋਰਟ ਤੁਰੰਤ ਸਦਰ ਦਫਤਰ ਨੂੰ ਕਰਨਗੇ। ਇਸ ਦੇ ਨਾਲ ਹੀ ਡਰੇਨੇਜ ਵਿਭਾਗ ਦੇ ਅਧਿਕਾਰੀਆਂ ਨੂੰ ਵੀ ਹਦਾਇਤ ਕੀਤੀ ਗਈ ਹੈ ਕਿ ਸਬ ਡਿਵੀਜ਼ਨ ਭਵਾਨੀਗੜ੍ਹ ਦੇ ਅੰਦਰ ਸਰਹੰਦ ਚੋਅ, ਨਰਾਇਣਗੜ੍ਹ ਡਰੇਨ ਜਾਂ ਕੋਈ ਹੋਰ ਡਰੇਨ ਲੰਘ ਰਹੀ ਹੈ, ਉਸ ਦੀ ਨਿਗਰਾਨੀ ਰੱਖੀ ਜਾਵੇ ਤਾਂ ਜੋ ਜੇਕਰ ਕਿਸੇ ਕਾਰਨ ਪਾਣੀ ਓਵਰਫਲੋਅ ਹੁੰਦਾ ਹੈ ਤਾਂ ਤੁਰੰਤ ਪਾਣੀ ਦੀ ਨਿਕਾਸੀ ਲਈ ਕਾਰਵਾਈ ਸ਼ੁਰੂ ਕੀਤੀ ਜਾ ਸਕੇ।
Advertisement
Advertisement