ਹੁਣ ਪ੍ਰਦੂਸ਼ਿਤ ਮਿੱਟੀ ਵਿੱਚ ਉੱਗ ਸਕੇਗੀ ਸ਼ੁੱਧ ਸਰ੍ਹੋਂ
ਪੰਜਾਬੀ ਯੂਨੀਵਰਸਿਟੀ ਦੀ ਇੱਕ ਖੋਜ ਰਾਹੀਂ ਸਰ੍ਹੋਂ ਜਾਂ ਕਨੋਲਾ ਦੀ ਇੱਕ ਕਿਸਮ ਨੂੰ ਪ੍ਰਦੂਸ਼ਿਤ ਮਿੱਟੀ ਵਿੱਚ ਉਗਾਏ ਜਾ ਸਕਣ ਦੀ ਵਿਧੀ ਲੱਭੀ ਗਈ ਹੈ। ਇਹ ਖੋਜ ਬਨਸਪਤੀ ਵਿਗਿਆਨ ਵਿਭਾਗ ਦੇ ਮੁਖੀ ਪ੍ਰੋ. ਗੀਤਿਕਾ ਸਰਹਿੰਦੀ ਦੀ ਅਗਵਾਈ ਵਿੱਚ ਖੋਜਾਰਥੀ ਡਾ. ਗੁਰਵਰਿੰਦਰ ਕੌਰ ਵੱਲੋਂ ਕੀਤੀ ਗਈ ਹੈ। ਇਸ ਖੋਜ ਲਈ ਭਾਰਤ ਸਰਕਾਰ ਦੇ ਵਿਗਿਆਨ ਅਤੇ ਤਕਨਾਲੋਜੀ ਵਿਭਾਗ ਵੱਲੋਂ ਆਰਥਿਕ ਸਹਾਇਤਾ ਵੀ ਹਾਸਲ ਹੋਈ ਹੈ। ਪ੍ਰੋ. ਗੀਤਿਕਾ ਸਰਹਿੰਦੀ ਫ਼ਸਲਾਂ ਨੂੰ ਲਾਭਕਾਰੀ ਸੂਖਮ ਜੀਵਾਂ ਦੀ ਮਦਦ ਨਾਲ਼ ਮੌਸਮੀ ਤਣਾਅ ਤੋਂ ਬਚਾਉਣ ਅਤੇ ਪੌਦਿਆਂ ਦੇ ਆਪਣੇ ਹਾਰਮੋਨਜ਼ ਰਾਹੀਂ ਵਧਣ-ਵਿਗਸਣ ਸਬੰਧੀ ਆਪਣੀਆਂ ਖੋਜਾਂ ਲਈ ਜਾਣੇ ਜਾਂਦੇ ਹਨ। ਪ੍ਰੋ. ਗੀਤਿਕਾ ਨੇ ਦੱਸਿਆ ਕਿ ਉਨ੍ਹਾਂ ਇਸ ਮਕਸਦ ਲਈ ਪੌਦਿਆਂ ਵਿੱਚ ਪਾਏ ਜਾਂਦੇ ਹਾਰਮੋਨ ਅਤੇ ਇੱਕ ਫੰਗਸ ਦੀ ਵਰਤੋਂ ਕੀਤੀ। ਇਹ ਹਾਰਮੋਨ ਪੌਦਿਆਂ ਨੂੰ ਕੈਡਮੀਅਮ ਦੇ ਪ੍ਰਦੂਸ਼ਣ ਤੋਂ ਪੈਦਾ ਹੁੰਦੇ ਤਣਾਅ ਨਾਲ਼ ਨਜਿੱਠਣ ਵਿੱਚ ਮਦਦਗਾਰ ਹੈ।ਪਿਰੀਫੋਰਮੋਸਪੋਰਾ ਇੰਡੀਕਾ ਨਾਮਕ ਇੱਕ ਲਾਭਕਾਰੀ ਫੰਗਸ ਦੀ ਵੀ ਵਰਤੋਂ ਕੀਤੀ ਗਈ, ਜੋ ਪੌਦੇ ਦੀ ਜੜ੍ਹ ਵਿੱਚ ਰਹਿੰਦੀ ਹੈ ਅਤੇ ਉਸ ਦੇ ਵਧਣ-ਫੁੱਲਣ ਵਿੱਚ ਮਦਦ ਕਰਦੀ ਹੈ। ਇਹ ਦੋਹੇਂ ਮਿਲ ਕੇ ਪੌਦੇ ਨੂੰ ਜ਼ਹਿਰੀਲੇ ਕੈਡਮੀਅਮ ਦੇ ਪ੍ਰਭਾਵ ਤੋਂ ਬਚਾਉਂਦੇ ਹਨ। ਇਹ ਕੈਡਮੀਅਮ ਨੂੰ ਜੜ੍ਹਾਂ ਵਿੱਚ ਰੋਕ ਲੈਂਦੇ ਹਨ ਤਾਂ ਜੋ ਉਹ ਪੌਦੇ ਦੇ ਉਸ ਹਿੱਸੇ ਤੱਕ ਨਾ ਪੁੱਜੇ ਜੋ ਖਾਣਯੋਗ ਹੁੰਦਾ ਹੈ। ਕੈਡਮੀਅਮ ਸਿਹਤ ਲਈ ਜ਼ਹਿਰੀਲਾ ਹੁੰਦਾ ਹੈ। ਸਰ੍ਹੋਂ ਦੇ ਪੌਦੇ ਦੀਆਂ ਜੜ੍ਹਾਂ ਨਾ ਤਾਂ ਮਨੁੱਖ ਦੇ ਖਾਣ ਲਈ ਵਰਤੀਆਂ ਜਾਂਦੀਆਂ ਹਨ, ਨਾ ਹੀ ਪਸ਼ੂ ਖੁਰਾਕ ਲਈ। ਪ੍ਰਦੂਸ਼ਿਤ ਮਿੱਟੀ ਨੂੰ ਕੁਦਰਤੀ ਤਰੀਕੇ ਨਾਲ਼ ਸਾਫ਼ ਕੀਤੇ ਜਾਣ ਪੱਖੋਂ ਵੀ ਇਸ ਵਿਧੀ ਦਾ ਵਿਸ਼ੇਸ਼ ਮਹੱਤਵ ਹੈ। ਉਪ-ਕੁਲਪਤੀ ਡਾ. ਜਗਦੀਪ ਸਿੰਘ ਨੇ ਕਿਹਾ ਕਿ ਰਸਾਇਣ ਮੁਕਤ ਖੇਤੀ ਦੇ ਵਧ ਰਹੇ ਮਹੱਤਵ ਵਾਲ਼ੇ ਦੌਰ ਵਿੱਚ ਅਜਿਹੀਆਂ ਖੋਜਾਂ ਦੀ ਆਪਣੀ ਮਹੱਤਤਾ ਹੈ।