ਚਾਰ ਬਲਾਕ ਸਮਿਤੀ ਜ਼ੋਨਾਂ ਤੋਂ ‘ਆਪ’ ਖ਼ਿਲਾਫ਼ ਕਿਸੇ ਵਿਰੋਧੀ ਉਮੀਦਵਾਰ ਨੇ ਨਾਮਜ਼ਦਗੀ ਨਾ ਭਰੀ
ਮੁੱਖ ਮੰਤਰੀ ਦੇ ਹਲਕਾ ਧੂਰੀ ਨਾਲ ਸਬੰਧਤ ਚਾਰ ਬਲਾਕ ਸਮਿਤੀ ਜ਼ੋਨਾਂ ਤੋਂ ਹੁਕਮਰਾਨ ਧਿਰ ਦੇ ਉਮੀਦਵਾਰ ਖ਼ਿਲਾਫ਼ ਕਿਸੇ ਪਾਰਟੀ ਦਾ ਉਮੀਦਵਾਰ ਖੜ੍ਹਾ ਨਾ ਹੋਣ ਕਾਰਨ ‘ਆਪ’ ਆਗੂ ਬਾਗੋ-ਬਾਗ ਹਨ। ਹਲਕਾ ਧੂਰੀ ਦੇ ਜ਼ੋਨ ਕੱਕੜਵਾਲ ਤੋਂ ਜਸਪਾਲ ਕੌਰ ਪਤਨੀ ਸਰਪੰਚ ਜਗਜੀਤ ਸਿੰਘ, ਜ਼ੋਨ ਈਸੜਾ ਤੋਂ ਰਣਜੀਤ ਸਿੰਘ, ਜ਼ੋਨ ਮੀਮਸਾ ਤੋਂ ਸੁਖਮਨਵੀਰ ਸਿੰਘ ਅਤੇ ਜ਼ੋਨ ਢਢੋਗਲ ਤੋਂ ਮਨਪ੍ਰੀਤ ਕੌਰ ਵਿਰੁੱਧ ਕੋਈ ਹੋਰ ਉਮੀਦਵਾਰ ਨਾ ਡਟਣ ਕਾਰਨ ਇਨ੍ਹਾਂ ਨੂੰ ਬਕਾਇਦਾ ਪੂਰੀ ਚੋਣ ਪ੍ਰਕਿਰਿਆ ਵਿੱਚੋਂ ਲੰਘਣ ਮਗਰੋਂ ਜੇਤੂ ਕਰਾਰ ਦਿੱਤੇ ਜਾਣ ਦੀ ਸੰਭਾਵਨਾ ਬਣ ਗਈ ਹੈ। ਉਂਜ ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਉਮੀਦਵਾਰਾਂ ਨੂੰ ਮੁੱਖ ਮੰਤਰੀ ਦਫ਼ਤਰ ਵਿੱਚ ਪਾਰਟੀ ਆਗੂਆਂ ਨੇ ਸਨਮਾਨਿਆ ਹੈ। ਮੁੱਖ ਮੰਤਰੀ ਕੈਂਪ ਦਫ਼ਤਰ ਦੇ ਇੰਚਾਰਜ ਨਾਲ ਕੋਸ਼ਿਸ਼ ਦੇ ਬਾਵਜੂਦ ਸੰਪਰਕ ਨਹੀਂ ਹੋ ਸਕਿਆ, ਉਂਝ ਪੰਜਾਬ ਵਕਫ਼ ਬੋਰਡ ਦੇ ਮੈਂਬਰ ਤੇ ਮੁੱਖ ਮੰਤਰੀ ਕੈਂਪ ਦਫ਼ਤਰ ਦੀ ਟੀਮ ਦੇ ਮੋਹਰੀ ਆਗੂ ਡਾ. ਅਨਵਰ ਭਸੌੜ ਨੇ ਚਾਰ ਜ਼ੋਨਾਂ ਤੋਂ ਪਾਰਟੀ ਦੇ ਉਮੀਦਵਾਰਾਂ ਖ਼ਿਲਾਫ਼ ਕਿਸੇ ਦੇ ਨਾ ਆਉਣ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਲੋਕ ਮੁੱਖ ਮੰਤਰੀ ਵੱਲੋਂ ਕੀਤੇ ਜਾ ਰਹੇ ਕੰਮਾਂ ਤੋਂ ਪ੍ਰਭਾਵਿਤ ਹਨ।
ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਧੂਰੀ ਦੇ ਇੰਚਾਰਜ ਰਣਜੀਤ ਸਿੰਘ ਰੰਧਾਵਾ ਨੇ ਕਿਹਾ ਕਿ ਉਨ੍ਹਾਂ ਦੇ ਜ਼ਿਲ੍ਹਾ ਪਰਿਸ਼ਦ ਦੇ ਦੋ ਉਮੀਦਵਾਰਾਂ ਅਤੇ ਕੁੱਝ ਬਲਾਕ ਸਮਿਤੀ ਦੇ ਫਾਰਮ ਭਰਨ ਮੌਕੇ ਅੜਿੱਕੇ ਲਾਏ ਗਏ, ਜਿਸ ਸਬੰਧੀ ਪਾਰਟੀ ਹਾਈਕਮਾਨ ਦੇ ਧਿਆਨ ਵਿੱਚ ਲਿਆ ਦਿੱਤਾ ਹੈ। ਇੱਕ ਸੀਨੀਅਰ ਕਾਂਗਰਸੀ ਆਗੂ ਨੇ ਆਪਣਾ ਨਾਮ ਨਾ ਛਾਪਣ ਦੀ ਸ਼ਰਤ ’ਤੇ ਦੱਸਿਆ ਕਿ ਉਹ ਮੌਕੇ ’ਤੇ ਮੌਜੂਦ ਸੀ ਪਰ ਹੁਕਮਰਾਨ ਧਿਰ ਦੇ ਇਸ਼ਾਰੇ ’ਤੇ ਉਨ੍ਹਾਂ ਦੇ ਉਮੀਦਵਾਰਾਂ ਨਾਲ ਕਥਿਤ ਜ਼ਿਆਦਤੀ ਹੋਈ ਹੈ।
ਐੱਸ ਡੀ ਐੱਮ ਧੂਰੀ ਰਿਸ਼ਵ ਜਿੰਦਲ ਨੇ ਦੱਸਿਆ ਕਿ ਚੋਣ ਪ੍ਰਕਿਰਿਆ ਤਹਿਤ ਹੋਣ ਵਾਲੀ ਸਕਰੂਟਨੀ ਦੌਰਾਨ ਕਾਗ਼ਜ਼ਾਂ ਦੀ ਜਾਂਚ ਤੋਂ ਬਾਅਦ ਸਥਿਤੀ ਸਾਫ਼ ਹੋਵੇਗੀ।
ਇਸੇ ਦੌਰਾਨ ਜ਼ਿਲ੍ਹਾ ਪਰਿਸ਼ਦ ਦੇ ਜ਼ੋਨ ਸ਼ੇਰਪੁਰ ’ਤੇ ਇਸ ਵਾਰ ਅਕਾਲੀ ਦਲ ਆਪਣਾ ਉਮੀਦਵਾਰ ਖੜ੍ਹਾ ਕਰਨ ਤੋਂ ਖੁੰਝ ਗਿਆ ਹੈ, ਜਦੋਂ ਕਿ ਬਲਾਕ ਸਮਿਤੀ ਦੇ ਈਨਾਬਾਜਵਾ ਜ਼ੋਨ ‘ਤੇ ਆਮ ਆਦਮੀ ਪਾਰਟੀ ਛੱਡ ਕੇ ਆਏ ਆਗੂ ਨੂੰ ਅਕਾਲੀ ਦਲ ਨੇ ਆਪਣੇ ਉਮੀਦਵਾਰ ਵਜੋਂ ਕਾਗ਼ਜ਼ ਭਰਵਾ ਦਿੱਤੇ ਹਨ।
ਜਾਣਕਾਰੀ ਅਨੁਸਾਰ ਲੰਘੇ ਕਈ ਦਹਾਕਿਆਂ ਤੋਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਉਮੀਦਵਾਰ ਖੜ੍ਹਾ ਨਾ ਹੋਣ ਦਾ ਮਾਮਲਾ ਪਹਿਲੀ ਵਾਰ ਸਾਹਮਣੇ ਆਇਆ ਹੈ। ਬਲਾਕ ਸਮਿਤੀ ਸ਼ੇਰਪੁਰ ਅਧੀਨੇ ਪੈਂਦੇ ਦੋ ਜ਼ੋਨਾਂ ਤੋਂ ਹੁਕਮਰਾਨ ਧਿਰ ਖ਼ਿਲਾਫ਼ ਸ਼੍ਰੋਮਣੀ ਅਕਾਲੀ ਦਲ ਦਾ ਕੋਈ ਉਮੀਦਵਾਰ ਖੜਾ ਨਹੀਂ ਕੀਤਾ ਗਿਆ। ਇਸੇ ਤਰ੍ਹਾਂ ਕੁੱਝ ਥਾਵਾਂ ’ਤੇ ਕਾਂਗਰਸ ਪਾਰਟੀ ਵੀ ਆਪਣੇ ਉਮੀਦਵਾਰ ਖੜ੍ਹੇ ਨਹੀਂ ਕਰ ਸਕੀ।
ਬਲਾਕ ਸਮਿਤੀ ਦੇ ਈਨਾਬਾਜਵਾ ਜ਼ੋਨ ਤੋਂ ਆਮ ਆਦਮੀ ਪਾਰਟੀ ਛੱਡ ਕੇ ਪਾਰਟੀ ਵਿੱਚ ਸ਼ਾਮਲ ਹੋਣ ਵਾਲੇ ਪ੍ਰੇਮਜੀਤ ਸਿੰਘ ਹੇੜੀਕੇ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਆਪਣੇ ਉਮੀਦਵਾਰ ਵਜੋਂ ਕਾਗਜ਼ ਭਰਵਾਏ ਹਨ। ਹਲਕਾ ਇੰਚਾਰਜ ਨਾਥ ਸਿੰਘ ਹਮੀਦੀ ਤੇ ਅਕਾਲੀ ਦਲ ਦੇ ਆਗੂ ਮਾਸਟਰ ਹਰਬੰਸ ਸਿੰਘ ਸ਼ੇਰਪੁਰ ਨੇ ਪ੍ਰੇਮਜੀਤ ਸਿੰਘ ਨੂੰ ਪਾਰਟੀ ਵਿੱਚ ਬਣਦਾ ਸਥਾਨ ਦੇਣ ਦਾ ਵਾਅਦਾ ਕੀਤਾ। ਜ਼ਿਲ੍ਹਾ ਪਰਿਸ਼ਦ ਤੇ ਬਲਾਕ ਸਮਿਤੀ ਵਿੱਚ ਉਮੀਦਵਾਰ ਖੜ੍ਹੇ ਨਾ ਹੋਣ ਸਬੰਧੀ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਤੇਜਿੰਦਰ ਸਿੰਘ ਸੰਘਰੇੜੀ ਨੇ ਕਿਹਾ ਕਿ ਜ਼ਿਲ੍ਹਾ ਪਰਿਸ਼ਦ ਜ਼ੋਨ ਸ਼ੇਰਪੁਰ ਹਲਕਾ ਮਹਿਲ ਕਲਾਂ ਦਾ ਹਿੱਸਾ ਹੈ ਜਿਸ ਕਰਕੇ ਉਹ ਟਿੱਪਣੀ ਨਹੀਂ ਕਰ ਸਕਦੇ।
ਦੋ ਪਿੰਡਾਂ ’ਤੇ ਆਧਾਰਤ ਜਨਰਲ ਮਹਿਲਾ ਲਈ ਰਾਖਵਾਂ ਬਲਾਕ ਸਮਿਤੀ ਜ਼ੋਨ ਮੂਲੋਵਾਲ ਉਦੋਂ ਚਰਚਾ ਵਿੱਚ ਆਇਆ ਜਦੋਂ ਉੱਥੇ ਇੱਕ ਬੀਬੀ ’ਤੇ ਸਾਰੀਆਂ ਧਿਰਾਂ ਨੇ ਸਰਬਸੰਮਤੀ ਕਰ ਲਈ ਪਰ ਪਿੰਡ ਅਲਾਲ ਦੇ ਸਾਬਕਾ ਸਰਪੰਚ ਸਰਬਜੀਤ ਸਿੰਘ ਦੇ ਆਪਣੀ ਪਤਨੀ ਭੁਪਿੰਦਰਜੀਤ ਕੌਰ ਨੂੰ ਉਮੀਦਵਾਰ ਬਣਾਏ ਜਾਣ ਮਗਰੋਂ ਮੂਲੋਵਾਲ ਵਾਸੀਆਂ ਨੇ ਇੱਕ ਹੋਰ ਬੀਬੀ ਨੂੰ ਉਮੀਦਵਾਰ ਬਣਾਇਆ ਹੈ।
ਚੋਣ ਕਮਿਸ਼ਨ ਦੇ ਦਖ਼ਲ ਮਗਰੋਂ ਵੀ ਵਿਰੋਧੀ ਧਿਰਾਂ ਨਹੀਂ ਭਰ ਸਕੀਆਂ ਨਾਮਜ਼ਦਗੀ
ਘਨੌਰ (ਸਰਬਜੀਤ ਸਿੰਘ ਭੰਗੂ/ਦਰਸ਼ਨ ਸਿੰਘ ਮਿੱਠਾ): ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਅਤੇ ਸਾਬਕਾ ਕਾਂਗਰਸੀ ਵਿਧਾਇਕ ਮਦਨ ਲਾਲ ਜਲਾਲਪੁਰ, ਅਕਾਲੀ ਦਲ ਪੁਨਰਸੁਰਜੀਤ ਤੋਂ ਭੁਪਿੰਦਰ ਸ਼ੇਖੂਪੁਰ ਸਣੇ ਭਾਜਪਾ ਆਗੂ ਹਰਵਿੰਦਰ ਹਰਪਾਲਪੁਰ ਤੇ ਵਿੱੱਕੀ ਘਨੌਰ ਵਰਗੇ ਸਿਰਕੱਢ ਆਗੂ ਆਪੋ-ਆਪਣੀਆਂ ਪਾਰਟੀਆਂ ਵੱਲੋਂ ਹਲਕਾ ਇੰਚਾਰਜ ਹੋਣ ਦੇ ਬਾਵਜੂਦ ਆਪਣੇ ਉਮੀਦਵਾਰਾਂ ਦੀਆਂ ਨਾਮਜ਼ਦਗੀਆਂ ਨਹੀਂ ਭਰਵਾ ਸਕੇ। ‘ਆਪ’ ਵਿਧਾਇਕ ਗੁਰਲਾਲ ਘਨੌਰ ਤੇ ਟੀਮ ਖ਼ਿਲਾਫ਼ ਪ੍ਰਦਰਸ਼ਨ ਕਰਦਿਆਂ ਬੀਤੇ ਦਿਨ ਚੋਣ ਕਮਿਸ਼ਨ ਤੱਕ ਪਹੁੰਚ ਕਰਨ ਮਗਰੋਂ ਕਮਿਸ਼ਨ ਦੇ ਭਰੋਸੇ ’ਤੇ ਅੱੱਜ ਮੁੜ ਨਾਮਜ਼ਦਗੀਆਂ ਭਰੀਆਂ ਗਈਆਂ ਪਰ ਇਸ ਦੇ ਬਾਵਜੂਦ ਵਿਰੋਧੀ ਧਿਰਾਂ ਦੇ ਆਗੂ ਸਾਰੇ ਜ਼ੋਨਾਂ ’ਤੇ ਨਾਮਜ਼ਦਗੀਆਂ ਭਰਵਾਉਣ ’ਚ ਅਸਫਲ ਰਹੇ। ਝਿੰਜਰ ਨੇ ਕਿਹਾ ਕਿ ਉਨ੍ਹਾਂ ਦੇ 35 ਵਿੱਚੋਂ 29 ਉਮੀਦਵਾਰ ਹੀ ਕਾਗ਼ਜ਼ ਭਰ ਸਕੇ ਹਨ। ਜਲਾਲਪੁਰ ਨੇ ਕਿਹਾ ਕਿ ‘ਆਪ’ ਕਾਰਕੁਨਾਂ ਵੱੱਲੋਂ ਜਨੀ ਦੇਵੀ ਤੇ ਗੁਰਮੇਲੋ ਨਾਮ ਦੀਆਂ ਦੀਆਂ ਫਾਈਲਾਂ ਪਾੜਨ ਕਰਕੇ ਨਾਮਜ਼ਦਗੀਆਂ ਭਰੀਆਂ ਨਹੀਂ ਜਾ ਸਕੀਆਂ। ਹਰਵਿੰਦਰ ਹਰਪਾਲਪੁਰ ਨੇ ਦੱਸਿਆ ਕਿ ਖੇੜੀਗੰਡਿਆਂ ਜ਼ੋਨ ਤੋਂ ਜਦੋਂ ਭਾਜਪਾ ਉਮੀਦਵਾਰ ਵਜੋਂ ਸੱੱਤੀ ਇਕੱਲਿਆਂ ਹੀ ਨਾਮਜ਼ਦਗੀ ਭਰਨ ਚਲਾ ਗਿਆ ਤਾਂ ‘ਆਪ’ ਕਾਰਕੁਨਾ ਨੇ ਰਾਹ ਵਿੱਚ ਹੀ ਉਸ ਦੀ ਫਾਈਲ ਖੋਹ ਲਈ ਪਰ ਉਹ ਸਭ ਤੋਂ ਵੱਧ 34 ਉਮੀਦਵਾਰਾਂ ਦੇ ਫਾਰਮ ਭਰਵਾਉਣ ’ਚ ਸਫਲ ਰਹੇ। ਭੁਪਿੰਦਰ ਸ਼ੇਖੂਪੁਰਾ ਨੇ ਦੱਸਿਆ ਕਿ ਧੱਕੇਸ਼ਾਹੀ ਕਾਰਨ ਉਨ੍ਹਾਂ ਦੇ ਕਈ ਉਮੀਦਵਾਰ ਨਾਮਜ਼ਦਗੀਆਂ ਨਹੀਂ ਭਰ ਸਕੇ।
