ਨਗਰ ਕੌਂਸਲ ਭਵਾਨੀਗੜ੍ਹ ਦੇ ਪ੍ਰਧਾਨ ਖ਼ਿਲਾਫ਼ ਬੇਭਰੋਸਗੀ ਦਾ ਮਤਾ ਡਿੱਗਿਆ
ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 5 ਜੁਲਾਈ
ਇੱਥੇ ਉਸ ਸਮੇਂ ਅੱਜ ਅਜੀਬ ਸਥਿਤੀ ਬਣ ਗਈ ਜਦੋਂ ਨਗਰ ਕੌਂਸਲ ਭਵਾਨੀਗੜ੍ਹ ਦੇ ਪ੍ਰਧਾਨ ਨਰਿੰਦਰ ਸਿੰਘ ਹਾਕੀ ਖ਼ਿਲਾਫ਼ ਬੇਭਰੋਸਗੀ ਦਾ ਮਤਾ ਪਾਉਣ ਵਾਲੇ 11 ਮੈਂਬਰ ਖੁਦ ਮੀਟਿੰਗ ਵਿੱਚ ਹਾਜ਼ਰ ਨਹੀਂ ਹੋਏ। ਇਨ੍ਹਾਂ 11 ਮੈਂਬਰਾਂ ਦੇ ਗੈਰਹਾਜ਼ਰ ਹੋਣ ਕਾਰਨ ਬੇਭਰੋਸਗੀ ਦਾ ਮਤਾ ਰੱਦ ਹੋ ਗਿਆ।
ਨਗਰ ਕੌਂਸਲ ਦੇ ਪ੍ਰਧਾਨ ਨਰਿੰਦਰ ਸਿੰਘ ਹਾਕੀ ਨੇ ਦੱਸਿਆ ਕਿ 24 ਜੂਨ ਨੂੰ ਨਗਰ ਕੌਂਸਲ ਦੇ ਕੁੱਲ 15 ਮੈਂਬਰਾਂ ਵਿੱਚੋਂ ਸਾਬਕਾ ਪ੍ਰਧਾਨ ਸੁਖਜੀਤ ਕੌਰ ਅਤੇ ਗੁਰਤੇਜ ਸਿੰਘ ਸਣੇ 11 ਕੌਂਸਲਰਾਂ ਨੇ ਕਾਰਜਸਾਧਕ ਅਫ਼ਸਰ ਨੂੰ ਨਗਰ ਕੌਂਸਲ ਦੇ ਪ੍ਰਧਾਨ ਖ਼ਿਲਾਫ਼ ਬੇਭਰੋਸਗੀ ਦਾ ਮਤਾ ਦੇ ਕੇ ਤੁਰੰਤ ਮੀਟਿੰਗ ਬੁਲਾਉਣ ਦੀ ਮੰਗ ਕੀਤੀ ਸੀ। ਇਸ ਸਬੰਧੀ ਡਿਪਟੀ ਕਮਿਸ਼ਨਰ ਸੰਗਰੂਰ ਦੀਆਂ ਹਦਾਇਤਾਂ ਅਨੁਸਾਰ ਤਹਿਸੀਲਦਾਰ ਦੀ ਹਾਜ਼ਰੀ ਵਿੱਚ ਨਗਰ ਕੌਂਸਲ ਦੀ ਮੀਟਿੰਗ 5 ਜੁਲਾਈ ਨੂੰ ਬੁਲਾਈ ਗਈ ਪਰ ਇਸ ਮੀਟਿੰਗ ਵਿੱਚ ਇਹ 11 ਮੈਂਬਰ ਹਾਜ਼ਰ ਨਾ ਹੋਣ ਕਾਰਨ ਇਸ ਮਤੇ ਨੂੰ ਰੱਦ ਕਰ ਦਿੱਤਾ ਗਿਆ।
ਹਲਕਾ ਵਿਧਾਇਕਾ ਨਰਿੰਦਰ ਕੌਰ ਭਰਾਜ ਨੇ ਅੱਜ ਇੱਥੇ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਸ਼ਹਿਰ ਦੇ ਲੰਬੇ ਸਮੇਂ ਤੋਂ ਰੁਕੇ ਹੋਏ ਵਿਕਾਸ ਕਾਰਜਾਂ ਲਈ ਨਗਰ ਕੌਂਸਲ ਦੀ ਮੀਟਿੰਗ ਰੱਖੀ ਗਈ ਸੀ ਪਰ ਕੌਂਸਲਰਾਂ ਵੱਲੋਂ ਸਾਬਕਾ ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ ਦੇ ਇਸ਼ਾਰੇ ’ਤੇ ਨਗਰ ਕੌਂਸਲ ਦੇ ਪ੍ਰਧਾਨ ਖ਼ਿਲਾਫ਼ ਬੇਭਰੋਸਗੀ ਦਾ ਮਤਾ ਲਿਆਉਣ ਕਾਰਨ ਵਿਕਾਸ ਕਾਰਜਾਂ ਵਿੱਚ ਰੁਕਾਵਟ ਖੜ੍ਹੀ ਕੀਤੀ ਗਈ। ਉਨ੍ਹਾਂ ਕੌਂਸਲਰਾਂ ਨੂੰ ਸ਼ਹਿਰ ਦੇ ਵਿਕਾਸ ਕਾਰਜਾਂ ਵਿੱਚ ਅੜਿੱਕੇ ਖੜ੍ਹੇ ਕਰਨ ਦੀ ਸਹਿਯੋਗ ਦੇਣ ਦੀ ਅਪੀਲ ਕੀਤੀ। ਉਨ੍ਹਾਂ ਦੱਸਿਆ ਕਿ ਸ਼ਹਿਰ ਵਿੱਚ ਕਾਕੜਾ ਰੋਡ ’ਤੇ ਪਾਰਕ, ਚਹਿਲਾਂ ਪੱਤੀ ਵਿੱਚ ਪਾਰਕ, ਤਿੰਨ ਟਿਊਬਵੈੱਲ ਅਤੇ ਇੱਕ ਵੱਡੀ ਪਾਣੀ ਵਾਲੀ ਟੈਂਕੀ ਸਮੇਤ ਅਨੇਕਾਂ ਵਿਕਾਸ ਕਾਰਜਾਂ ਜਲਦੀ ਸ਼ੁਰੂ ਹੋ ਜਾਣਗੇ। ਇਸ ਮੌਕੇ ਗੁਰਵਿੰਦਰ ਸਿੰਘ ਸੱਗੂ, ਵਿਦਿਆ ਦੇਵੀ, ਸਲਦੀ ਕੌਂਸਲਰ, ਜਤਿੰਦਰ ਸਿੰਘ ਬਾਜਵਾ ਪ੍ਰਧਾਨ ਟਰੱਕ ਯੂਨੀਅਨ ਅਤੇ ਪ੍ਰਦੀਪ ਕੁਮਾਰ ਮਿੱਤਲ ਹਾਜ਼ਰ ਸਨ।
ਮੈਂਬਰਾਂ ਨੇ ਦੋਸ਼ ਨਕਾਰੇ
ਬੇਭਰੋਸਗੀ ਮਤਾ ਪਾਉਣ ਵਾਲੇ 11 ਮੈਂਬਰਾਂ ਵਿੱਚੋਂ 9 ਮੈਂਬਰਾਂ ਨੇ ਪ੍ਰੈੱਸ ਕਾਨਫਰੰਸ ਕਰਕੇ ਦੱਸਿਆ ਕਿ ਉਨ੍ਹਾਂ ਵਿੱਚੋਂ ਇੱਕ ਮੈਂਬਰ ਹਰਮਨਜੀਤ ਸਿੰਘ ਦੇ ਪਿੱਛੇ ਹਟਣ ਕਾਰਣ ਉਹ ਮੀਟਿੰਗ ਵਿੱਚ ਹਾਜ਼ਰ ਨਹੀਂ ਹੋਏ ਅਤੇ ਉਨ੍ਹਾਂ ਵੱਲੋਂ ਲਿਆਂਦਾ ਬੇਭਰੋਸਗੀ ਦਾ ਮਤਾ ਪਾਸ ਨਹੀਂ ਹੋ ਸਕਿਆ। ਉਨ੍ਹਾਂ ਵਿਧਾਇਕ ਭਰਾਜ ਵੱਲੋਂ ਸ਼ਹਿਰ ਦੇ ਵਿਕਾਸ ਕਾਰਜਾਂ ਵਿੱਚ ਅੜਿੱਕੇ ਖੜ੍ਹੇ ਕਰਨ ਦੇ ਲਗਾਏ ਦੋਸ਼ਾਂ ਦਾ ਖੰਡਨ ਕਰਦਿਆਂ ਕਿਹਾ ਕਿ ਉਹ ਸ਼ਹਿਰ ਦੇ ਵਿਕਾਸ ਕਾਰਜਾਂ ਵਿੱਚ ਪੂਰਾ ਸਹਿਯੋਗ ਦਿੰਦੇ ਹਨ, ਸਿਰਫ਼ ਫੰਡਾਂ ਦੀ ਦੁਰਵਰਤੋਂ ਕਰਨ ਤੋਂ ਰੋਕਦੇ ਹਨ।