ਪੰਜਾਬ ਤੇ ਸਿੱਖ ਮਸਲਿਆਂ ਦੇ ਹੱਲ ਬਿਨਾਂ ਭਾਜਪਾ ਨਾਲ ਸਮਝੌਤਾ ਨਹੀਂ: ਢੀਂਡਸਾ
ਪੰਜਾਬ ਦੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ’ਤੇ ਤਿੱਖੇ ਸ਼ਬਦੀ ਹਮਲੇ ਕਰਦਿਆਂ ਕਿਹਾ ਕਿ ਅਕਾਲ ਤਖ਼ਤ ਦੇ ਹੁਕਮਾਂ ਦੀ ਪਰਵਾਹ ਕੀਤੇ ਬਿਨਾਂ ਡੰਮੀ ਭਰਤੀ ਅਤੇ ਖ਼ੁਦ ਬਣਾਏ ਡੈਲੀਗੇਟਾਂ ਰਾਹੀਂ ਪ੍ਰਧਾਨ ਬਣੇ ਸੁਖਬੀਰ ਸਿੰਘ ਬਾਦਲ ਨੂੰ ਕੋਈ ਵੀ ਪ੍ਰਧਾਨ ਮੰਨਣ ਲਈ ਤਿਆਰ ਨਹੀਂ ਹੈ। ਉਨ੍ਹਾਂ ਕਿਹਾ ਕਿ 2 ਦਸੰਬਰ ਨੂੰ ਅਕਾਲ ਤਖ਼ਤ ਤੋਂ ਭਰਤੀ ਕਮੇਟੀ ਰਾਹੀਂ ਮੈਂਬਰਸ਼ਿਪ ਭਰਤੀ ਕਰਨ ਦੇ ਹੁਕਮਨਾਮੇ ਨੂੰ ਨਾ ਮੰਨ ਕੇ ਸੁਖਬੀਰ ਸਿੰਘ ਬਾਦਲ ਨੇ ਇੱਕ ਵੱਡਾ ਮੌਕਾ ਗੁਆ ਲਿਆ ਹੈ। ਉਨ੍ਹਾਂ ਕਿਹਾ ਕਿ ਪੰਜ ਮੈਂਬਰੀ ਭਰਤੀ ਕਮੇਟੀ ਵੱਲੋਂ ਪਾਰਦਰਸ਼ੀ ਢੰਗ ਨਾਲ ਕੀਤੀ ਭਰਤੀ ਮੁਤਾਬਿਕ ਚੁਣੇ ਗਏ ਡੈਲੀਗੇਟਾਂ ਦੇ 11 ਅਗਸਤ ਨੂੰ ਅੰਮ੍ਰਿਤਸਰ ਵਿੱਚ ਹੋਣ ਵਾਲੇ ਇਜਲਾਸ ’ਚ ਗਠਿਤ ਹੋਣ ਵਾਲਾ ਸ਼੍ਰੋਮਣੀ ਅਕਾਲੀ ਦਲ ਹੀ ਅਸਲ ਅਕਾਲੀ ਦਲ ਹੋਵੇਗਾ।
ਇਸ ਦੌਰਾਨ ਬਾਦਲ ਪਰਿਵਾਰ ਉਪਰ ਐੱਸਜੀਪੀਸੀ ’ਤੇ ਨਾਜਾਇਜ਼ ਕਬਜ਼ੇ ਦਾ ਦੋਸ਼ ਲਾਉਂਦਿਆਂ ਸ੍ਰੀ ਢੀਂਡਸਾ ਨੇ ਕਿਹਾ ਕਿ ਬਾਦਲ ਪਰਿਵਾਰ ਨੇ ਕੇਂਦਰੀ ਭਾਜਪਾ ਅਤੇ ਪੰਜਾਬ ਦੀ ‘ਆਪ’ ਸਰਕਾਰ ਨਾਲ ਮਿਲੀਭੁਗਤ ਕਰਕੇ ਐੱਸਜੀਪੀਸੀ ’ਤੇ ਧੱਕੇ ਨਾਲ ਕਬਜ਼ਾ ਕੀਤਾ ਹੋਇਆ ਹੈ ਜਦਕਿ ਸੰਵਿਧਾਨ ਅਨੁਸਾਰ ਹੁਣ ਤੱਕ ਇਸ ਮਹਾਨ ਸੰਸਥਾ ਦੀਆਂ ਦੋ ਵਾਰ ਜਨਰਲ ਚੋਣਾਂ ਹੋ ਜਾਣੀਆਂ ਚਾਹੀਦੀਆਂ ਸਨ। ਅਕਾਲ ਤਖ਼ਤ ਦੇ ਜਥੇਦਾਰ ਦੀ ਨਿਯੁਕਤੀ ਅਤੇ ਸੇਵਾਮੁਕਤੀ ਲਈ ਕੋਈ ਸਰਵ ਪ੍ਰਵਾਨਤ ਪ੍ਰਕਿਰਿਆ ਦੀ ਲੋੜ ਮਹਿਸੂਸ ਕਰਦਿਆਂ ਸ੍ਰੀ ਢੀਂਡਸਾ ਨੇ ਕਿਹਾ ਕਿ ਇਸ ਵੇਲੇ ਐੱਸਜੀਪੀਸੀ ਕੁੱਝ ਗੁਰਦੁਆਰਿਆਂ ਦੀ ਪ੍ਰਬੰਧਕੀ ਸੇਵਾ ਨਿਭਾਅ ਰਹੀ ਹੈ ਜਦਕਿ ਅਕਾਲ ਤਖ਼ਤ ਪੂਰੇ ਵਿਸ਼ਵ ਦੇ ਸਿੱਖਾਂ ਦੀ ਅਗਵਾਈ ਕਰਨ ਵਾਲੀ ਸਰਵਉੱਚ ਸੰਸਥਾ ਹੈ।
ਭਾਜਪਾ ਨਾਲ ਗੱਠਜੋੜ ਤੋਂ ਇਨਕਾਰ ਕਰਦਿਆਂ ਸ੍ਰੀ ਢੀਂਡਸਾ ਨੇ ਕਿਹਾ ਕਿ ਜਦੋਂ ਤੱਕ ਕੇਂਦਰ ਦੀ ਭਾਜਪਾ ਸਰਕਾਰ ਪੰਥ ਅਤੇ ਪੰਜਾਬ ਦੇ ਵਰ੍ਹਿਆਂ ਤੋਂ ਲਟਕ ਰਹੇ ਮਸਲੇ ਹੱਲ ਨਹੀਂ ਕਰਦੀ, ਉਦੋਂ ਤੱਕ ਭਾਜਪਾ ਨਾਲ ਕਿਸੇ ਕਿਸਮ ਦੇ ਗੱਠਜੋੜ ਬਾਰੇ ਸੋਚਿਆ ਵੀ ਨਹੀਂ ਜਾ ਸਕਦਾ। ਸਾਬਕਾ ਮੰਤਰੀ ਬਲਦੇਵ ਸਿੰਘ ਮਾਨ ਵੱਲੋਂ ਮੁੜ ਬਾਦਲ ਦਲ ਨਾਲ ਚਲੇ ਜਾਣ ਉਪਰ ਟਿੱਪਣੀ ਕਰਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਇਹ ਫੈਸਲਾ ਕਰ ਕੇ ਅਕਾਲ ਤਖ਼ਤ ਦੇ ਆਦੇਸ਼ਾਂ ’ਤੇ ਬਣਨ ਵਾਲੇ ਸ਼੍ਰੋਮਣੀ ਅਕਾਲੀ ਦਲ ਨਾਲ ਸੇਵਾ ਨਿਭਾਉਣ ਦਾ ਅਹਿਮ ਮੌਕਾ ਗੁਆ ਲਿਆ ਹੈ। ਉਨ੍ਹਾਂ ਨੂੰ ਜਲਦੀ ਹੀ ਆਪਣੀ ਗਲਤੀ ਦਾ ਅਹਿਸਾਸ ਹੋ ਜਾਵੇਗਾ।
ਨਵੇਂ ਪ੍ਰਧਾਨ ’ਤੇ ਹੋਵੇਗਾ ਧਾਰਮਿਕ ਪ੍ਰਧਾਨ ਦਾ ਪਹਿਰਾ: ਰੱਖੜਾ
ਪਟਿਆਲਾ (ਪੱਤਰ ਪ੍ਰੇਰਕ): ਸਾਬਕਾ ਮੰਤਰੀ ਤੇ ਨਵੇਂ ਬਣ ਰਹੇ ਅਕਾਲੀ ਦਲ ਲਈ ਸੁਧਾਰ ਲਹਿਰ ਦੇ ਮੋਢੀ ਸੁਰਜੀਤ ਸਿੰਘ ਰੱਖੜਾ ਨੇ ਕਿਹਾ ਹੈ ਕਿ ਨਵਾਂ ਅਕਾਲੀ ਦਲ ਬਣਨ ਸਾਰ ਸਾਡੀ ਪਹਿਲੀ ਲੜਾਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਕਰਾਉਣ ਦੀ ਹੋਵੇਗੀ। ਉਨ੍ਹਾਂ ਕਿਹਾ ਕਿ ਨਵੇਂ ਬਣਨ ਵਾਲੇ ਅਕਾਲੀ ਦਲ ਦਾ ਪ੍ਰਧਾਨ ਭਾਵੇਂ ਸਿਆਸੀ ਹੋਵੇ ਜਾਂ ਗੈਰ-ਸਿਆਸੀ ਪਰ ਉਸ ’ਤੇ ਧਾਰਮਿਕ ਪ੍ਰਧਾਨ ਦਾ ਪਹਿਰਾ ਹੋਵੇਗਾ ਤਾਂ ਕਿ ਗੁਰੂ ਸਾਹਿਬ ਵੱਲੋਂ ਕਾਇਮ ਕੀਤੀ ਗਈ ਮੀਰੀ ਪੀਰੀ ਦੀ ਪਰੰਪਰਾ ਨੂੰ ਜ਼ਿੰਦਾ ਰੱਖਿਆ ਜਾ ਸਕੇ। ਸ੍ਰੀ ਰੱਖੜਾ ਨੇ ਕਿਹਾ ਕਿ ਪੰਥਕ ਰਵਾਇਤਾਂ ਨੂੰ ਪ੍ਰਣਾਏ ਨਵੇਂ ਅਕਾਲੀ ਦਲ ਨੂੰ ਪੈਸੇ ਦੀ ਘਾਟ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਨੇ ਉਨ੍ਹਾਂ ’ਤੇ ਲੱਗ ਰਹੇ ਭਾਜਪਾ ਨਾਲ ਮਿਲੇ ਹੋਣ ਦੇ ਦੋਸ਼ਾਂ ਨੂੰ ਨਕਾਰਿਆ। ਇਸ ਵੇਲੇ ਸ਼੍ਰੋਮਣੀ ਕਮੇਟੀ ਮੈਂਬਰ ਸਤਵਿੰਦਰ ਸਿੰਘ ਟੌਹੜਾ ਨੇ 11 ਅਗਸਤ ਨੂੰ ਅੰਮ੍ਰਿਤਸਰ ਪੁੱਜ ਕੇ ਨਵੇਂ ਅਕਾਲੀ ਦਲ ਦੀ ਪੁਨਰ-ਸੁਰਜੀਤੀ ਦੇ ਗਵਾਹ ਬਣਨ ਲਈ ਕਿਹਾ।