ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਪਿਤਾ ਵੱਲੋਂ ਨੌਂ ਸਾਲਾ ਧੀ ਦੀ ਹੱਤਿਆ

ਘਟਨਾ ਤੋਂ ਬਾਅਦ ਮੁਲਜ਼ਮ ਫ਼ਰਾਰ; ਪੁਲੀਸ ਵੱਲੋਂ ਮ੍ਰਿਤਕ ਬੱਚੀ ਦੀ ਮਾਂ ਦੇ ਬਿਆਨਾਂ ’ਤੇ ਕੇਸ ਦਰਜ
ਮ੍ਰਿਤਕ ਬੱਚੀ ਮਾਨਵੀ ਦੀ ਫਾਈਲ ਤਸਵੀਰ।
Advertisement

ਗੁਰਦੀਪ ਸਿੰਘ ਲਾਲੀ

ਸੰਗਰੂਰ, 29 ਸਤੰਬਰ

Advertisement

ਸਥਾਨਕ ਸ਼ਹਿਰ ’ਚ ਇਕ ਮਤਰਏ ਪਿਤਾ ਵੱਲੋਂ ਆਪਣੀ ਨੌਂ ਸਾਲਾਂ ਧੀ ਦੀ ਹੱਤਿਆ ਕਰ ਦਿੱਤੀ ਗਈ ਹੈ। ਥਾਣਾ ਸਿਟੀ ਦੀ ਪੁਲੀਸ ਵੱਲੋਂ ਮ੍ਰਿਤਕ ਬੱਚੀ ਦੀ ਮਾਤਾ ਦੇ ਬਿਆਨਾਂ ਦੇ ਆਧਾਰ ’ਤੇ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਗੲ ਹੈ। ਮ੍ਰਿਤਕ ਬੱਚੀ ਮਾਨਵੀ ਦੀ ਮਾਂ ਨੇਹਾ ਗਰਗ ਨੇ ਦੱਸਿਆ ਕਿ ਉਸ ਦੀ ਨੌਂ ਸਾਲਾਂ ਦੀ ਧੀ ਰੋਜ਼ਾਨਾ ਸ਼ਾਮ 6 ਤੋਂ 7 ਵਜੇ ਤੱਕ ਸਕੇਟਿੰਗ ਦੀ ਕਲਾਸ ਲਗਾਉਂਦੀ ਸੀ ਅਤੇ ਰੋਜ਼ ਉਸ ਦਾ ਪਿਤਾ ਸਕੂਟੀ ’ਤੇ ਲੈ ਕੇ ਜਾਂਦਾ ਸੀ। ਬੀਤੀ ਸ਼ਾਮ ਬੱਚੀ ਦਾ ਪਿਤਾ ਉਸ ਨੂੰ ਸਕੇਟਿੰਗ ਦੀ ਕਲਾਸ ਲਗਾਉਣ ਲਈ ਲੈ ਕੇ ਗਿਆ ਸੀ। ਜਦੋਂ 7 ਵਜੇ ਤੋਂ ਬਾਅਦ ਉਹ ਘਰ ਨਾ ਪਰਤਿਆ ਤਾਂ ਉਸ ਨੇ ਫੋਨ ਕੀਤਾ। ਇਸ ’ਤੇ ਸ਼ਿਕਾਇਤਕਰਤਾ ਦੇ ਪਤੀ ਨੇ ਦੱਸਿਆ ਕਿ ਉਹ ਬਾਜ਼ਾਰ ’ਚ ਬੱਚੀ ਨੂੰ ਘੁਮਾ ਰਿਹਾ ਹੈ। ਜਲਦੀ ਹੀ ਉਹ ਘਰ ਆ ਜਾਣਗੇ। ਕਰੀਬ 9 ਵਜੇ ਉਸ ਦਾ ਪਤੀ ਘਰ ਪਰਤਿਆ, ਜਿਸ ਨੇ ਕਿਹਾ ਕਿ ਬੱਚੀ ਨੂੰ ਪਤਾ ਨਹੀਂ ਕੀ ਹੋ ਗਿਆ ਹੈ। ਬੱਚੀ ਕਾਰ ਵਿਚ ਪਈ ਸੀ। ਉਹ ਤੁਰੰਤ ਬੱਚੀ ਨੂੰ ਨਿੱਜੀ ਹਸਪਤਾਲ ਲੈ ਗਏ ਜਿੱਥੇ ਡਾਕਟਰ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਉਸ ਦਾ ਪਤੀ ਮੌਕੇ ਤੋਂ ਫ਼ਰਾਰ ਹੋ ਗਿਆ। ਬੱਚੀ ਦੀ ਮਾਂ ਤੇ ਹੋਰਾਂ ਨੇ ਦੱਸਿਆ ਕਿ ਮਤਰੇਆ ਪਿਤਾ ਸੰਦੀਪ ਗੋਇਲ ਬੱਚੀ ਨੂੰ ਪਸੰਦ ਨਹੀਂ ਕਰਦਾ ਸੀ ਅਤੇ ਬੱਚੀ ਦੀ ਕੁੱਟਮਾਰ ਕਰਦਾ ਸੀ। ਪਹਿਲਾਂ ਵੀ ਇੱਕ ਵਾਰ ਉਸ ਨੇ ਬੱਚੀ ਦੀ ਪਾਣੀ ਵਾਲੀ ਬੋਤਲ ’ਚ ਕੈਮੀਕਲ ਮਿਲਾ ਦਿੱਤਾ ਸੀ। ਸਕੂਲ ’ਚ ਬੱਚੀ ਨੂੰ ਉਲਟੀਆਂ ਆਦਿ ਲੱਗ ਗਈਆਂ ਸੀ ਜਿਸ ਕਾਰਨ ਉਸ ਦਾ ਬਚਾਅ ਹੋ ਗਿਆ ਸੀ। ਉਨ੍ਹਾਂ ਦੋਸ਼ ਲਾਇਆ ਕਿ ਸੰਦੀਪ ਗੋਇਲ ਨੇ ਬੱਚੀ ਦੀ ਕਿਸੇ ਜ਼ਹਿਰੀਲੀ ਵਸੂਤ ਨਾਲ ਜਾਂ ਸਾਹ ਘੁੱਟ ਕੇ ਹੱਤਿਆ ਕੀਤੀ ਹੈ। ਥਾਣਾ ਸਿਟੀ ਇੰਚਾਰਜ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਬੱਚੀ ਦੇ ਪਿਤਾ ਸੰਦੀਪ ਗੋਇਲ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਤਿੰਨ ਡਾਕਟਰਾਂ ਦੇ ਬੋਰਡ ਵੱਲੋਂ ਬੱਚੀ ਦਾ ਪੋਸਟ ਮਾਰਟਮ ਕਰਵਾਇਆ ਜਾ ਰਿਹਾ ਹੈ।

Advertisement
Show comments