ਅਸਾਮ ਤੋਂ ਮਾਲੇਰਕੋਟਲਾ ਪੁੱਜੇ ਨਗਰ ਕੀਰਤਨ ਦਾ ਸਵਾਗਤ
ਅਸਾਮ ਦੇ ਗੁਰਦੁਆਰਾ ਧੋਬੜੀ ਸਾਹਿਬ ਤੋਂ ਆਰੰਭ ਹੋਏ ਨਗਰ ਕੀਰਤਨ ਦੇ ਅੱਜ ਦੇਰ ਸ਼ਮ ਜ਼ਿਲ੍ਹਾ ਮਾਲੇਰਕੋਟਲਾ ਅੰਦਰ ਪੁੱਜਣ ’ਤੇ ਇਲਾਕੇ ਭਰ ਤੋਂ ਹਜ਼ਾਰਾਂ ਦੀ ਤਾਦਾਦ ਵਿੱਚ ਸੰਗਤਾਂ ਵੱਲੋਂ ਸਵਾਗਤ ਕੀਤਾ ਗਿਆ। ਸਵਾਗਤ ਕਰਨ ਵਾਲੀਆਂ ਸੰਗਤਾਂ ਦੀ ਅਗਵਾਈ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਸੀਨੀਅਰ ਮੀਤ ਪ੍ਰਧਾਨ ਹਾਜੀ ਮੁਹੰਮਦ ਤੁਫੈਲ ਮਲਿਕ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਜਥੇਦਾਰ ਭੁਪਿੰਦਰ ਸਿੰਘ ਭਲਵਾਨ, ਸਾਹਿਬਜ਼ਾਦਾ ਟਰੱਸਟ ਦੇ ਵਾਈਸ ਚੇਅਰਮੈਨ ਅਮਰਿੰਦਰ ਸਿੰਘ ਮੰਡੀਆਂ, ਸਾਬਕਾ ਡਿਪਟੀ ਕਮਿਸ਼ਨਰ ਗੁਰਲਵਲੀਨ ਸਿੰਘ ਸਿੱਧੂ, ਸਰਬੱਤ ਦਾ ਭਲਾ ਟਰੱਸਟ ਦੇ ਜ਼ਿਲ੍ਹਾ ਪ੍ਰਧਾਨ ਭਾਈ ਜਗਦੀਸ਼ ਸਿੰਘ ਘੁੰਮਣ, ਗਿਆਨੀ ਅਮਰ ਸਿੰਘ ਦਸਮੇਸ਼ ਕੰਬਾਈਨਜ਼, ਨੰਬਰਦਾਰ ਜਤਿੰਦਰ ਸਿੰਘ ਮਹੋਲੀ, ਜਸਦੀਪ ਸਿੰਘ ਵੜੈਚ ਕੈਨੇਡਾ, ਅਕਾਲੀ ਆਗੂ ਬੀਬਾ ਜ਼ਾਹਿਦਾ ਸੁਲੇਮਾਨ ਸਮੇਤ ਇਲਾਕੇ ਭਰ ਦੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਪ੍ਰਧਾਨ ਤੇ ਧਾਰਮਿਕ ਸੰਸਥਾਵਾਂ ਦੇ ਆਗੂ ਕਰ ਰਹੇ ਸਨ। ਗੁਰਦੁਆਰਾ ਟਾਹਲੀਆਣਾ ਸਾਹਿਬ ਰਾਏਕੋਟ ਤੋਂ ਅੱਜ ਸਵੇਰੇ ਗੁਰਦੁਆਰਾ ਘੋੜਿਆਂ ਵਾਲਾ ਨਾਭਾ ਲਈ ਰਵਾਨਾ ਹੋਇਆ ਇਹ ਨਗਰ ਕੀਰਤਨ ਰਸਤੇ ਵਿਚ ਸਵਾਗਤ ਲਈ ਪੁੱਜੀਆਂ ਸੰਗਤਾਂ ਦੇ ਭਾਰੀ ਉਤਸ਼ਾਹ ਕਾਰਨ ਮਿੱਥੇ ਸਮੇਂ ਤੋਂ ਕਰੀਬ ਪੰਜ ਘੰਟੇ ਲੇਟ ਚੱਲ ਰਿਹਾ ਸੀ। ਜ਼ਿਲ੍ਹਾ ਮਾਲੇਰਕੋਟਲਾ ਅੰਦਰ ਦਾਖਲ਼ ਹੋਣ ਵੇਲੇ ਹਾਜੀ ਮੁਹੰਮਦ ਤੁਫੈਲ ਮਲਿਕ, ਐੱਸ ਜੀ ਪੀ ਸੀ ਮੈਂਬਰ ਜਥੇਦਾਰ ਭੂਪਿੰਦਰ ਸਿੰਘ ਭਲਵਾਨ, ਵਾਇਸ ਚੇਅਰਮੈਨ ਅਮਰਿੰਦਰ ਸਿੰਘ ਮੰਡੀਆਂ, ਨੰਬਰਦਾਰ ਜਤਿੰਦਰ ਸਿੰਘ ਮਹੋਲੀ ਅਤੇ ਜਸਦੀਪ ਸਿੰਘ ਵੜੈਚ ਕੈਨੇਡਾ ਆਦਿ ਆਗੂਆਂ ਵੱਲੋਂ ਪੰਜ ਪਿਆਰਿਆਂ, ਰਾਗੀ ਢਾਡੀ ਜਥਿਆਂ ਅਤੇ ਨਗਰ ਕੀਰਤਨ ਨਾਲ ਚੱਲ ਰਹੇ ਐੱਸ ਜੀ ਪੀ ਸੀ ਮੈਂਬਰ ਜਥੇਦਾਰ ਜਗਜੀਤ ਸਿੰਘ ਤਲਵੰਡੀ ਸਣੇ ਪ੍ਰਬੰਧਕ ਸੇਵਾਦਾਰਾਂ ਦਾ ਸਨਮਾਨ ਕੀਤਾ ਗਿਆ। ਜ਼ਿਲ੍ਹਾ ਮਾਲੇਰਕੋਟਲਾ ਅੰਦਰ ਕਲਿਆਣ ਦੇ ਨਹਿਰੀ ਪੁਲ ਤੋਂ ਬਾਗੜੀਆਂ ਤੱਕ ਨਗਰ ਕੀਰਤਨ ਦੇ ਸਵਾਗਤ ਲਈ ਸਮੁੱਚੇ ਰੂਟ ਨੂੰ ਖਾਲਸਾਈ ਝੰਡਿਆਂ ਅਤੇ ਸਵਾਗਤੀ ਗੇਟਾਂ ਨਾਲ ਸਜਾਇਆ ਗਿਆ। ਅਸਾਮ ਦੇ ਗੁਰਦੁਆਰਾ ਧੋਬੜੀ ਸਾਹਿਬ ਤੋਂ ਆਰੰਭ ਹੋਇਆ ਇਹ ਨਗਰ ਕੀਰਤਨ ਦੇਸ਼ ਦੇ 24 ਰਾਜਾਂ ਵਿਚੋਂ ਗੁਜਰਦੇ ਹੋਏ ਇਸੇ ਮਹੀਨੇ ਗੁਰਦੁਆਰਾ ਸੀਸ ਗੰਜ ਸਾਹਿਬ ਆਨੰਦਪੁਰ ਸਾਹਿਬ ਵਿਖੇ ਸੰਪੂਰਨ ਹੋਵੇਗਾ।
ਨਗਰ ਕੀਰਤਨ ਦਾ ਸੰਦੌੜ ਵਿੱਚ ਵੀ ਭਰਵਾਂ ਸਵਾਗਤ
Advertisementਸੰਦੌੜ (ਮੁਕੰਦ ਸਿੰਘ ਚੀਮਾ): ਗੁਰੂ ਤੇਗ ਬਹਾਦਰ ਦੀ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਇਸ ਵਿਸ਼ਾਲ ਨਗਰ ਕੀਰਤਨ ਦਾ ਅੱਜ ਕਸਬਾ ਸੰਦੌੜ ਵਿੱਚ ਪਹੁੰਚਣ ਭਰਵਾਂ ਸਵਾਗਤ ਕੀਤਾ ਗਿਆ। ਜ਼ਿਲ੍ਹਾ ਲੁਧਿਆਣਾ ਤੋਂ ਹੁੰਦਾ ਹੋਇਆ ਇਹ ਨਗਰ ਕੀਰਤਨ ਜਿਵੇਂ ਹੀ ਹਲਕਾ ਮਾਲੇਰਕੋਟਲਾ ਅੰਦਰ ਦਾਖਲ ਹੋਇਆ ਤਾਂ ਗੁਰਦੁਆਰਾ ਈਸਰਸਰ ਪੁਲ ਕਲਿਆਣ ਵਿਖੇ ਸਥਾਨ ’ਤੇ ਮੁੱਖ ਸੇਵਾਦਾਰ ਬਾਬਾ ਵਿਸਾਖਾ ਸਿੰਘ ਦੀ ਅਗਵਾਈ ਹੇਠ ਭਰਵਾਂ ਸਵਾਗਤ ਕੀਤਾ ਗਿਆ। ਬਾਬਾ ਵਿਸਾਖਾ ਸਿੰਘ ਨੇ ਨਗਰ ਕੀਰਤਨ ਵਿਚ ਸ਼ਾਮਲ ਪੰਜ ਪਿਆਰਿਆਂ ਦਾ ਵਿਸ਼ੇਸ਼ ਸਨਮਾਨ ਕੀਤਾ।
