ਤਲਵੰਡੀ ਸਾਬੋ ਤੋਂ ਸਜਾਇਆ ਨਗਰ ਕੀਰਤਨ ਅੱਜ ਸੰਗਰੂਰ ਪੁੱਜੇਗਾ
ਗੁਰੂ ਤੇਗ਼ ਬਹਾਦਰ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸੰਗਰੂਰ ਜ਼ਿਲ੍ਹੇ ਵਿੱਚ ਭਲਕੇ 20 ਨਵੰਬਰ ਨੂੰ ਆਉਣ ਵਾਲੇ ਇਤਿਹਾਸਕ ਨਗਰ ਕੀਰਤਨ ਦੇ ਸਵਾਗਤ ਅਤੇ ਸੁਰੱਖਿਆ ਪ੍ਰਬੰਧਾਂ ਸਬੰਧੀ ਡਿਪਟੀ ਕਮਿਸ਼ਨਰ ਰਾਹੁਲ ਚਾਬਾ ਤੇ ਐੱਸ ਐੱਸ ਪੀ ਸਰਤਾਜ ਸਿੰਘ ਚਾਹਲ ਨੇ ਜ਼ਿਲ੍ਹਾ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਤਲਵੰਡੀ ਸਾਬੋ ਤੋਂ ਚੱਲਿਆ ਪਵਿੱਤਰ ਨਗਰ ਕੀਰਤਨ ਬਰਨਾਲਾ ਹੁੰਦੇ ਹੋਏ ਸੰਗਰੂਰ ਜ਼ਿਲ੍ਹੇ ਵਿੱਚ ਭਲਕੇ 20 ਨਵੰਬਰ ਨੂੰ ਸ਼ਾਮ 5 ਵਜੇ ਬਡਬਰ ਤੋਂ ਦਾਖ਼ਲ ਹੋਵੇਗਾ ਅਤੇ ਲੌਂਗੋਵਾਲ, ਸ਼ਾਹਪੁਰਾ ਕਲਾਂ, ਚੀਮਾ ਮੰਡੀ, ਸੁਨਾਮ (ਆਈ ਟੀ ਆਈ ਚੌਕ), ਸੁਨਾਮ, ਬਰਨਾਲਾ ਕੈਂਚੀਆਂ ਤੋਂ ਨਗਰ ਕੀਰਤਨ ਗੁਰਦੁਆਰਾ ਸ੍ਰੀ ਮਸਤੂਆਣਾ ਸਾਹਿਬ ਵਿਖੇ ਪੁੱਜੇਗਾ, ਜਿਥੇ ਨਗਰ ਕੀਰਤਨ ਦਾ ਰਾਤ ਦਾ ਠਹਿਰਾਅ ਹੋਵੇਗਾ। ਉਨ੍ਹਾਂ ਦੱਸਿਆ ਕਿ 21 ਨਵੰਬਰ ਨੂੰ ਸਵੇਰੇ 8 ਵਜੇ ਨਗਰ ਕੀਰਤਨ ਗੁਰਦੁਆਰਾ ਸ੍ਰੀ ਮਸਤੂਆਣਾ ਸਾਹਿਬ ਤੋਂ ਚੱਲ ਕੇ ਪੁਲੀਸ ਲਾਈਨ ਸੰਗਰੂਰ, ਬਰਨਾਲਾ ਕੈਂਚੀਆਂ, ਪੂਨੀਆ ਟਾਵਰ, ਨਾਨਕਿਆਣਾ ਚੌਕ, ਯਾਦਵਿੰਦਰਾ ਡਰੀਮਜ਼ ਹੋਟਲ ਚੌਕ ਤੋਂ ਹੁੰਦੇ ਹੋਏ ਵੇਰਕਾ ਮਿਲਕ ਪਲਾਂਟ, ਭਵਾਨੀਗੜ੍ਹ ਕੈਂਚੀਆਂ ਤੋਂ ਯੂ ਟਰਨ ਕਰਦਿਆਂ ਹੋਇਆ ਬਲਵਾੜ ਕਲਾਂ, ਘਰਾਚੋਂ, ਭਵਾਨੀਗੜ੍ਹ ਤੋਂ ਹੁੰਦਿਆਂ ਹੋਇਆ ਚੰਨੋ ਵਿਖੇ ਜ਼ਿਲ੍ਹਾ ਪਟਿਆਲਾ ਵਿੱਚ ਦਾਖਲ ਹੋਵੇਗਾ। ਰਾਹੁਲ ਚਾਬਾ ਨੇ ਦੱਸਿਆ ਕਿ ਇਸ ਇਤਿਹਾਸਕ ਮੌਕੇ ਸ਼ਹਿਰ ਵਿਚ ਸਫ਼ਾਈ, ਸੁਰੱਖਿਆ, ਟਰੈਫ਼ਿਕ ਪ੍ਰਬੰਧਨ ਅਤੇ ਸ਼ਰਧਾਲੂਆਂ ਦੀ ਸਹੂਲਤ ਨੂੰ ਸਭ ਤੋਂ ਵੱਧ ਤਰਜੀਹ ਦਿੱਤੀ ਜਾ ਰਹੀ ਹੈ। ਉਨ੍ਹਾਂ ਸਬੰਧਤ ਵਿਭਾਗਾਂ ਨੂੰ ਨਗਰ ਕੀਰਤਨ ਦੇ ਰਸਤੇ ’ਤੇ ਸਾਰੀਆਂ ਜ਼ਰੂਰੀ ਤਿਆਰੀਆਂ ਸਮੇਂ ਸਿਰ ਪੂਰੀਆਂ ਕਰਨ ਦੇ ਨਿਰਦੇਸ਼ ਦਿੱਤੇ। ਡਿਪਟੀ ਕਮਿਸ਼ਨਰ ਨੇ ਸਭ ਨੂੰ ਇਸ ਨਗਰ ਕੀਰਤਨ ਦੇ ਦਰਸ਼ਨ ਦਾ ਸੱਦਾ ਦਿੱਤਾ।
