ਐੱਮਯੂਓ ਨੇ ਮੁਲਾਜ਼ਮ ਮੰਗਾਂ ਲਈ ਮੰਗ ਪੱਤਰ ਸੌਂਪੇ
ਖੇਤਰੀ ਪ੍ਰਤੀਨਿਧ/ਨਿੱਜੀ ਪੱਤਰ ਪ੍ਰੇਰਕ
ਧੂਰੀ, 26 ਜੂਨ
ਮੁਲਾਜ਼ਮ ਯੂਨਾਈਟਡ ਆਰਗੇਨਾਈਜੇਸ਼ਨ ਦੀ ਮੰਡਲ ਕਮੇਟੀ ਵੱਲੋਂ ਅੱਜ ਸੂਬਾ ਮੀਤ ਪ੍ਰਧਾਨ ਮੇਵਾ ਸਿੰਘ ਮੀਮਸਾ ਦੀ ਅਗਵਾਈ ਹੇਠ ਮੁਲਾਜ਼ਮ ਮੰਗਾਂ ਦੀ ਪੂਰਤੀ ਲਈ ਪਾਵਰਕੌਮ ਦੇ ਵਧੀਕ ਨਿਗਰਾਨ ਇੰਜਨੀਅਰ, ਉਪ ਮੰਡਲ ਅਫ਼ਸਰ ਸ਼ਹਿਰੀ ਧੂਰੀ ਅਤੇ ਭਲਵਾਨ ਨੂੰ ਮੰਗ ਪੱਤਰ ਸੌਂਪੇ। ਮੇਵਾ ਸਿੰਘ ਮੀਮਸਾ ਨੇ ਦੱਸਿਆ ਕਿ ਮੰਗ ਪੱਤਰ ਵਿੱਚ ਸੀਆਰਏ 289/16 ਵਾਲੇ ਸਹਾਇਕ ਲਾਇਨਮੈਨ ਸਾਥੀਆਂ ਨੂੰ ਵਨ ਟਾਈਮ ਸੈਟਲਮੈਂਟ ਦੇ ਅਧਾਰ ਤੇ ਲਾਇਨਮੈਨ ਬਣਾਉਣ, ਸੀਆਰਏ ਨੰਬਰ 295/19 ਵਾਲੇ ਸਹਾਇਕ ਲਾਇਨਮੈਨ ਸਾਥੀਆਂ ਨੂੰ ਜਿਹੜੇ ਚਾਰ ਸਾਲ ਦਾ ਸਮਾਂ ਪੂਰਾ ਕਰ ਚੁੱਕੇ ਹਨ, ਉਨ੍ਹਾਂ ਨੂੰ ਇਕੱਠਿਆਂ ਨੂੰ ਲਾਈਨਮੈਨ ਬਣਾਉਣ, ਸਮੂਹ ਫੀਲਡ ਸਟਾਫ ਨੂੰ ਪੈਟਰੋਲ ਭੱਤਾ ਦੇਣ, 25 ਸ.ਲ.ਮ. ਸਾਥੀ ਜੋ ਮਹਿਕਮੇ ਵੱਲੋਂ ਟਰਮੀਨੇਟ ਕੀਤੇ ਗਏ ਹਨ, ਉਨ੍ਹਾਂ ਨੂੰ ਜਲਦੀ ਬਹਾਲ ਕਰਨ, ਫੀਲਡ ਸਟਾਫ ਨੂੰ ਸੇਫਟੀ ਕਿੱਟਾਂ ਮੁਹੱਈਆ ਕਰਵਾਉਣ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਦੀਆਂ ਮੰਗਾਂ ਸ਼ੁਮਾਰ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਜਥੇਬੰਦੀ ਨੇ ਫ਼ੈਸਲਾ ਕੀਤਾ ਹੈ ਕਿ ਜਿੰਨਾ ਸਮਾਂ ਇਨ੍ਹਾਂ ਸਾਰੀਆਂ ਮੰਗਾਂ ਦਾ ਹੱਲ ਨਹੀਂ ਕੀਤਾ ਜਾਂਦਾ ਤਾਂ ਜਥੇਬੰਦੀ ਵੱਲੋਂ ਵਰਕ ਟੂ ਰੂਲ ਜਾਰੀ ਰੱਖਿਆ ਜਾਵੇਗਾ। ਇਸ ਮੌਕੇ ਅਨਿਲ ਕੁਮਾਰ, ਭੁਪਿੰਦਰ ਸਿੰਘ, ਦੀਪਕ ਕੁਮਾਰ, ਵਾਸਦੇਵ, ਹਰਪ੍ਰੀਤ ਸਿੰਘ, ਦਵਿੰਦਰ ਗਰਗ, ਕੁਲਵਿੰਦਰ ਸਿੰਘ, ਰਮਨਜੀਤ ਸਿੰਘ ਲਾਲੀ, ਸੰਦੀਪ ਸੋਨੀ, ਜਗਜੀਤ ਜੱਗੀ, ਮਨਜੀਤ ਸਿੰਘ, ਲਖਵਿੰਦਰ ਸਿੰਘ ਤੇ ਹਰਪ੍ਰੀਤ ਸਿੰਘ ਹੈਪੀ ਹਾਜ਼ਰ ਸਨ।