ਮਸਲੇ ਹੱਲ ਨਾ ਹੋਣ ’ਤੇ ਸਿਹਤ ਮੰਤਰੀ ਦੀ ਕੋਠੀ ਨੇੜੇ ਡਟੀਆਂ ਮਲਟੀਪਰਪਜ਼ ਹੈਲਥ ਵਰਕਰਾਂ
ਕੰਟਰੈਕਟ ਬੇਸ ਮਲਟੀਪਰਪਜ਼ ਹੈਲਥ ਵਰਕਰਜ਼ (ਫ਼ੀਮੇਲ) ਯੂਨੀਅਨ ਪੰਜਾਬ ਨੇ ਗੁਰਦੁਆਰਾ ਦੂਖਨਿਵਾਰਨ ਸਾਹਿਬ ਪਟਿਆਲਾ ਨੇੜੇ ਪੁੱਡਾ ਗਰਾਊਂਡ ਵਿਖੇ ਰੋਸ ਰੈਲੀ ਕਰਨ ਤੋਂ ਬਾਅਦ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੇ ਘਰ ਵੱਲ ਮਾਰਚ ਕੀਤਾ ਪਰ ਪੁਲੀਸ ਪ੍ਰਸ਼ਾਸਨ ਨੇ ਬੈਰੀਕੇਡ ਲਾ ਕੇ ਉਨ੍ਹਾਂ ਨੂੰ ਰੋਕ ਦਿੱਤਾ, ਜਿਸ ਤੋਂ ਬਾਅਦ ਪ੍ਰਦਰਸ਼ਨਕਾਰੀ ਮੰਤਰੀ ਦੇ ਘਰ ਨੇੜੇ ਧਰਨੇ ’ਤੇ ਬੈਠ ਗਈਆਂ। ਇਸ ਤੋਂ ਪਹਿਲਾਂ ਉਹ ਇੱਥੇ ਗੁਰਦੁਆਰਾ ਸ੍ਰੀ ਦੁਖਨਿਵਾਰਨ ਸਾਹਿਬ ਦੇ ਨੇੜੇ ਸਥਿਤ ਪੁੱਡਾ ਗਰਾਊਂਡ ਵਿਖੇ ਇਕੱਤਰ ਹੋਏ ਜਿਸ ਦੌਰਾਨ ਯੂਨੀਅਨ ਦੀ ਸੂਬਾਈ ਪ੍ਰਧਾਨ ਸਰਬਜੀਤ ਕੌਰ ਦੀ ਅਗਵਾਈ ਹੇਠਾਂ ਰਾਜ ਵਿਆਪੀ ਰੋਸ ਰੈਲੀ ਕੀਤੀ। ਇਸ ਦੌਰਾਨ ਉਨ੍ਹਾਂ ਨੇ ਮੰਗ ਕੀਤੀ ਕਿ ਕੰਟਰੈਕਟ ਵਰਕਰਾਂ ਨੂੰ ਰੈਗੂਲਰ ਕੀਤਾ ਜਾਵੇ ਅਤੇ ਬਰਾਬਰ ਕੰਮ, ਬਰਾਬਰ ਤਨਖਾਹ ਦਾ ਨਿਯਮ ਲਾਗੂ ਕੀਤਾ ਜਾਵੇ। ਇਸ ਤੋਂ ਬਾਅਦ ਉਹ ਸਿਹਤ ਮੰਤਰੀ ਦੀ ਕੋਠੀ ਵੱਲ ਰਵਾਨਾ ਹੋਈਆਂ ਜਿਉ ਹੀ ਰੋਸ ਮਾਰਚ ਕਰਦਾ ਹੋਇਆ ਇਹ ਕਾਫਲਾ ਮੰਤਰੀ ਦੇ ਘਰ ਵੱਲ ਵਧਦਾ ਗਿਆ ਤਾਂ ਪੁਲੀਸ ਵੱਲੋਂ ਬੈਰੀਕੇਡਿੰਗ ਕਰ ਕੇ ਪਹਿਲਾਂ ਤੋਂ ਹੀ ਕੀਤੇ ਗਏ ਪ੍ਰਬੰਧਾਂ ਤਹਿਤ ਇਨ੍ਹਾਂ ਸਿਹਤ ਮੁਲਾਜ਼ਮਾਂ ਨੂੰ ਮੰਤਰੀ ਦੀ ਕੋਠੀ ਪਹੁੰਚਣ ਤੋਂ ਪਹਿਲਾਂ ਹੀ ਰੋਕ ਲਿਆ ਗਿਆ ਜਿਸ ਉਪਰੰਤ ਛੇ ਮੁਲਾਜ਼ਮ ਇੱਥੇ ਹੀ ਪਾਸੀ ਰੋਡ ਤੇ ਧਰਨਾ ਮਾਰ ਕੇ ਬੈਠ ਗਏ ਜਿਸ ਮਗਰੋਂ ਉਨ੍ਹਾਂ ਨੇ ਤਕਰੀਰਾਂ ਕੀਤੀਆਂ। ਉਨ੍ਹਾਂ ਪੰਜਾਬ ਸਰਕਾਰ ਦੀ ਨਿੰਦਾ ਕੀਤੀ ਅਤੇ ਆਪਣੀਆਂ ਮੰਗਾਂ ਦੀ ਪੂਰਤੀ ‘ਤੇ ਜ਼ੋਰ ਦਿੱਤਾ। ਇਸ ਦੌਰਾਨ ਸੜਕੀ ਆਵਾਜਾਈ ਠੱਪ ਹੋ ਕੇ ਰਹਿ ਗਈ ਜਿਸ ਤੋਂ ਬਾਅਦ ਸਿਹਤ ਮੰਤਰੀ ਦੇ ਇੱਕ ਨੁਮਾਇੰਦੇ ਨੇ ਆ ਕੇ ਮੰਗ ਪੱਤਰ ਲਿਆ ਤੇ ਮੰਗ ਪੱਤਰ ਮੁੱਖ ਮੰਤਰੀ ਤੱਕ ਪਹੁੰਚਾਉਣ ਦਾ ਵਾਅਦਾ ਕੀਤਾ ਜਿਸ ਤੋਂ ਬਾਅਦ ਧਰਨਾ ਸਮਾਪਤ ਹੋਇਆ।