ਜ਼ਿਲ੍ਹਾ ਪਰਿਸ਼ਦ ਚੋਣ ਵਿੱਚ ਬਹੁ-ਕੋਣੇ ਵਾਲੇ ਹਾਲਾਤ ਬਣੇ
ਪਟਿਆਲਾ ਜ਼ਿਲ੍ਹੇ ਦੀਆਂ 988 ਗਰਾਮ ਪੰਚਾਇਤਾਂ ’ਤੇ ਆਧਾਰਿਤ ਜ਼ਿਲ੍ਹਾ ਪਰਿਸ਼ਦ ਦੇ 23 ਜ਼ੋਨਾਂ ’ਤੇ 14 ਦਸੰਬਰ ਨੂੰ ਹੋਣ ਵਾਲੀ ਚੋਣ ਲਈ ਕੁੱਲ 113 ਉਮੀਦਵਾਰ ਕਿਸਮਤ ਅਜ਼ਮਾ ਰਹੇ ਹਨ। ਇਨ੍ਹਾਂ ਚੋਣਾਂ ਵਿੱਚ ਪਹਿਲਾਂ ਆਮ ਤੌਰ ’ਤੇ ਸਿੱਧੇ ਜਾਂ ਤਿਕੋਣੇ ਮੁਕਾਬਲੇ ਹੀ ਹੁੰਦੇ ਰਹੇ ਹਨ, ਪਰ ਇਸ ਚੋਣ ਪ੍ਰਕਿਰਿਆ ’ਚ ਭਾਗ ਲੈਣ ਵਾਲੀਆਂ ਰਾਜਸੀ ਪਾਰਟੀਆਂ ਦੀ ਗਿਣਤੀ ਐਤਕੀ ਪਿਛਲੀਆਂ ਸਾਰੀਆਂ ਚੋਣਾ ਨਾਲੋਂ ਵੱਧ ਹੈ ਜਿਸ ਕਰਕੇ ਹੀ ਇਸ ਵਾਰ ਇਸ ਚੋਣ ਲਈ ਬਹੁ-ਕੋਣੇ ਮੁਕਾਬਲੇ ਵਾਲੇ ਹਾਲਾਤ ਬਣੇ ਹੋਏ ਹਨ। ਉਂਜ ਸਭ ਤੋਂ ਵੱਧ 23 ਉਮੀਦਵਾਰ ਮੈਦਾਨ ਵਿੱਚ ਉਤਾਰਨ ਕਰਕੇ ਸੱਤਾਧਾਰੀ ਧਿਰ ਆਮ ਆਦਮੀ ਪਾਰਟੀ ਹੀ ਮੁੱਖ ਮੁਕਾਬਲੇ ਵਿੱਚ ਹੈ। ਦੂਜੇ ਪਾਸੇ ਦੂਜੀਆਂ ਰਾਜਸੀ ਪਾਰਟੀਆਂ ਕੁਝ ਜ਼ੋਨਾਂ ਵਿੱਚ ਉਮੀਦਵਾਰ ਖੜ੍ਹੇ ਕਰਨ ਤੋਂ ਖੁੰਝ ਗਈਆਂ ਹਨ। ਕਾਂਗਰਸ, ਅਕਾਲੀ ਦਲ (ਬਾਦਲ) ਤੇ ਭਾਜਪਾ ਦੇ 20-20 ਉਮੀਦਾਵਰ ਚੋਣ ਲੜ ਰਹੇ ਹਨ। ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ 11 ਅਤੇ ਬਸਪਾ ਦੇ 7 ਉਮੀਦਵਾਰ ਚੋਣ ਪਿੜ ਵਿੱਚ ਹਨ। ਬੰਮ੍ਹਣਾ ਜ਼ੋਨ ਤੋਂ ਪਰਮਜੀਤ ਸਿੰਘ ਖਾਨਪੁਰ ਇਕਲੌਤਾ ਉਮੀਦਵਾਰ ਕਿਸਮਤ ਅਜ਼ਮਾ ਰਿਹਾ ਹੈ। ਕਈ ਆਜ਼ਾਦ ਉਮੀਦਵਾਰ ਵੀ ਹਨ। ਕਾਂਗਰਸ ਹੱਥ ਪੰਜਾ, ਅਕਾਲੀ ਦਲ ਤੱਕੜੀ, ਭਾਜਪਾ ਕਮਲ ਦਾ ਫੁੱਲ ਅਤੇ ਬਸਪਾ ਹਾਥੀ ਦੇ ਚੋਣ ਨਿਸ਼ਾਨ ’ਤੇ ਲੜ ਰਹੀ ਹੈ। ਅਕਾਲੀ ਦਲ (ਪੁਨਰ ਸੁਰਜੀਤ) ਅਤੇ ਅਕਾਲੀ ਦਲ (ਅੰਮ੍ਰਿਤਸਰ) ਦਾ ਕੋਈ ਰਜਿਸਟਰਡ ਚੋਣ ਨਿਸ਼ਾਨ ਨਾ ਹੋਣ ਕਰਕੇ ਇਨ੍ਹਾਂ ਦੇ ਉਮੀਦਵਾਰ ਟਰੱਕ, ਜੀਪ, ਮੰਜਾ, ਗਲਾਸ ਅਤੇ ਸਿਲਾਈ ਮਸ਼ੀਨ ਵਰਗੇ ਚੋਣ ਨਿਸ਼ਾਨਾ ’ਤੇ ਚੋਣ ਲੜ ਰਹੇ ਹਨ। ਕਾਂਗਰਸ ਦੇ ਬੰਮ੍ਹਣਾ, ਧਨੇਠਾ ਤੇ ਅਦਾਲਤੀਵਾਲਾ, ਬਾਦਲ ਦਲ ਦੇ ਕਲਿਆਣ, ਜੌਰਾ ਤੇ ਡਕਾਲਾ ਅਤੇ ਭਾਜਪਾ ਦੇ ਦੁਲੱਦੀ, ਬਹਾਦਰਗੜ੍ਹ ਤੇ ਨਨਹੇੜਾ ਜ਼ੋਨ ਉਮੀਦਵਾਰਾਂ ਤੋਂ ਵਾਂਝੇ ਰਹਿ ਗਏ ਹਨ। ‘ਆਪ’ ਹਰੇਕ ਜ਼ੋਨ ਤੋਂ ਉਮੀਦਵਾਰ ਹਨ। ਖਾਲੀ ਜ਼ੋਨਾਂ ਸਬੰਧੀ ਇੱਕ-ਦੂਜੀ ਧਿਰ ਵੱਲੋਂ ਹਮਾਇਤ ਹਾਸਲ ਕਰਨ ਲਈ ਜ਼ੋਰ ਅਜ਼ਮਾਇਸ਼ ਕੀਤੀ ਜਾ ਰਹੀ ਹੈ। ਭਾਵ ਖਾਲੀ ਜ਼ੋਨਾਂ ’ਤੇ ਜੋੜ-ਤੋੜ ਦੀ ਰਾਜਨੀਤੀ ਚੱਲਣ ਦੀ ਸੰਭਾਵਨਾ ਰੱਦ ਨਹੀਂ ਕੀਤੀ ਜਾ ਸਕਦੀ।
ਇਸ ਦੌਰਾਨ ਭਾਜਪਾ ਨੇ ਜ਼ਿਲ੍ਹਾ ਪਰਿਸ਼ਦ ਚੋਣ ਲਈ ਇਸ ਕਦਰ ਐਤਕੀ ਪਹਿਲੀ ਵਾਰ ਇਕੱਲਿਆਂ ਹੀ ਖੁੱਲ੍ਹੇ ਦਿਲ ਨਾਲ ਆਪਣੇ ਉਮੀਦਵਾਰ ਮੈਦਾਨ ’ਚ ਉਤਾਰੇ ਹਨ। ਭਾਵੇਂ ਸਾਬਕਾ ਕੇਂਦਰੀ ਮੰਤਰੀ ਪਰਨੀਤ ਕੌਰ ਤੇ ਬੀਬਾ ਜੈਇੰਦਰ ਕੌਰ ਹੀ ਚੋਣ ਮੁਹਿੰਮ ਦੀ ਅਗਵਾਈ ਕਰ ਰਹੇ ਹਨ, ਪਰ ਇਨ੍ਹਾਂ ਦੇ ਕਰੀਬੀ ਵਜੋਂ ਭਾਜਪਾ ਆਗੂ ਹਰਵਿੰਦਰ ਹਰਪਾਲਪੁਰ ਸਮੇਤ ਬਿਕਰਮਜੀਤ ਚਹਿਲ, ਸੁਰਿੰਦਰ ਖੇੜਕੀ, ਜਸਪਾਲ ਗਗਰੌਲਾ ਆਦਿ ਵੀ ਪੂਰੀ ਤਰ੍ਹਾਂ ਸਰਗਰਮ ਹਨ।
ਉਧਰ, ਅਕਾਲੀ ਦਲ ਵੱਲੋਂ ਹੁਣੇ ਹੀ ਨਵੇਂ ਬਣਾਏ ਹਲਕਾ ਇੰਚਾਰਜ ਸੁਰਜੀਤ ਗੜ੍ਹੀ, ਸਰਬਜੀਤ ਝਿੰਜਰ ਤੇ ਜਗਮੀਤ ਹਰਿਆਊ ਵਧੀਆ ਕਾਰਗੁਜਾਰੀ ਲਈ ਹੋਰ ਵੀ ਵਧੇਰੇ ਅੱਡੀ ਚੋਟੀ ਦਾ ਜ਼ੋਰ ਲਾ ਰਹੇ ਹਨ।
ਬਡਰੁੱਖਾਂ ਜ਼ੋਨ ਦੇ ਚੋਣ ਮੈਦਾਨ ’ਚੋਂ ‘ਤੱਕੜੀ’ ਤੇ ‘ਪੰਜਾ’ ਗਾਇਬ
ਸੰਗਰੂਰ (ਗੁਰਦੀਪ ਸਿੰਘ ਲਾਲੀ): ਜ਼ਿਲ੍ਹਾ ਪਰਿਸ਼ਦ ਅਤੇ ਪੰਚਾਇਤ ਸਮਿਤੀ ਚੋਣਾਂ ਲਈ ਭਾਵੇਂ ਸਾਰੀਆਂ ਪ੍ਰਮੁੱਖ ਸਿਆਸੀ ਪਾਰਟੀਆਂ ਵਲੋਂ ਆਪਣੇ ਉਮੀਦਵਾਰਾਂ ਨੂੰ ਚੋਣ ਮੈਦਾਨ ਵਿਚ ਉਤਾਰਿਆ ਗਿਆ ਹੈ ਪਰ ਪੰਚਾਇਤ ਸਮਿਤੀ ਜ਼ੋਨ ਬਡਰੁੱਖਾਂ ਇੱਕ ਅਜਿਹਾ ਜ਼ੋਨ ਹੈ, ਜਿਸਦਾ ਚੋਣ ਮੈਦਾਨ ਸ਼੍ਰੋਮਣੀ ਅਕਾਲੀ ਦਲ, ਕਾਂਗਰਸ ਅਤੇ ਭਾਜਪਾ ਦੇ ਉਮੀਦਵਾਰਾਂ ਤੋਂ ਵਾਂਝਾ ਹੈ। ਭਾਵ ਪੰਚਾਇਤ ਸਮਿਤੀ ਜ਼ੋਨ ਬਡਰੁੱਖਾਂ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਤੱਕੜੀ, ਕਾਂਗਰਸ ਪਾਰਟੀ ਦਾ ਪੰਜਾ ਅਤੇ ਭਾਜਪਾ ਦਾ ਕਮਲ ਦਾ ਫੁੱਲ ਗਾਇਬ ਹੈ। ਵੋਟਾਂ ਵਾਲੇ ਦਿਨ ਇਸ ਜ਼ੋਨ ਦੇ ਬੈਲਟ ਪੇਪਰ ਵਿਚ ਵੋਟਰਾਂ ਨੂੰ ਨਾ ਤੱਕੜੀ , ਨਾ ਪੰਜਾ ਅਤੇ ਨਾ ਹੀ ਕਮਲ ਦਾ ਫੁੱਲ ਨਜ਼ਰ ਆਵੇਗਾ। ਪਿੰਡ ਬਡਰੁੱਖਾਂ ਵਿਧਾਨ ਸਭਾ ਹਲਕਾ ਸੁਨਾਮ ਊਧਮ ਸਿੰਘ ਵਾਲਾ ਅਧੀਨ ਪੈਂਦਾ ਹੈ। ਪੰਚਾਇਤ ਸਮਿਤੀ ਦਾ ਇਹ ਜ਼ੋਨ ਇਕੱਲੇ ਪਿੰਡ ਦਾ ਹੈ। ਪੰਚਾਇਤ ਸਮਿਤੀ ਜ਼ੋਨ ਬਡਰੁੱਖਾਂ ਦੇ ਚੋਣ ਮੈਦਾਨ ਵਿਚ ਸਿਰਫ਼ ਤਿੰਨ ਉਮੀਦਵਾਰ ਆਪਣੀ ਕਿਸਮਤ ਅਜ਼ਮਾ ਰਹੇ ਹਨ ਜਿੰਨ੍ਹਾਂ ਵਿਚ ਇੱਕ ਆਮ ਆਦਮੀ ਪਾਰਟੀ ਵਲੋਂ ਗੁਰਦੀਪ ਸਿੰਘ ਸੰਧੂ ਨੂੰ ਉਮੀਦਵਾਰ ਬਣਾਇਆ ਗਿਆ ਹੈ ਜਦੋਂਕਿ ਪ੍ਰੀਤਮ ਸਿੰਘ ਅਤੇ ਕਰਮਜੀਤ ਸਿੰਘ ਆਜ਼ਾਦ ਉਮੀਦਵਾਰ ਹਨ। ਜੇਕਰ ਸਿਆਸੀ ਪਾਰਟੀਆਂ ਦੇ ਉਮੀਦਵਾਰਾਂ ਦੀ ਗੱਲ ਕੀਤੀ ਜਾਵੇ ਤਾਂ ਸਿਰਫ਼ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਛੱਡ ਕੇ ਬਾਕੀ ਕਿਸੇ ਵੀ ਸਿਆਸੀ ਪਾਰਟੀ ਦਾ ਕੋਈ ਉਮੀਦਵਾਰ ਪੰਚਾਇਤ ਸਮਿਤੀ ਜ਼ੋਨ ਬਡਰੁੱਖਾਂ ਦੇ ਚੋਣ ਮੈਦਾਨ ਵਿਚ ਨਹੀਂ ਹੈ। ਅਕਾਲੀ ਦਲ ਅਤੇ ਕਾਂਗਰਸ ਦੇ ਉਮੀਦਵਾਰਾਂ ਦਾ ਇਸ ਜ਼ੋਨ ਦੇ ਚੋਣ ਮੈਦਾਨ ਵਿਚ ਨਾ ਹੋਣਾ ਹੈਰਾਨੀਜਨਕ ਹੈ। ਦੂਜੇ ਪਾਸੇ ਜੇਕਰ ਜ਼ਿਲ੍ਹਾ ਪਰਿਸ਼ਦ ਜ਼ੋਨ ਬਡਰੁੱਖਾਂ ਦੇ ਚੋਣ ਮੈਦਾਨ ਵਿਚ ਛੇ ਉਮੀਦਵਾਰ ਹਨ। ਇਨ੍ਹਾਂ ਵਿਚ ‘ਆਪ’ ਵੱਲੋਂ ਸਤਿਨਾਮ ਸਿੰਘ ਕਾਲਾ, ਕਾਂਗਰਸ ਵੱਲੋਂ ਕੁਲਜੀਤ ਸਿੰਘ ਤੂਰ, ਅਕਾਲੀ ਦਲ ਵੱਲੋਂ ਬੀਬੀ ਸਰਬਜੀਤ ਕੌਰ, ਅਕਾਲੀ ਦਲ ਪੁਨਰ ਸੁਰਜੀਤ ਵੱਲੋਂ ਜਗਦੇਵ ਸਿੰਘ, ਅਕਾਲੀ ਦਲ ਅੰਮ੍ਰਿਤਸਰ ਵੱਲੋਂ ਪਰਮਪਾਲ ਸਿੰਘ ਅਤੇ ਭਾਜਪਾ ਵੱਲੋਂ ਪਰਮਜੀਤ ਸਿੰਘ ਮੈਦਾਨ ’ਚ ਹਨ।
ਡੀ ਸੀ ਵੱਲੋਂ ਗਿਣਤੀ ਕੇਂਦਰਾਂ ਤੇ ਸਟਰਾਂਗ ਰੂਮਾਂ ਦਾ ਨਿਰੀਖਣ
ਪਟਿਆਲਾ (ਖੇਤਰੀ ਪ੍ਰਤੀਨਿਧ): ਜ਼ਿਲ੍ਹਾ ਪਰਿਸ਼ਦ ਦੇ 23 ਜ਼ੋਨਾਂ ਤੇ 10 ਬਲਾਕ ਸਮਿਤੀਆਂ ਦੇ 184 ਜ਼ੋਨਾਂ ਦੀਆਂ 14 ਦਸੰਬਰ ਨੂੰ ਪੈਣ ਵਾਲੀਆਂ ਵੋਟਾਂ ਸਬੰਧੀ ਵੋਟ ਬਕਸੇ ਰੱਖਣ ਲਈ ਬਣਾਏ ਗਏ ਸਟਰਾਂਗ ਰੂਮ ਅਤੇ ਵੋਟਾਂ ਦੀ ਗਿਣਤੀ ਕੇਂਦਰਾਂ ਦਾ ਨਿਰੀਖਣ ਕਰਨ ਲਈ ਸਰਕਾਰੀ ਮਹਿੰਦਰਾ ਕਾਲਜ ਤੇ ਸਰਕਾਰੀ ਆਈ ਟੀ ਆਈ ਪਟਿਆਲਾ ਦਾ ਦੌਰਾ ਕੀਤਾ। ਇਸ ਦੌਰਾਨ ਏ ਡੀ ਸੀ ਦਮਨਜੀਤ ਸਿੰਘ ਮਾਨ ਵੀ ਮੌਜੂਦ ਸਨ।
ਮਾਲੇਰਕੋਟਲਾ (ਹੁਸ਼ਿਆਰ ਸਿੰਘ ਰਾਣੂ): ਵਧੀਕ ਡਿਪਟੀ ਕਮਿਸ਼ਨਰ ਨਵਰੀਤ ਕੌਰ ਸੇਖੋਂ ਵੱਲੋਂ ਸਰਕਾਰੀ ਕਾਲਜ ਮਾਲੇਰਕੋਟਲਾ ਦਾ ਦੌਰਾ ਕਰਕੇ ਚੋਣਾਂ ਲਈ ਤਿਆਰ ਕੀਤੇ ਗਏ ਸਟਰਾਂਗ ਰੂਮ ਅਤੇ ਗਿਣਤੀ ਸੈਂਟਰ ਦੀਆਂ ਸੁਰੱਖਿਆ ਵਿਵਸਥਾਵਾਂ ਦਾ ਜਾਇਜ਼ਾ ਲਿਆ ਗਿਆ। ਉਨ੍ਹਾਂ ਨੇ 13 ਦਸੰਬਰ ਨੂੰ ਪੋਲਿੰਗ ਅਮਲੇ ਦੀ ਰਵਾਨਗੀ ਅਤੇ 17 ਦਸੰਬਰ ਨੂੰ ਹੋਣ ਵਾਲੀ ਵੋਟਾਂ ਦੀ ਗਿਣਤੀ ਲਈ ਕੀਤੀਆਂ ਤਿਆਰੀਆਂ ਦੀ ਵੀ ਸਮੀਖਿਆ ਕੀਤੀ।
ਪੌਣੇ ਨੌਂ ਲੱਖ ਵੋਟਰ ਕਰਨਗੇ ਜਿੱਤ-ਹਾਰ ਦਾ ਫ਼ੈਸਲਾ
ਪਟਿਆਲਾ (ਖੇਤਰੀ ਪ੍ਰ੍ਰਤੀਨਿਧ): ਜ਼ਿਲ੍ਹਾ ਪਟਿਆਲਾ ਦੀਆਂ 988 ਪੰਚਾਇਤਾਂ ਨੂੰ ਜ਼ਿਲ੍ਹਾ ਪਰਿਸ਼ਦ ਅਤੇ ਪੰਚਾਇਤ ਸਮਿਤੀਆਂ ਤਰਤੀਬਵਾਰ 23 ਅਤੇ 184 ਕੁੱਲ 207 ਜ਼ੋਨਾਂ ਵਿਚ ਵੰਡਿਆ ਹੋਇਆ ਹੈ। ਇਸ ਸਬੰਧੀ ਚੋਣ ਮੈਦਾਨ ’ਚ ਡਟੇ 734 ਉਮੀਦਵਾਰਾਂ ਦੀ ਜਿੱਤ ਹਾਰ ਦਾ ਫ਼ੈਸਲਾ ਜ਼ਿਲੇ ਦੇ 8 ਲੱਖ 88 ਹਜ਼ਾਰ 610 ਵੋਟਰ ਕਰਨਗੇ। ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਇਨ੍ਹਾਂ 8 ਲੱਖ 88 ਹਜ਼ਾਰ 610 ਵੋਟਰਾਂ ਵਿਚੋਂ 4 ਲੱਖ 67 ਹਜ਼ਾਰ 774 ਮਰਦਾਂ ਅਤੇ 4 ਲੱਖ 20 ਹਜ਼ਾਰ 822 ਔਰਤਾਂ ਸਮੇਤ 14 ਥਰਡ ਜੈਂਡਰ ਹਨ।
