ਪੰਜਾਬ ਦੇ ਹਰ ਕੋਨੇ ਤੱਕ ਆਧੁਨਿਕ ਸਹੂਲਤਾਂ ਪਹੁੰਚਾਈਆਂ ਜਾ ਰਹੀਆਂ ਹਨ: ਚੀਮਾ
ਪੰਜਾਬ ਦੇ ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਅੱਜ ਦਿੜ੍ਹਬਾ ਵਾਸੀਆਂ ਨੂੰ ਨਵੀਂ ਫਾਇਰ ਬ੍ਰਿਗੇਡ ਗੱਡੀ ਮੁਹੱਈਆ ਕਰਵਾਈ। ਇਸ ਮੌਕੇ ਸਰਕਾਰ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕਰਦਿਆਂ ਵਿੱਤ ਮੰਤਰੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਪੰਜਾਬ ਦੇ ਹਰ ਕੋਨੇ ਤੱਕ ਆਧੁਨਿਕ ਸਹੂਲਤਾਂ ਪਹੁੰਚਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਦਿੜ੍ਹਬਾ ਅਤੇ ਇਲਾਕੇ ਦੇ ਪਿੰਡਾਂ ਵਿੱਚ ਜਿਹੜੇ ਵੀ ਵਿਕਾਸ ਕੰਮ ਰਹਿ ਗਏ ਹਨ, ਉਨ੍ਹਾਂ ਲਈ ਵੀ ਗਰਾਂਟਾਂ ਜਲਦੀ ਜਾਰੀ ਕੀਤੀਆਂ ਜਾਣਗੀਆਂ। ਉਨ੍ਹਾਂ ਪਿੰਡਾਂ ਦੀਆਂ ਪੰਚਾਇਤਾਂ ਨੂੰ ਜ਼ੋਰ ਦੇ ਕੇ ਕਿਹਾ ਕਿ ਜੇ ਤੁਸੀਂ ਪਿੰਡ ਦਾ ਵਿਕਾਸ ਪੂਰੀ ਇਮਾਨਦਾਰ ਅਤੇ ਪਾਰਦਰਸ਼ਤਾ ਨਾਲ ਕਰਵਾਉਣ ਕਰਵਾਉਂਗੇ ਤਾਂ ਤੁਹਾਡੇ ਨਾਲ ਲੋਕਾਂ ਦਾ ਸਹਿਯੋਗ ਬਣਿਆ ਰਹੇਗਾ। ਉਨ੍ਹਾਂ ਵਾਅਦਾ ਕੀਤਾ ਕਿ ਦਿੜ੍ਹਬਾ ਹਲਕੇ ਦੇ ਵਿਕਾਸ ਵਿੱਚ ਕੋਈ ਵੀ ਕਸਰ ਨਹੀਂ ਰਹਿਣ ਦਿੱਤੀ ਜਾਵੇਗੀ। ਇਸ ਮੌਕੇ ਉਨ੍ਹਾਂ ਨਾਲ ਐਡਵੋਕੇਟ ਤਪਿੰਦਰ ਸਿੰਘ ਸੋਹੀ ਓਐੱਸਡੀ ਵਿੱਤ ਮੰਤਰੀ, ਰਾਜੇਸ਼ ਕੁਮਾਰ ਸ਼ਰਮਾ, ਐੱਸ ਡੀ ਐੱਮ ਦਿੜ੍ਹਬਾ, ਡਾ. ਰੁਪਿੰਦਰ ਕੌਰ ਬਾਜਵਾ, ਡੀ ਐੱਸ ਪੀ ਦਿੜ੍ਹਬਾ, ਨਗਰ ਪੰਚਾਇਤ ਦੇ ਪ੍ਰਧਾਨ ਮਨਿੰਦਰ ਸਿੰਘ, ਅਜੈ ਕੁਮਾਰ ਸਿੰਗਲਾ, ਪ੍ਰਗਟ ਸਿੰਘ ਐੱਮ ਸੀ ਦਿੜ੍ਹਬਾ, ਬਲਵਿੰਦਰ ਸਿੰਘ ਦਿੜ੍ਹਬਾ, ਓਮ ਪ੍ਰਕਾਸ਼ ਜਿੰਦਲ, ਰਾਜੇਸ਼ ਕੁਮਾਰ ਗੋਪ ਤਿੰਨੇ ਮੈਂਬਰ ਨਗਰ ਪੰਚਾਇਤ ਦਿੜ੍ਹਬਾ ਆਦਿ ਆਗੂ ਹਾਜ਼ਰ ਸਨ। ਸਮਾਗਮ ਨੂੰ ਸੰਬੋਧਨ ਕਰਦਿਆਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਦਿੜ੍ਹਬਾ ਵਿੱਚ ਗਰਮੀ ਦੇ ਸੀਜ਼ਨ ਵਿੱਚ ਅੱਗ ਲੱਗਣ ਕਾਰਨ ਬਹੁਤ ਸਾਰੀਆਂ ਅਣ ਸੁਖਾਵੀਆਂ ਘਟਨਾਵਾਂ ਵਾਪਰ ਜਾਂਦੀਆਂ ਸਨ ਪਰ ਇੱਥੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨਾ ਹੋਣ ਕਾਰਨ ਗੱਡੀਆਂ ਬਾਹਰੋਂ ਮੰਗਵਾਉਣੀ ਪੈਂਦੀ ਸੀ। ਉਨ੍ਹਾਂ ਦੱਸਿਆ ਕਿ ਇਸ ਗੱਡੀ ’ਤੇ 65 ਲੱਖ ਰੁਪਏ ਦੀ ਲਾਗਤ ਆਈ ਹੈ ਤੇ ਇਸ ਵਿੱਚ ਹਰ ਸਮੇਂ 5200 ਲਿਟਰ ਪਾਣੀ ਮੌਜੂਦ ਰਹੇਗਾ ਤੇ ਵੱਡੀ ਤੋਂ ਵੱਡੀ ਅੱਗ ਦੀ ਘਟਨਾ ’ਤੇ ਮਿੰਟਾਂ ਵਿੱਚ ਕਾਬੂ ਪਾਉਣ ਦੇ ਸਮਰੱਥ ਹੈ। ਇਸ ਗੱਡੀ ’ਤੇ 7 ਮੁਲਾਜ਼ਮ ਹਾਜ਼ਰ ਰਹਿਣਗੇ। ਉਨ੍ਹਾਂ ਦੱਸਿਆ ਕਿ ਕਾਰਜਕਾਰੀ ਤੇ ਇੰਜਨੀਅਰਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਇਹ ਗੱਡੀ 24 ਘੰਟੇ ਇੱਥੇ ਖੜ੍ਹੇਗੀ ਤੇ ਇਸ ਦੇ ਖੜ੍ਹਨ ਦਾ ਢੁੱਕਵਾਂ ਪ੍ਰਬੰਧ ਕੀਤਾ ਗਿਆ ਹੈ।