ਦੁਕਾਨ ਦੇ ਜਿੰਦਰੇ ਤੋੜ ਕੇ ਮੋਬਾਈਲ ਤੇ ਲੈਪਟਾਪ ਚੋਰੀ
ਸ਼ਹਿਰ ਦੀ ਕੌਲਾ ਪਾਰਕ ਮਾਰਕੀਟ ਵਿੱਚ ਸਥਿਤ ਇੱਕ ਦੁਕਾਨ ਦੇ ਜਿੰਦਰ ਤੋੜ ਕੇ ਚੋਰ ਮੋਬਾਈਲ ਫੋਨ ਅਤੇ ਲੈਪਟਾਪ ਚੋਰੀ ਕਰਕੇ ਲੈ ਗਏ ਜਦੋਂ ਕਿ ਬਾਕੀ ਦੁਕਾਨਾਂ ’ਚ ਘਟਨਾ ਨੂੰ ਅੰਜਾਮ ਦੇਣ ਵਿਚ ਅਸਫ਼ਲ ਰਹੇ। ਚੋਰੀ ਦੀ ਘਟਨਾ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ ਹੈ। ਪੁਲੀਸ ਸੀਸੀਟੀਵੀ ਫੁਟੇਜ ਦੇ ਆਧਾਰ ’ਤੇ ਚੋਰਾਂ ਦਾ ਸੁਰਾਗ ਲਾਉਣ ਵਿਚ ਜੁਟ ਗਈ ਹੈ। ਦੁਕਾਨ ਮਾਲਕ ਅਮਨਦੀਪ ਸਿੰਘ ਅਤੇ ਜਗਸੀਰ ਸਿੰਘ ਨੇ ਦੱਸਿਆ ਕਿ ਲੰਘੀ ਰਾਤ ਉਹ ਹਰ ਰੋਜ਼ ਦੀ ਤਰ੍ਹਾਂ ਆਪਣੀ ਦੁਕਾਨ ਬੰਦ ਕਰਕੇ ਘਰ ਚਲੇ ਗਏ ਸੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ‘ਸਰਦਾਰ ਮੋਬਾਈਲ’ ਦੀ ਦੁਕਾਨ ’ਤੇ ਚੋਰੀ ਦੀ ਘਟਨਾ ਰਾਤ ਕਰੀਬ 12 ਵਜੇ ਤੋਂ ਬਾਅਦ ਵਾਪਰੀ ਹੈ ਕਿਉਂਕਿ ਸੰਗਰੂਰ ਪੁਲੀਸ ਦੀ ਪੀਸੀਆਰ ਪਾਰਟੀ ਮੁਤਾਬਕ ਉਹ ਰਾਤ ਕਰੀਬ 12 ਵਜੇ ਗਸ਼ਤ ਕਰਕੇ ਗਏ ਸੀ ਅਤੇ ਉਸਤੋਂ ਬਾਅਦ ਹੀ ਚੋਰਾਂ ਨੇ ਘਟਨਾ ਨੂੰ ਅੰਜਾਮ ਦਿੱਤਾ ਹੈ। ਦੁਕਾਨ ਮਾਲਕ ਨੇ ਦੱਸਿਆ ਕਿ ਦੁਕਾਨ ਵਿਚੋਂ ਚੋਰ ਮਹਿੰਗੇ ਮੋਬਾਈਲ ਫੋਨ ਅਤੇ ਲੈਪਟਾਪ ਚੋਰੀ ਕਰਕੇ ਲੈ ਗਏ ਹਨ ਅਤੇ ਕਰੀਬ ਢਾਈ ਲੱਖ ਰੁਪਏ ਦਾ ਸਾਮਾਨ ਚੋਰੀ ਹੋਇਆ ਹੈ। ਉਨ੍ਹਾਂ ਦੱਸਿਆ ਕਿ ਚੋਰੀ ਦੀ ਘਟਨਾ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ ਹੈ ਅਤੇ ਸੀਸੀਟੀਵੀ ਫੁਟੇਜ ਦੇ ਆਧਾਰ ਚੋਰਾਂ ਦਾ ਸੁਰਾਗ ਲਾਉਣ ਵਿਚ ਜੁਟ ਗਈ ਹੈ। ਪੁਲੀਸ ਨੇ ਦੁਕਾਨਦਾਰ ਦੇ ਬਿਆਨ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਕੌਲਾ ਪਾਰਕ ਮੋਬਾਈਲ ਐਸੋਸੀਏਸ਼ਨ ਸੰਗਰੂਰ ਦੇ ਪ੍ਰਧਾਨ ਤਰਸਪਾਲ ਸਿੰਘ ਨੇ ਸੰਗਰੂਰ ਪੁਲੀਸ ਤੋਂ ਮੰਗ ਕੀਤੀ ਹੈ ਕਿ ਜਲਦ ਚੋਰਾਂ ਦਾ ਪਤਾ ਲਗਾਇਆ ਜਾਵੇ ਅਤੇ ਕੌਲਾ ਪਾਰਕ ਮਾਰਕੀਟ ਵਿਚ ਰਾਤ ਦੀ ਗਸ਼ਤ ਵਧਾ ਕੇ ਦੁਕਾਨਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ।