ਵਿਧਾਇਕ ਨੇ ਮੁਆਵਜ਼ਾ ਰਾਸ਼ੀ ਦੇ ਦਸਤਾਵੇਜ਼ ਸੌਂਪੇ
ਹਲਕਾ ਘਨੌਰ ਦੇ ਵਿਧਾਇਕ ਗੁਰਲਾਲ ਘਨੌਰ ਨੇ ਘੱਗਰ ਦੀ ਮਾਰ ਹੇਠ ਆਏ ਤੇ ਹੜ੍ਹਾਂ ਦੇ ਝੰਬੇ 11 ਪਿੰਡਾਂ ਦੇ 2113 ਲਾਭਪਾਤਰੀਆਂ ਨੂੰ ਅੱਜ 5.15 ਕਰੋੜ ਦੀ ਮੁਆਵਜ਼ਾ ਰਾਸ਼ੀ ਦੇ ਦਸਤਾਵੇਜ਼ ਵੰਡੇ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਨੇ ‘ਜਿਸ ਦਾ ਖੇਤ-ਉਸ ਦਾ ਰੇਤ’ ਸਕੀਮ ਤਹਿਤ ਕਿਸਾਨਾਂ ਨੂੰ ਖੇਤਾਂ ਵਿਚੋਂ ਮਿੱਟੀ ਚੁੱਕਣ ਦੀ ਖੁੱਲ੍ਹ ਦਿੱਤੀ ਹੈ। ਇਸ ਦੌਰਾਨ ਪੀ ਆਰ ਟੀ ਸੀ ਦੇ ਚੇਅਰਮੈਨ ਰਣਜੋਧ ਸਿੰਘ ਹਡਾਣਾ ਨੇ ਕਿਹਾ ਕਿ ਹੜ੍ਹਾਂ ਦੌਰਾਨ ਕੇਂਦਰ ਸਰਕਾਰ ਨੇ ਕਿਸਾਨਾਂ ਦੀ ਬਾਂਹ ਨਹੀਂ ਫੜੀ, ਪਰ ਦੇਸ਼ ਵਿੱਚੋਂ ਸਭ ਤੋਂ ਵੱਧ 20 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਸਿਰਫ਼ ਪੰਜਾਬ ਸਰਕਾਰ ਨੇ ਅਦਾ ਕੀਤਾ ਹੈ। ਇਸ ਮੌਕੇ ਐੱਸ ਡੀ ਐੱਮ ਵਿਕੇਸ਼ ਗੁਪਤਾ ਸਮੇਤ ਹੋਰ ਅਧਿਕਾਰੀ ਮੌਜੂਦ ਸਨ।
ਘਨੌਰ ਹਲਕੇ ਦੇ ਟਿਵਾਣਾ, ਤਾਜਲਪੁਰ, ਮਾੜੂ, ਸਰਾਲਾ ਕਲਾਂ, ਸਰਾਲਾ ਖੁਰਦ, ਕਮਾਲਪੁਰ, ਕਪੂਰੀ, ਰਾਮਪੁਰ, ਹਰਪਾਲਾਂ, ਲੋਹਸਿੰਬਲੀ ਅਤੇ ਜਮੀਤਗੜ੍ਹ ਵਿੱਚ ਨੁਕਸਾਨੇ ਗਏ 3478 ਏਕੜ ਰਕਬੇ ਦੇ ਖਰਾਬੇ ਦੇ ਮੁਆਵਜ਼ੇ ਦੀ ਸਹਾਇਤਾ ਰਾਸ਼ੀ ਕਿਸਾਨਾਂ ਦੇ ਖਾਤਿਆਂ ਵਿੱਚ ਪਾਏ ਜਾਣ ਸਬੰਧੀ ਦਸਤਾਵੇਜ਼ ਸੌਂਪੇ।
ਵਿਧਾਇਕ ਨੇ ਕਿਹਾ ਕਿ ਘੱਗਰ ਦੀ ਚਿਰੋਕਣੀ ਸਮੱਸਿਆ ਦਾ ਕਿਸੇ ਵੀ ਹਕੂਮਤ ਨੇ ਸਥਾਈ ਹੱਲ ਨਹੀਂ ਕੀਤਾ, ਜਿਸ ਕਾਰਨ ਦਰਿਆ ਨੇ ਕਿਸਾਨਾਂ ਦਾ ਰਕਬਾ ਵੀ ਘਟਾ ਦਿੱਤਾ। ਉਨ੍ਹਾਂ ਕਿਹਾ ਕਿ ਕਪੂਰੀ ਵਾਲੀ ਨਹਿਰ ’ਚ ਪਿੰਡ ਦੜ੍ਹਬਾ ਨੇੜੇ 10 ਕਿਲੋਮੀਟਰ ਤੱਕ ਪਾਣੀ ਚੱਲਦਾ ਕਰਨ ਲਈ ਜੇਕਰ ਕਿਸਾਨ ਆਪਣੀ ਸਹਿਮਤੀ ਦੇਣ ਤਾਂ ਝੋਨੇ ਦੀ ਅਗਲੀ ਫ਼ਸਲ ਨੂੰ ਇਸ ਨਹਿਰ ਦਾ ਪਾਣੀ ਲੱਗਦਾ ਕਰ ਦਿੱਤਾ ਜਾਵੇਗਾ।
