ਵਿਧਾਇਕਾ ਭਰਾਜ ਨੇ ਬਾਲੀਆਂ ਡਰੇਨ ਦੀ ਸਫ਼ਾਈ ਕਰਵਾਈ
ਸੰਗਰੂਰ-ਸੁਨਾਮ ਰੋਡ ਨਜ਼ਦੀਕ ਲੰਘਦੇ ਬਾਲੀਆਂ ਡਰੇਨ ’ਚ ਪਾੜ ਪੈਣ ਅਤੇ ਓਵਰਫਲੋਅ ਹੋਇਆ ਪਾਣੀ ਪਿੰਡ ਰਾਮਨਗਰ ਸਿਬੀਆਂ ’ਚ ਦਾਖਲ ਹੋਣ ਦੇ ਮਾਮਲੇ ’ਚ ਤੁਰੰਤ ਐਕਸ਼ਨ ਲੈਂਦਿਆਂ ਹਲਕਾ ਵਿਧਾਇਕ ਨਰਿੰਦਰ ਕੌਰ ਭਰਾਜ ਵਲੋਂ ਜੇਸੀਬੀ ਮਸ਼ੀਨਾਂ ਨਾਲ ਸਫ਼ਾਈ ਹੀ ਸ਼ੁਰੂ ਨਹੀਂ ਕਰਵਾਈ ਸਗੋਂ ਇੱਕ ਕਲੋਨੀ ਵਾਲਿਆਂ ਨੇ ਡਰੇਨ ’ਚ ਪਾਈਆਂ ਛੋਟੀਆਂ ਪਾਈਪਾਂ ਨੂੰ ਵੀ ਬਾਹਰ ਕਢਵਾ ਕੇ ਪਾਣੀ ਦੀ ਨਿਕਾਸੀ ਦੇ ਵੱਡੇ ਅੜਿੱਕੇ ਨੂੰ ਦੂਰ ਕਰਵਾਇਆ। ਦੱਸਣਯੋਗ ਹੈ ਕਿ ਬਾਲੀਆਂ ਡਰੇਨ ’ਚ ਸ਼ਹਿਰ ਦੇ ਸੀਵਰੇਜ ਦਾ ਪਾਣੀ ਪੈਂਦਾ ਵੀ ਪੈਂਦਾ ਹੈ। ਡਰੇਨ ’ਚ ਪਾਣੀ ਦੀ ਪੁਖਤਾ ਨਿਕਾਸੀ ਨਾ ਹੋਣ ਕਾਰਨ ਪਾੜ ਪੈ ਗਿਆ ਸੀ ਜੋ ਕਿ ਅੱਜ ਵੀ ਜਾਰੀ ਸੀ ਅਤੇ ਲੋਕ ਮਿੱਟੀ ਦੇ ਥੈਲੇ ਭਰ ਕੇ ਪਾੜ੍ਹ ਪੂਰਨ ਵਿਚ ਜੁਟੇ ਹੋਏ ਸਨ। ਸੁਨਾਮ ਰੋਡ ’ਤੇ ਸਾਰਾ ਦਿਨ ਪੱਕਾ ਮੋਰਚਾ ਲਗਾ ਕੇ ਖੁਦ ਆਪਣੀ ਨਿਗਰਾਨੀ ਹੇਠ ਬਾਲੀਆਂ ਡਰੇਨ ਦੀ ਸਫ਼ਾਈ ਕਰਵਾ ਰਹੇ ਹਲਕਾ ਵਿਧਾਇਕ ਨਰਿੰਦਰ ਕੌਰ ਭਰਾਜ ਨੇ ਦੱਸਿਆ ਕਿ ਕਲੋਨੀ ਦੇ ਮੁੱਖ ਗੇਟ ਤੋਂ ਅੱਗੇ ਕੰਧ ਦੇ ਨਾਲ ਨਾਲ ਕਰੀਬ ਡੇਢ ਏਕੜ ਤੋਂ ਵੀ ਵੱਧ ਲੰਮਾਈ ’ਚ ਡਰੇਨ ’ਚ ਛੋਟੀਆਂ ਪਾਈਪਾਂ ਪਾ ਕੇ ਡਰੇਨ ਉਪਰੋਂ ਕਵਰ ਕੀਤਾ ਹੋਇਆ ਸੀ ਜੋ ਕਿ ਪਾਣੀ ਦੀ ਨਿਕਾਸੀ ’ਚ ਅੜਿੱਕਾ ਬਣ ਰਿਹਾ ਸੀ। ਉਨ੍ਹਾਂ ਦੱਸਿਆ ਕਿ ਐੱਸ ਡੀ ਐੱਮ ਸੰਗਰੂਰ ਵਲੋਂ ਨਗਰ ਕੌਂਸਲ ਨੂੰ ਆਦੇਸ਼ ਦਿੱਤੇ ਸਨ ਕਿ ਪਾਈਪਾਂ ਕਢਵਾ ਕੇ ਪਾਣੀ ਨਿਕਾਸੀ ਕਰਵਾਈ ਜਾਵੇ ਪਰ ਪਾਈਪਾਂ ਕਢਵਾਉਣ ਦੀ ਬਜਾਏ ਡਰੇਨ ਦੇ ਨਾਲ ਸਾਈਡ ਤੋਂ ਛੋਟਾ ਖਾਲਾ ਪੁਟਵਾ ਦਿੱਤਾ ਗਿਆ। ਇਸ ਕਾਰਨ ਹੀ ਡਰੇਨ ਓਵਰਫਲੋਅ ਹੋ ਗਿਆ ਅਤੇ ਪਾਣੀ ਜਿਥੇ ਪਿੰਡ ’ਚ ਦਾਖਲ ਹੋਇਆ ਉਥੇ ਨਾਲ ਲੱਗੇ ਝੋਨੇ ਦੇ ਖੇਤਾਂ ’ਚ ਵੀ ਦਾਖਲ ਹੋਇਆ। ਉਨ੍ਹਾਂ ਦੱਸਿਆ ਕਿ ਉਨ੍ਹਾਂ ਬੀਤੀ ਰਾਤ ਤੋਂ ਹੀ ਡਰੇਨ ਦੀ ਸਫ਼ਾਈ ਦਾ ਕੰਮ ਸ਼ੁਰੂ ਕਰਵਾ ਦਿੱਤਾ ਸੀ ਅਤੇ ਅੱਜ ਛੋਟੀਆਂ ਪਾਈਪਾਂ ਕਾਨੂੰਨ ਮੁਤਾਬ ਕਢਵਾ ਕੇ ਕਰੀਬ ਡੇਢ ਏਕੜ ਤੱਕ ਕਵਰ ਕੀਤਾ ਡਰੇਨ ਪੂਰੀ ਤਰ੍ਹਾਂ ਖੁੱਲ੍ਹਵਾ ਦਿੱਤਾ ਹੈ। ਪਿੰਡ ਦੇ ਵਸਨੀਕਾਂ ਅਤੇ ਸ਼ਹਿਰ ਵਾਸੀਆਂ ਨੇ ਵਿਧਾਇਕ ਵਲੋਂ ਖੁਦ ਕੋਲ ਖੜ੍ਹ ਕੇ ਕਰਵਾਏ ਕਾਰਜ ਦੀ ਸ਼ਲਾਘਾ ਕੀਤੀ ਜਾ ਰਹੀ ਹੈ। ਇਸ ਮੌਕੇ ਐਸਡੀਐਮ ਚਰਨਜੋਤ ਸਿੰਘ ਵਾਲੀਆ, ਡੀਐਸਪੀ ਸੁਖਦੇਵ ਸਿੰਘ, ‘ ਆਪ’ ਆਗੂ ਮੁੰਨਾ ਠੇਕੇਦਾਰ ਅਤੇ ਕਈ ਨਗਰ ਕੌਂਸਲਰ ਮੌਜੂਦ ਸਨ। ਵਿਧਾਇਕ ਨੇ ਦੱਸਿਆ ਕਿ ਜਿਹੜੇ ਅਧਿਕਾਰੀਆਂ ਨੇ ਪਾਈਪਾਂ ਨਾ ਕਢਵਾ ਕੇ ਐੱਸਡੀਐੱਮ ਦੇ ਆਦੇਸ਼ਾਂ ਦੀ ਉਲੰਘਣਾ ਕੀਤੀ ਹੈ ਉਨ੍ਹਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ ਜਿਸਦੀ ਜਾਂਚ ਐੱਸ ਡੀ ਐੱਮ ਸੰਗਰੂਰ ਵਲੋਂ ਕੀਤੀ ਜਾ ਰਹੀ ਹੈ।