ਮੰਤਰੀ ਅਰੋੜਾ ਨੇ ਵਿਕਾਸ ਕਾਰਜਾਂ ਲਈ 1.38 ਕਰੋੜ ਦੇ ਚੈੱਕ ਵੰਡੇ
ਕੈਬਨਿਟ ਮੰਤਰੀ ਅਮਨ ਅਰੋੜਾ ਵੱਲੋਂ ਸੁਨਾਮ ਹਲਕੇ ਅਧੀਨ ਪੈਂਦੇ ਕਸਬਾ ਲੌਂਗੋਵਾਲ, ਸ਼ਾਹਪੁਰ ਕਲਾਂ ਅਤੇ ਸੁਨਾਮ ਵਿੱਚ ਸਮਾਗਮਾਂ ਦੌਰਾਨ ਵੱਖ-ਵੱਖ ਵਿਕਾਸ ਕਾਰਜਾਂ ਲਈ ਕਰੀਬ 1.38 ਕਰੋੜ ਰੁਪਏ ਦੇ ਚੈੱਕ ਵੰਡੇ ਗਏ। ਸ੍ਰੀ ਅਰੋੜਾ ਨੇ ਲੌਂਗੋਵਾਲ ਵਿੱਚ 14 ਕੰਮਾਂ ਲਈ 50.15 ਲੱਖ ਰੁਪਏ ਅਤੇ ਸੁਨਾਮ ਸ਼ਹਿਰ ਦੇ 16 ਕੰਮਾਂ ਲਈ 50 ਲੱਖ ਰੁਪਏ ਦੇ ਚੈੱਕ ਵੰਡੇ। ਇਸੇ ਤਰ੍ਹਾਂ ਉਨ੍ਹਾਂ 11 ਪਿੰਡਾਂ ਦੇ 11 ਕੰਮਾਂ ਲਈ 18.79 ਲੱਖ ਰੁਪਏ, ਪਿੰਡ ਸ਼ਾਹਪੁਰ ਦੇ ਤਿੰਨ ਵਿਕਾਸ ਕਾਰਜਾਂ ਲਈ 12.50 ਲੱਖ ਰੁਪਏ ਅਤੇ ਪਿੰਡ ਝਾੜੋਂ ਦੇ ਦੋ ਵਿਕਾਸ ਕਾਰਜਾਂ ਲਈ ਛੇ ਲੱਖ ਰੁਪਏ ਦੇ ਚੈੱਕ ਵੰਡੇ।
ਲੌਂਗੋਵਾਲ ਵਿੱਚ ਸਮਾਗਮ ਦੌਰਾਨ ਸੰਬੋਧਨ ਕਰਦਿਆਂ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਜਿਹੜੇ ਵਾਅਦੇ ਲੋਕਾਂ ਨਾਲ ਕੀਤੇ ਸਨ, ਉਹ ਪੜਾਅਵਾਰ ਪੂਰੇ ਕੀਤੇ ਜਾ ਰਹੇ ਹਨ। ਸੜਕਾਂ, ਗਲੀਆਂ, ਸਟਰੀਟ ਲਾਈਟਾਂ, ਪਾਰਕਾਂ, ਸ਼ਮਸ਼ਾਨਘਾਟਾਂ ਤੇ ਕਬਰਿਸਤਾਨਾਂ, ਪਾਣੀ ਦੀ ਨਿਕਾਸੀ ਅਤੇ ਸਕੂਲਾਂ ਸਬੰਧੀ ਵੱਡੇ ਪੱਧਰ ਉੱਤੇ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਹਲਕੇ ਦੇ ਵਿਕਾਸ ਵਿੱਚ ਕੋਈ ਕਸਰ ਨਹੀਂ ਛੱਡੀ ਜਾਵੇਗੀ। ਕੈਬਨਿਟ ਮੰਤਰੀ ਨੇ ਕਿਹਾ ਕਿ ਹਲਕੇ ਦੀਆਂ ਸੜਕਾਂ ਦੀ ਕਾਇਆ ਕਲਪ ਵੱਲ ਉਚੇਚਾ ਧਿਆਨ ਦਿੱਤਾ ਜਾ ਰਿਹਾ ਹੈ ਤੇ ਹਲਕੇ ਦੀ ਕੋਈ ਸੜਕ ਅਜਿਹੀ ਨਹੀਂ ਰਹਿਣ ਦਿੱਤੀ ਜਾਵੇਗੀ, ਜਿਸ ਦੀ ਕਾਇਆ ਕਲਪ ਨਾ ਹੋਈ ਹੋਵੇ।
ਇਸ ਮੌਕੇ ਅਰੋੜਾ ਦੇ ਮੀਡੀਆ ਕੋਆਰਡੀਨੇਟਰ ਜਤਿੰਦਰ ਜੈਨ, ਲੌਂਗੋਵਾਲ ਤੋਂ ਬਲਵਿੰਦਰ ਸਿੰਘ ਢਿੱਲੋਂ, ਅੰਮ੍ਰਿਤਪਾਲ ਸਿੰਘ ਸਿੱਧੂ ਲੌਂਗੋਵਾਲ, ਰਾਜ ਸਿੰਘ, ਸੁਖਪਾਲ ਸਿੰਘ ਬਾਜਵਾ, ਬਲਕਾਰ ਸਿੰਘ ਸਿੱਧੂ, ਵਿੱਕੀ ਵਸ਼ਿਸ਼ਟ, ਜੁਗਰਾਜ ਸਿੰਘ ਸਰਪੰਚ, ਨਿਹਾਲ ਸਿੰਘ ਸਰਪੰਚ, ਦਰਸ਼ਨ ਸਿੰਘ ਸਰਪੰਚ, ਭੀਮ ਦਾਸ ਸਰਪੰਚ, ਜਗਸੀਰ ਸਿੰਘ ਸਰਪੰਚ, ਮਾਸਟਰ ਜੋਰਾ ਸਿੰਘ, ਸ਼ਾਹਪੁਰ ਤੋਂ ਲੱਕੀ ਸਰਪੰਚ, ਬਲਾਕ ਪ੍ਰਧਾਨ ਮਲਕੀਤ ਸਿੰਘ, ਬੀਰਬਲ ਸਿੰਘ ਝਾੜੋਂ, ਰਜਿੰਦਰ ਸਿੰਘ ਸਰਪੰਚ, ਜੱਗਾ ਸਿੰਘ, ਗੁਰਸੇਵਕ ਆਦਿ ਹਾਜ਼ਰ ਸਨ।