ਪਾਵਰਕੌਮ ਦਫ਼ਤਰ ਅੱਗੇ ਪੈਟਰੋਲ ਦੀਆਂ ਬੋਤਲਾਂ ਲੈ ਕੇ ਪੁੱਜੇ ਮੀਟਰ ਰੀਡਰ
ਪਾਵਰਕੌਮ ਆਊਟਸੋਰਸ ਸਪਾਟ ਬਿਲਿੰਗ ਮੀਟਰ ਰੀਡਰ ਯੂਨੀਅਨ ਪੰਜਾਬ ਵੱਲੋਂ ਆਪਣੀਆਂ ਸੇਵਾਵਾਂ ਰੈਗੂਲਰ ਕਰਨ ਦੀ ਮੰਗ ਨੂੰ ਲੈ ਕੇ ਯੂਨੀਅਨ ਦੇ ਸੂਬਾਈ ਪ੍ਰਧਾਨ ਜਤਿੰਦਰ ਸਿੰਘ ਭੰਗੂ ਦੀ ਅਗਵਾਈ ਹੇਠ ਅੱਜ ਇੱਥੇ ਪੀ ਐੱਸ ਪੀ ਸੀ ਐੱਲ ਦੇ ਮਾਲ ਰੋਡ ਸਥਿਤ ਮੁੱਖ ਦਫ਼ਤਰ ਅੱਗੇ ਸੂਬਾ ਪੱਧਰੀ ਧਰਨਾ ਦਿੱਤਾ ਗਿਆ। ਇਸ ਦੌਰਾਨ ਸਰਕਾਰ ਦੇ ਲਾਰਿਆਂ ਤੋਂ ਖਫ਼ਾ ਕਈਆਂ ਮੁਲਾਜ਼ਮਾਂ ਨੇ ਆਪਣੇ ਨਾਲ ਪੈਟਰੋਲ ਦੀਆਂ ਬੋਤਲਾਂ ਵੀ ਫੜੀਆਂ ਹੋਈਆਂ ਸਨ ਜਿਸ ਨੇ ਪਾਵਰਕੌਮ ਮੈਨੇਜਮੈਂਟ ਅਤੇ ਪੁਲੀਸ ਦੀਆਂ ਚਿੰਤਾਵਾਂ ਵਧਾ ਦਿੱਤੀਆਂ।
ਪ੍ਰਦਰਸ਼ਨਕਾਰੀਆਂ ਕੋਲ ਪੈਟਰੋਲ ਦੀਆਂ ਬੋਤਲਾਂ ਦੇ ਮੱਦੇਨਜ਼ਰ ਸੁਰੱਖਿਆ ਪ੍ਰਬੰਧਾਂ ਦੀ ਅਗਵਾਈ ਕਰ ਰਹੇ ਇਲਾਕੇ ਦੇ ਡੀ ਐੱਸ ਪੀ ਸਤਨਾਮ ਸਿੰਘ ਸੰਘਾ ਨੇ ਪੁਲੀਸ ਕੰਟਰੋਲ ਰੂਮ ’ਤੇ ਸੁਨੇਹਾ ਭੇਜ ਕੇ ਅਗਾਊਂ ਪ੍ਰਬੰਧਾਂ ਵਜੋਂ ਹੋਰ ਪੁਲੀਸ ਫੋਰਸ ਵੀ ਮੰਗਵਾ ਲਈ ਸੀ। ਹਾਲਾਂਕਿ ਉਨ੍ਹਾਂ ਸੂਝ-ਬੂਝ ਦਿਖਾਉਂਦਿਆਂ ਪੈਟਰੋਲ ਦੀਆਂ ਬੋਤਲਾਂ ਲਿਆਉਣ ਵਾਲੇ ਮੁਲਾਜ਼ਮਾਂ ਨੂੰ ਗੱਲੀਂ ਲਾਈਂ ਰੱਖਿਆ। ਡੀ ਐੱਸ ਪੀ ਸ੍ਰੀ ਸੰਘ ਨੇ ਪਾਵਰਕੌਮ ਅਧਿਕਾਰੀਆਂ ਨਾਲ ਰਾਬਤਾ ਕਰ ਕੇ ਮੀਟਰ ਰੀਡਰਾਂ ਦੀ ਮੰਗ ਨੂੰ ਹਮਦਰਦੀ ਨਾਲ ਵਿਚਾਰਨ ਦੀ ਕਾਰਵਾਈ ਯਕੀਨੀ ਬਣਾਈ। ਉਨ੍ਹਾਂ ਨੇ ਮੀਟਰ ਰੀਡਰਾਂ ਦਾ ਮਸਲਾ ਹੱਲ ਕਰਨ ਸਬੰਧੀ ਮੈਨੇਜਮੈਂਟ ਤੋਂ ਜਾਰੀ ਕਰਵਾਇਆ ਇੱੱਕ ਪੱਤਰ ਯੂਨੀਅਨ ਆਗੂ ਜਤਿੰਦਰ ਸਿੰਘ ਭੰਗੂ ਤੇ ਹੋਰ ਆਗੂਆਂ ਦੇ ਵਫ਼ਦ ਨੂੰ ਸੌਂਪਿਆ। ਇਸ ਪੱਤਰ ਵਿੱਚ ਮੈਨੇਜਮੈਂਟ ਨੇ ਆਊਟਸੋਰਸਿਜ਼ ਮੁਲਾਜ਼ਮਾਂ ਨੂੰ ਵਿਭਾਗ ’ਚ ਲਿਆਉਣ ਸਬੰਧੀ ਲੋੜੀਂਦੀ ਦਸਤਾਵੇਜ਼ੀ ਕਾਰਵਾਈ ਮੁਕੰਮਲ ਕਰਨ ਦੀ ਗੱਲ ਆਖੀ ਹੈ। ਇਸ ਨਾਲ ਸਹਿਮਤੀ ਜਤਾਉਂਦਿਆਂ ਮੁਲਾਜ਼ਮਾਂ ਨੇ ਧਰਨਾ ਸਮਾਪਤ ਕਰ ਦਿੱਤਾ।
ਨਿਯੁਕਤੀ ਪੱਤਰ ਲੈਣ ਲਈ ਪਾਵਰਕੌਮ ਦਫ਼ਤਰ ਦਾ ਘਿਰਾਓ
ਪਟਿਆਲਾ (ਖੇਤਰੀ ਪ੍ਰਤੀਨਿਧ): ਸਹਾਇਕ ਲਾਈਨਮੈਨ ਦੀ ਨੌਕਰੀ ਸਬੰਧੀ ਅਪ੍ਰੈਂਟਿਸਸ਼ਿਪ ’ਤੇ ਆਧਾਰਿਤ ਸਾਲ ਭਰ ਦੇ ਕੋਰਸ ਵਾਸਤੇ ਹਾਜ਼ਰ ਨਾ ਕਰਵਾਉਣ ਦੇ ਰੋਸ ਵਜੋਂ ਸੈਂਂਕੜੇ ਬੇਰੁਜ਼ਗਾਰ ਨੌਜਵਾਨਾਂ ਨੇ ਅੱਜ ਦੂਜੇ ਦਿਨ ਇੱਥੇ ਸਥਿਤ ਪਾਵਰਕੌਮ ਦੇ ਮੁੱਖ ਦਫ਼ਤਰ ਦਾ ਘਿਰਾਓ ਕੀਤਾ। ਪ੍ਰਦਰਸ਼ਨਕਾਰੀ ਮੰਗਲਵਾਰ ਤੋਂ ਡਟੇ ਹੋਏ ਹਨ। ਉਨ੍ਹਾਂ ਨੇ ਇਸ ਦਫ਼ਤਰ ਅੱਗੇ ਗੱਡੇ ਤੰਬੂਆਂ ਵਿੱਚ ਰਾਤ ਗੁਜਾਰੀ ਤੇ ਅੱਜ ਉਨ੍ਹਾਂ ਨੇ ਪਾਵਰਕੌਮ ਦੇ ਮੁੱਖ ਦਫ਼ਤਰ ਅੱਗੇ ਧਰਨਾ ਦਿੰਦਿਆਂ ਮੁੱਖ ਗੇਟ ਬੰਦ ਰੱਖਿਆ। ਇਸ ਮੌਕੇ ਉਨ੍ਹਾਂ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਪਾਵਰਕੌਮ ਮੈਨੇਜਮੈਂਟ ਤੇ ਪੰਜਾਬ ਸਰਕਾਰ ਦਾ ਖੂਬ ਪਿੱਟ-ਸਿਆਪਾ ਵੀ ਕੀਤਾ। ਧਰਨੇ ਕਾਰਨ ਪੂਰਾ ਦਿਨ ਆਵਾਜਾਈ ਪ੍ਰਭਾਵਿਤ ਰਹੀ ਅਤੇ ਬਾਜ਼ਾਰਾਂ ’ਚ ਜਾਮ ਵਰਗੇ ਹਾਲਾਤ ਰਹੇ। ਧਰਨੇ ਨੂੰ ਸੰਬੋਧਨ ਕਰਦਿਆਂ ਪਾਵਰਕੌਮ ਐਂਡ ਟਰਾਂਸਕੋ ਅਪ੍ਰੈਂਟਿਸਸ਼ਿਪ ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਇੱਕ ਸਾਲਾ ਅਪ੍ਰੈਂਟਿਸਸ਼ਿਪ ਲਾਈਨਮੈਨ ਟਰੇਡ ਲਈ ਜੂਨ 2025 ਲਏ ਗਏ ਇਮਤਿਹਾਨ ਦਾ 18 ਅਗਸਤ ਨੂੰ ਨਤੀਜਾ ਐਲਾਨੇ ਜਾਣ ਮਗਰੋਂ ਦਸਤਾਵੇਜ਼ਾ ਦੀ ਵੈਰੀਫਿਕੇਸ਼ਨ ਵੀ ਮੁਕੰਮਲ ਹੋਣ ਦੇ ਬਾਵਜੂਦ ਨਿਯੁਕਤੀ ਪੱਤਰ ਜਾਰੀ ਨਹੀਂ ਕੀਤੇ ਜਾ ਰਹੇ। ਸੂਬਾ ਪ੍ਰਧਾਨ ਸੁਰਿੰਦਰ ਸਿੰਘ ਨੇ ਕਿਹਾ ਕਿ ਉਹ ਇੱਕ ਨੁਕਾਤੀ ਮੰਗ ਦੀ ਪੂਰਤੀ ਤੱਕ ਡਟੇ ਰਹਿਣਗੇ। ਉੱਧਰ ਡੀ ਐੱਸ ਪੀ ਸਤਿਨਾਮ ਸੰਘਾ ਦੀ ਅਗਵਾਈ ਹੇਠ ਸੁਰੱਖਿਆ ਪ੍ਰਬੰਧਾਂ ਵਜੋਂ ਇੱਥੇ ਦਿਨ-ਰਾਤ ਲਈ ਪੁਲੀਸ ਤਾਇਨਾਤ ਕਰ ਦਿੱਤੀ ਗਈ। ਪਾਵਰਕੌਮ ਮੈਨੇਜਮੈਂਟ ਵੱਲੋਂ ਅਪ੍ਰੈਂਟਿਸਸ਼ਿਪ ਵਰਕਰਾਂ ਨੂੰ 27 ਨਵੰਬਰ ਨੂੰ ਜੁਆਇਨ ਕਰਵਾਉਣ ਦਾ ਭਰੋਸਾ ਦਿਤਾ ਹੈ। ਡੀ ਐੱਸ ਪੀ ਸਤਿਨਾਮ ਸਿੰਘ ਸੰਘਾ ਨੇ ਮੈਨੇਜਮੈਂਟ ਦਾ ਅਜਿਹਾ ਪੱਤਰ ਬੇਰੁਜ਼ਗਾਰ ਨੌਜਵਾਨਾਂ ਨੂੰ ਸੌਂਪਿਆ ਗਿਆ ਜਿਸ ਮਗਰੋਂ ਧਰਨਾ ਸਮਾਪਤ ਕਰ ਦਿੱਤਾ ਗਿਆ।
