ਸਹਿਕਾਰੀ ਸਭਾਵਾਂ ਦੀ ਐਸੋਸੀਏਸ਼ਨ ਦੇ ਵਫ਼ਦ ਵੱਲੋਂ ਵਧੀਕ ਰਜਿਸਟਰਾਰ ਨਾਲ ਮੀਟਿੰਗ
ਐਸੋਸੀਏਸ਼ਨ ਆਫ਼ ਪ੍ਰਬੰਧਕ ਕਮੇਟੀ ਬਹੁ-ਮੰਤਵੀ ਸਹਿਕਾਰੀ ਖੇਤੀਵਾੜੀ ਸਭਾਵਾਂ ਸੰਗਰੂਰ, ਮਾਲੇਰਕੋਟਲਾ ਅਤੇ ਬਰਨਾਲਾ ਦੇ ਪ੍ਰਧਾਨ ਅਵਤਾਰ ਸਿੰਘ ਤਾਰੀ ਭੁੱਲਰਹੇੜੀ ਦੀ ਅਗਵਾਈ ਹੇਠ ਕਿਸਾਨ ਆਗੂਆਂ ਦੇ ਵਫ਼ਦ ਵੱਲੋਂ ਵਧੀਕ ਰਜਿਸਟਰਾਰ ਨਿਸ਼ਾ ਰਾਣਾ ਨਾਲ ਮੀਟਿੰਗ ਕਰਕੇ ਕੋਆਪਰੇਟਿਵ ਸੁਸਾਇਟੀਆਂ ’ਚ ਹੁੰਦੇ ਘੁਟਾਲਿਆਂ ਨੂੰ ਰੋਕਣ ਤੇ ਹੋਰ ਮੰਗਾਂ ਸਬੰਧੀ ਸੁਝਾਵਾਂ ਸਮੇਤ ਮੰਗ ਪੱਤਰ ਦਿੱਤਾ ਗਿਆ। ਵਫ਼ਦ ਵਿੱਚ ਐਸੋਸੀਏਸ਼ਨ ਦੇ ਸਕੱਤਰ ਸੁਖਜੀਤ ਸਿੰਘ, ਖਜ਼ਾਨਚੀ ਭੀਮ ਸਿੰਘ, ਪਰਮਜੀਤ ਸਿੰਘ ਢੀਂਡਸਾ ਅਤੇ ਜਗਦੀਪ ਸਿੰਘ ਆਦਿ ਸ਼ਾਮਲ ਸਨ। ਐਸੋਸੀਏਸ਼ਨ ਦੇ ਪ੍ਰਧਾਨ ਅਵਤਾਰ ਸਿੰਘ ਤਾਰੀ ਭੁੱਲਰਹੇੜੀ ਨੇ ਦੱਸਿਆ ਕਿ ਵਧੀਕ ਰਜਿਸਟਰਾਰ ਨਾਲ ਗੱਲਬਾਤ ਦੌਰਾਨ ਵਫ਼ਦ ਨੇ ਮੈਂਬਰਾਂ ਤੋਂ ਸੁਸਾਇਟੀ ਦੇ ਦੇਣ-ਲੈਣ ਦੀ ਰਾਸ਼ੀ ਸਕੱਤਰ ਰਾਹੀਂ ਨਾ ਹੋ ਕੇ ਕੋਆਪਰੇਟਿਵ ਬੈਂਕਾਂ ਵਿੱਚ ਸਿੱਧੀ ਭਰਨ ਨੂੰ ਸਖ਼ਤੀ ਨਾਲ ਲਾਗੂ ਕੀਤਾ ਜਾਵੇ, ਲੈਣ-ਦੇਣ ਦੇ ਸੌ ਫੀਸਦੀ ਹਿਸਾਬ-ਕਿਤਾਬ ਨੂੰ ਤਸਦੀਕ ਕਰਨ ਸਬੰਧੀ ਹਦਾਇਤਾਂ ਦੀ ਪਾਲਣਾ ਇੰਨ-ਬਿੰਨ ਹੋਵੇ, ਜ਼ਮੀਨ ਦੀ ਖਰੀਦੋ-ਫਰੋਕਤ ਮੌਕੇ ਸੁਸਾਇਟੀ ਤੋਂ ਐੱਨਓਸੀ ਯਕੀਨੀ ਬਣਾਉਣ ਅਤੇ ਗਬਨ ਹੋਣ ’ਤੇ ਮੈਂਬਰਾਂ ਦੀ ਬੇਵਜ੍ਹਾ ਜ਼ਮੀਨ ਅਟੈਚ ਨਾ ਕੀਤੀ ਜਾਵੇ।