ਮਾਤਾ ਹਰਬੰਸ ਕੌਰ ਦਾ 100ਵਾਂ ਜਨਮ ਦਿਨ ਮਨਾਇਆ
ਇੱਥੋਂ ਥੋੜ੍ਹੀ ਦੂਰ ਪਿੰਡ ਸੁੰਦਰ ਸਿੰਘ ਵਾਲਾ ਵਿਖੇ 100 ਸਾਲਾ ਮਾਤਾ ਹਰਬੰਸ ਕੌਰ ਪਤਨੀ ਸਵ. ਕਾਮਰੇਡ ਦਲੀਪ ਸਿੰਘ ਦਾ 100ਵਾਂ ਜਨਮ ਦਿਨ ਮਨਾ ਕੇ ਉਨ੍ਹਾਂ ਦੀ ਲੰਬੀ ਉਮਰ ਤੇ ਚੰਗੀ ਸਿਹਤ ਦੀ ਕਾਮਨਾ ਕੀਤੀ ਗਈ। ਉਨ੍ਹਾਂ ਦੇ ਪੁੱਤਰ ਤੇ ਮਾਰਕਸੀ ਆਗੂ ਕਾਮਰੇਡ ਰਮੇਸ਼ ਸਿੰਘ ਆਜ਼ਾਦ ਨੇ ਦੱਸਿਆ ਕਿ ਮਾਤਾ ਦਾ 100ਵਾਂ ਜਨਮ ਦਿਨ ਮਨਾਉਣਾ ਬੱਚਿਆਂ ਵਿੱਚ ਆਪਣੇ ਬਜ਼ੁਰਗ ਮਾਪਿਆਂ ਦੀ ਇੱਜ਼ਤ ਤੇ ਸੇਵਾ ਸੰਭਾਲ ਦੇ ਸੰਕਲਪ ਨੂੰ ਪੱਕਿਆਂ ਕਰਨਾ ਹੈ। ਇਸ ਸਮਾਗਮ ਮੌਕੇ ਸਾਬਕਾ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਉਹਨਾਂ ਮਾਤਾ ਦੇ ਸੰਘਰਸ਼ੀ ਜੀਵਨ ਬਾਰੇ ਬੋਲਦਿਆਂ ਕਾਮਰੇਡ ਰਮੇਸ਼ ਸਿੰਘ ਆਜ਼ਾਦ ਅਤੇ ਉਹਨਾਂ ਦੇ ਵਿਦੇਸ਼ ਰਹਿੰਦੇ ਬੱਚਿਆਂ ਨੂੰ ਵਧਾਈ ਦਿੱਤੀ ਜਿਨ੍ਹਾਂ ਨੇ ਘਰ ਦੇ ਬਜ਼ੁਰਗਾਂ ਦੇ ਸਨਮਾਨ ਦੀ ਇਲਾਕੇ ਵਿੱਚ ਨਵੀਂ ਪਿਰਤ ਪਾਈ। ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਉਪਰੰਤ ਜੁੜੀ ਸੰਗਤ ਨੂੰ ਲੋਕ ਭਲਾਈ ਪਾਰਟੀ ਦੇ ਆਗੂ ਜਨਕ ਰਾਜ ਕਲਵਾਣੂ ਤੇ ਸੀ.ਪੀ.ਆਈ (ਐਮ) ਦੇ ਜ਼ਿਲ੍ਹਾ ਸਕੱਤਰ ਕਾਮਰੇਡ ਗੁਰਦਰਸ਼ਨ ਸਿੰਘ ਖਾਸਪੁਰ ਨੇ ਮਾਤਾ ਜੀ ਦੇ ਪਰਿਵਾਰ ਨਾਲ ਯਾਦਾਂ ਸਾਂਝੀਆਂ ਕੀਤੀਆਂ। ਇਸ ਮੌਕੇ ਦੇਸ਼ ਭਗਤ ਮਾਸਟਰ ਸੁੰਦਰ ਸਿੰਘ ਲਾਇਲਪੁਰੀ ਦੀ ਪੋਤੀ ਜਸਵੀਰ ਕੌਰ ਤੇ ਉੱਘੇ ਹਾਕੀ ਓਲੰਪਿਕ ਖਿਡਾਰੀ ਸਵ. ਪ੍ਰਿਥੀਪਾਲ ਸਿੰਘ ਦੀ ਭੈਣ ਬੀਬੀ ਬਲਬੀਰ ਕੌਰ ਅਤੇ ਵਧੀਕ ਸੈਸ਼ਨ ਜੱਜ ਸੀਮਾ ਦੇ ਪਰਿਵਾਰ ਨੇ ਵੀ ਸ਼ਮੂਲੀਅਤ ਕੀਤੀ ਜਿਨ੍ਹਾਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਤ ਕੀਤਾ ਗਿਆ। ਕਾਮਰੇਡ ਰਮੇਸ਼ ਸਿੰਘ ਆਜ਼ਾਦ ਨੇ ਦੱਸਿਆ ਕਿ ਪਿੰਡ ਦਾ ਆਲਾ ਦੁਆਲਾ ਹਰਿਆ ਭਰਿਆ ਰੱਖਣ ਲਈ ਮਾਤਾ ਜੀ ਦੇ 100ਵੇਂ ਜਨਮ ਦਿਨ ਉੱਤੇ 100 ਬੂਟੇ ਟ੍ਰੀ ਗਾਰਡ ਸਮੇਤ ਲਗਾਏ ਜਾਣਗੇ ਤੇ ਉਨ੍ਹਾਂ ਦੀ ਦੇਖ ਭਾਲ ਕੀਤੀ ਜਾਵੇਗੀ।