ਪ੍ਰਿੰਸੀਪਲ ਦੀ ਤਰੱਕੀ ਲਈ ਅੰਕਾਂ ਦੀ ਸ਼ਰਤ ਗ਼ੈਰ-ਵਾਜਬ ਕਰਾਰ
ਡੈਮੋਕ੍ਰੈਟਿਕ ਟੀਚਰਜ਼ ਫਰੰਟ ਪੰਜਾਬ ਦੇ ਜ਼ਿਲ੍ਹਾ ਸੰਗਰੂਰ ਦੇ ਪ੍ਰਧਾਨ ਦਾਤਾ ਸਿੰਘ ਨਮੋਲ ਅਤੇ ਜਨਰਲ ਸਕੱਤਰ ਹਰਭਗਵਾਨ ਗੁਰਨੇ ਨੇ ਦੱਸਿਆ ਕਿ ਸਿੱਖਿਆ ਵਿਭਾਗ ਵੱਲੋਂ ਪਿਛਲੇ ਦਿਨੀਂ ਪ੍ਰਿੰਸੀਪਲ ਵਜੋਂ ਤਰੱਕੀ ਲਈ ਨਿਯਮਾਂ ਵਿੱਚ ਸੋਧ ਕੀਤੀ ਹੈ ਜਿਸ ਵਿੱਚ ਤਰੱਕੀ ਤੇ ਸਿੱਧੀ ਭਰਤੀ ਦਾ ਕੋਟਾ 75:25 ਕੀਤਾ ਹੈ ਪਰ ਇਨ੍ਹਾਂ ਨਿਯਮਾਂ ਵਿੱਚ ਪ੍ਰਿੰਸੀਪਲ ਵਜੋਂ ਤਰੱਕੀ ਲੈਣ ਲਈ ਜਨਰਲ ਕੈਟਾਗਰੀ ਦੇ ਅਧਿਆਪਕਾਂ ਲਈ ਮਾਸਟਰ ਡਿਗਰੀ ਵਿੱਚੋਂ ਘੱਟੋ ਘੱਟ 50 ਪ੍ਰਤੀਸ਼ਤ ਅੰਕ ਤੇ ਅਨੁਸੂਚਿਤ ਜਾਤੀ ਉਮੀਦਵਾਰਾਂ ਲਈ 45 ਫ਼ੀਸਦ ਅੰਕਾਂ ਦੀ ਜੋ ਸ਼ਰਤ ਲਗਾਈ ਗਈ ਹੈ ਉਹ ਬਿਲਕੁਲ ਗੈਰਵਾਜਬ ਹੈ ਕਿਉਂਕਿ ਸਿੱਖਿਆ ਵਿਭਾਗ ਤੇ ਹੋਰ ਕਿਸੇ ਵੀ ਸਰਕਾਰੀ ਵਿਭਾਗ ਵਿੱਚ ਤਰੱਕੀ ਦੇਣ ਸਮੇਂ ਅੰਕਾਂ ਦੀ ਪ੍ਰਤੀਸ਼ਤਤਾ ਵਾਲੀ ਸ਼ਰਤ ਨਹੀਂ ਲਾਈ ਜਾਂਦੀ। ਸਿੱਧੀ ਭਰਤੀ ਉਮੀਦਵਾਰਾਂ ਲਈ ਜ਼ਰੂਰ ਇਹ ਸ਼ਰਤ ਹੁੰਦੀ ਹੈ ਪਰ ਸਿੱਖਿਆ ਵਿਭਾਗ ਦੇ ਕਲਰਕਾਂ ਦੀ ਇੱਕ ਗਲਤੀ ਕਾਰਨ ਸੈਂਕੜੇ ਯੋਗ ਉਮੀਦਵਾਰ ਜਿਨ੍ਹਾਂ ਕੋਲ 25-25 ਸਾਲ ਪੜ੍ਹਾਉਣ ਦਾ ਤਜਰਬਾ ਹੈ ਉਹ ਤਰੱਕੀ ਤੋਂ ਵਾਂਝੇ ਹੋ ਗਏ ਹਨ। ਆਗੂਆਂ ਨੇ ਦੱਸਿਆ ਕਿ ਆਉਣ ਵਾਲੇ ਦਿਨਾਂ ਵਿੱਚ ਡੀ.ਟੀ.ਐਫ. ਦਾ ਇੱਕ ਵਫ਼ਦ ਸਿੱਖਿਆ ਸਕੱਤਰ ਤੇ ਡਾਇਰੈਕਟਰ ਸਕੂਲ ਸਿੱਖਿਆ ਸੈਕੰਡਰੀ ਨੂੰ ਇਸ ਸਬੰਧੀ ਮਿਲੇਗਾ।