ਪੁਰਾਣੀ ਪੈਨਸ਼ਨ ਸਕੀਮ ਬਹਾਲੀ ਲਈ ਮਾਰਚ
ਸਥਾਨਕ ਗਦਰ ਮੈਮੋਰੀਅਲ ਭਵਨ ਵਿੱਚ ਪੁਰਾਣੀ ਪੈਨਸ਼ਨ ਦੇ ਮੁੱਦੇ ’ਤੇ ਹੋਈ ਕਨਵੈਨਸ਼ਨ ਵਿੱਚ ਵੱਖ-ਵੱਖ ਵਿਭਾਗਾਂ ਦੇ ਮੁਲਾਜ਼ਮ ਸ਼ਾਮਲ ਹੋਏ। ਕਨਵੈਨਸ਼ਨ ਨੂੰ ਸੰਬੋਧਨ ਕਰਦਿਆਂ ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਦੇ ਸੂਬਾ ਪ੍ਰਧਾਨ ਅਤਿੰਦਰ ਘੱਗਾ ਅਤੇ ਗੁਰਛਹਿਬਰ ਸਿੰਘ ਨੇ ਮੁਲਾਜ਼ਮਾਂ ਦੀ ਪੈਨਸ਼ਨ ਦੀ ਮੌਜੂਦਾ ਸਥਿਤੀ, ਚੁਣੌਤੀਆਂ ਅਤੇ ਪੁਰਾਣੀ ਪੈਨਸ਼ਨ ਲਾਗੂ ਕਰਾਉਣ ਲਈ ਨੀਤੀਗਤ ਵਿਚਾਰ-ਚਰਚਾ ਕੀਤੀ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਨੇ ਸੰਨ 2022 ਦੀਆਂ ਚੋਣਾਂ ਤੋਂ ਪਹਿਲਾਂ ਪੰਜਾਬ ਵਿਚ ਪੁਰਾਣੀ ਪੈਨਸ਼ਨ ਲਾਗੂ ਕਰਨ ਦਾ ਵਾਅਦਾ ਕੀਤਾ ਸੀ ਪਰ ਇਹ ਵਾਅਦਾ ਅਜੇ ਤੱਕ ਵੀ ਪੂਰਾ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਸਰਕਾਰ ਬਣਨ ਤੋਂ ਬਾਅਦ ਸਾਲ 2022 ਵਿੱਚ ਹਿਮਾਚਲ ਅਤੇ ਗੁਜਰਾਤ ਦੀਆਂ ਚੋਣਾਂ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ ਲਈ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਗਿਆ ਸੀ ਪਰ ਉਸ ਨੋਟੀਫਿਕੇਸ਼ਨ ਨੂੰ ਅਜੇ ਤੱਕ ਲਾਗੂ ਹੀ ਨਹੀਂ ਕੀਤਾ ਗਿਆ ਜਿਸ ਕਾਰਨ ਮੁਲਾਜ਼ਮ ਵਰਗ ਵਿਚ ‘ਆਪ’ ਸਰਕਾਰ ਦੀ ਵਾਅਦਾਖ਼ਿਲਾਫ਼ੀ ਵਿਰੁੱਧ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਪੁਰਾਣੀ ਪੈਨਸ਼ਨ ਸਕੀਮ ਬਹਾਲ ਨਹੀਂ ਕੀਤੀ ਜਾਂਦੀ ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ।
ਕਨਵੈਨਸ਼ਨ ਤੋਂ ਬਾਅਦ ਗਦਰ ਮੈਮੋਰੀਅਲ ਭਵਨ ਤੋਂ ਡੀ ਸੀ ਕੰਪਲੈਕਸ ਰੋਡ ਹੁੰਦਿਆਂ ਲਾਲ ਬੱਤੀ ਚੌਕ ਤੱਕ ਵਾਅਦਾ ਯਾਦ ਦਿਵਾਊ ਰੋਸ ਮਾਰਚ ਕੀਤਾ ਗਿਆ ਅਤੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਕਨਵੈਨਸ਼ਨ ਨੂੰ ਸੂਬਾ ਆਗੂ ਰਘਵੀਰ ਸਿੰਘ ਭਵਾਨੀਗੜ੍ਹ, ਹਰਜੀਤ ਸਿੰਘ ਵਾਲੀਆ, ਬੱਬਨਪਾਲ, ਸੁਖਵਿੰਦਰ ਗਿਰ, ਕੁਲਵੰਤ ਸਿੰਘ ਖਨੌਰੀ ਅਤੇ ਰਵਿੰਦਰ ਦਿੜਬਾ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਦੇ ਆਗੂ ਮਨਜੀਤ ਲਹਿਰਾ, ਕਰਮਜੀਤ ਨਦਾਮਪੁਰ, ਗੁਰਦੀਪ ਸਿੰਘ ਚੀਮਾਂ, ਅੰਮ੍ਰਿਤ ਸਿੰਘ, ਅਮਨ ਵਸਿ਼ਸ਼ਟ, ਇੰਦਰਜੀਤ ਸਿੰਘ ਮਾਲੇਰਕੋਟਲਾ, ਗੁਰਜੰਟ ਸਿੰਘ ਲਾਂਗੜੀਆਂ ਅਤੇ ਬਿਕਰਮਜੀਤ ਸਿੰਘ ਮਾਲੇਰਕੋਟਲਾ ਸ਼ਾਮਲ ਹੋਏ।
