ਮਾਲਰੇਕੋਟਲਾ: ਗ਼ੈਰ-ਕਾਨੂੰਨੀ ਪਟਾਕਾ ਫੈਕਟਰੀਆਂ ਵਿੱਚ ਛਾਪੇ
ਜ਼ਿਲ੍ਹਾ ਮਾਲੇਰਕੋਟਲਾ ਵਿੱਚ ਕਈ ਵਰ੍ਹਿਆਂ ਤੋਂ ਧੜੱਲੇ ਨਾਲ ਚੱਲ ਰਹੀਆਂ ਗ਼ੈਰ-ਕਾਨੂੰਨੀ ਪਟਾਕਾਂ ਫੈਕਟਰੀਆਂ ਖ਼ਿਲਾਫ਼ ਆਖਰ ਪੁਲੀਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਲੰਬੇ ਸਮੇਂ ਤੋਂ ਬੰਦ ਸਨਅਤੀ ਇਮਾਰਤਾਂ ਅਤੇ ਬੇਅਬਾਦ ਘਰਾਂ ਅੰਦਰ ਚੱਲ ਰਹੀਆਂ ਦੋ ਪਟਾਕਾ ਫੈਕਟਰੀਆਂ ’ਚ ਜ਼ਿਲ੍ਹਾ ਪੁਲੀਸ ਨੇ ਛਾਪੇ ਮਾਰ ਕੇ ਛੇ ਵਿਅਕਤੀਆਂ ਨੂੰ ਭਾਰੀ ਮਾਤਰਾ ਵਿੱਚ ਪਟਾਕਿਆਂ ਅਤੇ ਪਟਾਕੇ ਬਣਾਉਣ ਵਾਲੀ ਸਮੱਗਰੀ ਸਮੇਤ ਕਾਬੂ ਕੀਤਾ ਹੈ। ਥਾਣਾ ਸੰਦੌੜ ਪੁਲੀਸ ਵੱਲੋਂ ਗੁਪਤ ਸੂਚਨਾ ਦੇ ਆਧਾਰ ’ਤੇ ਪਿੰਡ ਢੱਡੇਵਾੜਾ ਦੇ ਸਾਬਕਾ ਸਰਪੰਚ ਦੀ ਖਾਲੀ ਪਈ ਸਨਅਤੀ ਇਮਾਰਤ ਵਿੱਚ ਚੱਲ ਰਹੀ ਗੈਰ-ਕਾਨੂੰਨੀ ਪਟਾਕਾ ਫੈਕਟਰੀ ’ਚ ਛਾਪਾ ਮਾਰ ਕੇ ਯੂਪੀ ਦੇ ਮੁਜ਼ੱਫਰਨਗਰ ਜ਼ਿਲ੍ਹੇ ਨਾਲ ਸਬੰਧਤ ਪੰਜ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਨ੍ਹਾਂ ਵਿੱਚ ਜ਼ਿਲ੍ਹਾ ਮੁਜ਼ੱਫਰਨਗਰ ਨਾਲ ਸਬੰਧਤ ਤਿੰਨ ਸਕੇ ਭਰਾਵਾਂ ਸੁਹੇਲ, ਸਾਬਰ ਅਤੇ ਸਾਵਨ ਵਾਸੀ ਬੱਸੀ ਕਲਾਂ ਦੇ ਨਾਲ ਤਸਲੀਮ ਖਾਨ ਵਾਸੀ ਆਦਮਪੁਰ ਅਤੇ ਸ਼ਹਿਨਵਾਜ਼ ਵਾਸੀ ਚਿਤਾਵੀ ਸ਼ਾਮਲ ਹਨ। ਪੁਲੀਸ ਅਨੁਸਾਰ ਇਨ੍ਹਾਂ ਕੋਲੋਂ ਤੀਲੀਮ ਪਟਾਕਿਆਂ ਦੀਆਂ 9100 ਡੱਬੀਆਂ ਅਤੇ 2.550 ਕਿੱਲੋ ਪਟਾਕੇ ਬਣਾਉਣ ਵਾਲੀ ਸਮੱਗਰੀ ਬਰਾਮਦ ਕਰ ਕੇ ਥਾਣਾ ਸੰਦੌੜ ’ਚ ਦਰਜ ਕਰ ਲਿਆ ਹੈ। ਇਕ ਹੋਰ ਮਾਮਲੇ ਵਿੱਚ ਥਾਣਾ ਸਿਟੀ-1 ਮਾਲੇਰਕੋਟਲਾ ਦੀ ਪੁਲੀਸ ਨੇ ਸਥਾਨਕ ਗੁਲਜ਼ਾਰ ਹਸਪਤਾਲ ਦੇ ਪਿੱਛੇ ਚੱਲ ਰਹੀ ਗੈਰ-ਕਾਨੂੰਨੀ ਪਟਾਕਾ ਫੈਕਟਰੀ ’ਚ ਛਾਪਾ ਮਾਰ ਕੇ ਯੂਪੀ ਦੇ ਰੇਦਾਸਪੁਰੀ ਸਾਮਲੀ ਵਾਸੀ ਅਦਿੱਤਿਆ ਕੁਮਾਰ ਨੂੰ ਗ੍ਰਿਫਤਾਰ ਕਰ ਲਿਆ। ਪੁਲੀਸ ਵੱਲੋਂ ਸਥਾਨਕ ਮਾਨਾ ਫਾਟਕ ਦੇ ਬਾਹਰੀ ਖੇਤਰ ਵਿਚੋਂ ਵੀ ਅਜਿਹੀ ਹੀ ਇਕ ਹੋਰ ਪਟਾਕਾ ਫੈਕਟਰੀ ਫੜੇ ਜਾਣ ਦਾ ਪਤਾ ਲੱਗਿਆ ਹੈ। ਜ਼ਿਕਰਯੋਗ ਹੈ ਕਿ ਲੰਘੇ ਵਰ੍ਹੇ 10 ਮਈ 2024 ਨੂੰ ਨੇੜਲੇ ਪਿੰਡ ਸਿਕੰਦਰਪੁਰਾ ਦੇ ਬਾਹਰ ਇਕ ਬੇਅਬਾਦ ਪੋਲਟਰੀ ਫਾਰਮ ਦੀ ਇਮਾਰਤ ’ਚ ਗੁਪਤ ਚੱਲ ਰਹੀ ਇਕ ਅਣਅਧਿਕਾਰਤ ਪਟਾਕਾ ਫੈਕਟਰੀ ਵਿੱਚ ਅਚਾਨਕ ਅੱਗ ਲੱਗ ਗਈ ਸੀ। ਜ਼ੋਰਦਾਰ ਧਮਾਕਿਆਂ ਦੌਰਾਨ ਹੀ ਧੂਅ ਧੂਅ ਕਰਕੇ ਸੜ ਰਹੀ ਫੈਕਟਰੀ ਨੂੰ ਛੱਡ ਕੇ ਕਰੀਬ ਇਕ ਦਰਜਨ ਪਰਵਾਸੀ ਕਰਿੰਦੇ ਮੌਕੇ ਤੋਂ ਫਰਾਰ ਹੋ ਗਏ ਸਨ। ਹਾਲਾਂਕਿ ਲੋਕਾਂ ਵੱਲੋਂ ਸੂਚਿਤ ਕਰਨ ’ਤੇ ਥਾਣਾ ਸੰਦੌੜ ਦੇ ਤਤਕਾਲੀ ਮੁਖੀ ਅਤੇ ਫਾਇਰ ਬ੍ਰਿਗੇਡ ਗੱਡੀ ਮੌਕੇ ’ਤੇ ਪਹੁੰਚ ਗਈ ਸੀ ਪਰ ਪੁਲੀਸ ਵੱਲੋਂ ਕੀਤੀ ਗਈ ਕੋਈ ਵੀ ਕਾਨੂੰਨੀ ਕਾਰਵਾਈ ਸਾਹਮਣੇ ਨਹੀਂ ਆਈ ਸੀ। ਥਾਣਾ ਸਿਟੀ-1 ਮਾਲੇਰਕੋਟਲਾ ਦੇ ਮੁਖੀ ਇੰਸਪੈਕਟਰ ਬਲਜੀਤ ਸਿੰਘ ਮੁਤਾਬਿਕ ਮਾਲੇਰਕੋਟਲਾ ਅੰਦਰ ਕਿਸੇ ਨੂੰ ਵੀ ਕੋਈ ਵੀ ਅਜਿਹਾ ਗੈਰ-ਕਨੂੰਨੀ ਧੰਦਾ ਕਰਨ ਦੀ ਇਜ਼ਾਜਤ ਨਹੀਂ ਦਿੱਤੀ ਜਾਵੇਗੀ ਜਿਸ ਨਾਲ ਆਮ ਜਨਤਾ ਦੀ ਜੀਵਨ ਸੁਰੱਖਿਆ ਲਈ ਖਤਰਾ ਖੜ੍ਹਾ ਹੁੰਦਾ ਹੋਵੇ।