ਮਾਲੇਰਕੋਟਲਾ ਜਲਦੀ ਹੀ ਮੈਡੀਕਲ ਹੱਬ ਵਜੋਂ ਉਭਰੇਗਾ: ਰਹਿਮਾਨ
ਵਿਧਾਇਕ ਡਾ. ਮੁਹੰਮਦ ਜਮੀਲ ਉਰ ਰਹਿਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੀ ਸਰਵ ਪੱਖੀ ਵਿਕਾਸ ਖ਼ਾਸ ਕਰਕੇ ਸਿਹਤ ਖੇਤਰ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਲਗਾਤਾਰ ਯਤਨਸ਼ੀਲ ਹੈ। ਉਨ੍ਹਾਂ ਕਿਹਾ ਕਿ ਜਲਦੀ ਹੀ ਮਾਲੇਰਕੋਟਲਾ ਦੁਨੀਆ ਦੇ ਨਕਸ਼ੇ ’ਤੇ ਮੈਡੀਕਲ ਹੱਬ ਵਜੋਂ ਉਭਰੇਗਾ, ਜਿੱਥੇ ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਉਨ੍ਹਾਂ ਦੇ ਘਰਾਂ ਨੇੜੇ ਹੀ ਪ੍ਰਾਪਤ ਹੋਣਗੀਆਂ। ਉਨ੍ਹਾਂ ਦੱਸਿਆ ਕਿ ਕਰਮਚਾਰੀ ਰਾਜ ਬੀਮਾ ਨਿਗਮਵੱਲੋਂ ਪਟਿਆਲਾ ਰੋਡ 'ਤੇ ਸਥਿਤ ਡਿਫੈਂਸ ਗਰਾਊਂਡ ਵਿਖੇ ਕਰੀਬ 200 ਕਰੋੜ ਰੁਪਏ ਦੀ ਲਾਗਤ ਨਾਲ 7.81 ਏਕੜ ਵਿੱਚ 150 ਬਿਸਤਰਿਆਂ ਦਾ ਸੈਕੰਡਰੀ ਈ ਐਸ ਆਈ ਹਸਪਤਾਲ ਉਸਾਰਿਆ ਜਾ ਰਿਹਾ ਹੈ। ਡਿਫੈਂਸ ਲੈਂਡ ਬਾਬਤ ਰਕਮ 9 ਕਰੋੜ 60 ਲੱਖ 49 ਹਜ਼ਾਰ 800 ਰੁਪਏ ਦੀ ਅਦਾਇਗੀ ਕਰਮਚਾਰੀ ਰਾਜ ਬੀਮਾ ਨਿਗਮ ਵੱਲੋਂ ਕੀਤੀ ਜਾ ਚੁੱਕੀ ਹੈ ਅਤੇ ਜਿਸ ਦਾ ਮਾਲ ਰਿਕਾਰਡ ਵਿੱਚ ਇੰਦਰਾਜ ਕੀਤਾ ਜਾ ਚੁੱਕਾ ਹੈ। ਇਹ ਹਸਪਤਾਲ ਮਾਲੇਰਕੋਟਲਾ ਸਮੇਤ ਖੰਨਾ, ਅਹਿਮਦਗੜ੍ਹ, ਅਮਰਗੜ੍ਹ, ਨਾਭਾ, ਸ਼ੇਰਪੁਰ, ਮਹਿਲ ਕਲ੍ਹਾਂ, ਧੁਰੀ, ਰਾਏਕੋਟ ਆਦਿ ਖੇਤਰਾਂ ਦੇ ਈ ਐੱਸ ਆਈ ਸਕੀਮ ਅਧੀਨ ਆਉਂਦੇ ਕਰਮਚਾਰੀਆਂ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਮੁਫ਼ਤ ਇਲਾਜ ਦੀ ਸਹੂਲਤ ਪ੍ਰਦਾਨ ਕਰੇਗਾ। ਡਾ. ਮੁਹੰਮਦ ਜਮੀਲ ਉਰ ਰਹਿਮਾਨ ਨੇ ਕਿਹਾ ਕਿ ਇਸ ਪ੍ਰਾਜੈਕਟ ਨਾਲ ਸਿਹਤ ਸੇਵਾਵਾਂ ਹੋਰ ਸੁਚਾਰੂ ਹੋਣਗੀਆਂ ਅਤੇ ਲੋਕਾਂ ਨੂੰ ਨਿੱਜੀ ਹਸਪਤਾਲਾਂ ‘ਤੇ ਨਿਰਭਰ ਨਹੀਂ ਰਹਿਣਾ ਪਵੇਗਾ। ਇੱਥੇ ਤਜਰਬੇਕਾਰ ਡਾਕਟਰਾਂ ਤੇ ਪੈਰਾਮੈਡੀਕਲ ਅਮਲੇ ਵੱਲੋਂ ਚੌਵੀ ਘੰਟੇ ਗੁਣਵੱਤਾ ਯੁਕਤ ਸੇਵਾਵਾਂ ਮੁਹੱਈਆ ਕਰਵਾਈਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ 38.5 ਏਕੜ ਡਿਫੈਂਸ ਲੈਂਡ ‘ਚ 430 ਕਰੋੜ ਰੁਪਏ ਦੀ ਲਾਗਤ ਨਾਲ ਮੈਡੀਕਲ ਕਾਲਜ ਅਤੇ ਹਸਪਤਾਲ ਦੀ ਉਸਾਰੀ ਜਲਦੀ ਸ਼ੁਰੂ ਕੀਤੀ ਜਾ ਰਹੀ ਹੈ। ਇਸ ਨਾਲ ਸਥਾਨਕ ਵਿਦਿਆਰਥੀਆਂ ਨੂੰ ਘਰੇਲੂ ਪੱਧਰ ’ਤੇ ਹੀ ਮੈਡੀਕਲ ਸਿੱਖਿਆ ਪ੍ਰਾਪਤ ਕਰਨ ਦਾ ਮੌਕਾ ਮਿਲੇਗਾ। ਇਸ ਮੈਡੀਕਲ ਕਾਲਜ ਤੇ ਹਸਪਤਾਲ ਦੀ ਉਸਾਰੀ ਨਾਲ ਡਾਕਟਰਾਂ, ਨਰਸਾਂ, ਟੈਕਨੀਸ਼ੀਅਨਾਂ ਅਤੇ ਹੋਰ ਸਟਾਫ਼ ਲਈ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਹੋਣਗੇ। ਇਸ ਨਾਲ ਸਥਾਨਕ ਕਾਰੋਬਾਰ, ਰਹਾਇਸ਼ ਤੇ ਆਵਾਜਾਈ ਖੇਤਰ ਨੂੰ ਵੀ ਹੁਲਾਰਾ ਮਿਲੇਗਾ। ਉਨ੍ਹਾਂ ਦੱਸਿਆ ਕਿ ਜਲਦ ਹੀ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਅਤੇ ਪ੍ਰਸ਼ਾਸਕੀ ਅਧਿਕਾਰੀਆਂ ਲਈ ਰਿਹਾਇਸ਼ ਲਈ ਇਮਾਰਤ ਦੀ ਉਸਾਰੀ ਹੋਵੇਗੀ । ਉਨ੍ਹਾਂ ਦੱਸਿਆ ਕਿ ਮਾਲੇਰਕੋਟਲਾ ਵਾਸੀਆਂ ਨੂੰ ਮਿਆਰੀ ਸਿਹਤ ਸੇਵਾਵਾਂ ਦੇਣ ਲਈ 9 ਆਮ ਆਦਮੀ ਕਲੀਨਿਕ ਪਹਿਲਾਂ ਹੀ ਕਾਰਜਸ਼ੀਲ ਹਨ ਅਤੇ ਜਲਦੀ ਹੀ 4 ਹੋਰ ਆਮ ਆਦਮੀ ਕਲੀਨਿਕ ਸ਼ੁਰੂ ਕੀਤੇ ਜਾ ਰਹੇ ਹਨ।